ਗਰਮੀ ਦਾ ਕਹਿਰ, 44 ਡਿਗਰੀ ਤੋਂ ਪਾਰ ਹੋਇਆ ਗੁਰਦਾਸਪੁਰ ਦਾ ਤਾਪਮਾਨ

Sunday, May 19, 2024 - 06:02 PM (IST)

ਗਰਮੀ ਦਾ ਕਹਿਰ, 44 ਡਿਗਰੀ ਤੋਂ ਪਾਰ ਹੋਇਆ ਗੁਰਦਾਸਪੁਰ ਦਾ ਤਾਪਮਾਨ

ਗੁਰਦਾਸਪੁਰ (ਵਿਨੋਦ) : ਇਨ੍ਹੀਂ ਦਿਨੀਂ ਪੈ ਰਹੀ ਕਹਿਰ ਦੀ ਗਰਮੀ ਨੇ ਪੂਰੇ ਪੰਜਾਬ ਵਿਚ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ’ਚ ਪਿਛਲੇ ਦੋ-ਤਿੰਨ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਚੋਣ ਪ੍ਰਚਾਰ ’ਚ ਲੱਗੇ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਸਿਆਸੀ ਪਾਰਟੀਆਂ ਦੀਆਂ ਦਿਨ-ਰਾਤ ਦੀਆਂ ਰੈਲੀਆਂ ’ਤੇ ਵੀ ਗਰਮੀ ਦਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਰੈਲੀਆਂ ’ਚ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ। ਜੇਕਰ ਪਿਛਲੇ ਸਾਲਾਂ ’ਤੇ ਨਜ਼ਰ ਮਾਰੀਏ ਤਾਂ ਮਈ ਦੇ ਮਹੀਨੇ ਏਨੀ ਭਿਆਨਕ ਗਰਮੀ ਨਹੀਂ ਪਈ। ਜੋ ਇਸ ਸਮੇਂ ਗਰਮੀ ਪੈ ਰਹੀ ਹੈ, ਉਹ ਆਮ ਤੌਰ ’ਤੇ ਜੂਨ-ਜੁਲਾਈ ਦੇ ਮਹੀਨਿਆਂ ਵਿੱਚ ਹੁੰਦੀ ਹੈ। ਜਿਸ ਤਰ੍ਹਾਂ ਮੌਸਮ ਵਿਭਾਗ ਵਾਰ-ਵਾਰ ਗਰਮੀ ਸਬੰਧੀ ਚਿਤਾਵਨੀਆਂ ਜਾਂ ਅਲਰਟ ਜਾਰੀ ਕਰ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਇਸ ਵਾਰ ਗਰਮੀ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ।

ਇਹ ਵੀ ਪੜ੍ਹੋ-   ਵੱਡੀ ਖ਼ਬਰ : ਪੰਜਾਬ 'ਚ ਕਾਂਗਰਸੀ ਉਮੀਦਵਾਰ ਦੀ ਰੈਲੀ ਦੌਰਾਨ ਹੰਗਾਮਾ, ਗੋਲੀਆਂ ਚੱਲਣ ਦਾ ਦਾਅਵਾ

ਅੱਜ ਗੁਰਦਾਸਪੁਰ ’ਚ ਤਾਪਮਾਨ 44 ਡਿਗਰੀ ਤੋਂ ਪਾਰ ਦਰਜ ਕੀਤਾ ਗਿਆ। ਅੱਤ ਦੀ ਗਰਮੀ ਕਾਰਨ ਬੱਚਿਆਂ ਦੇ ਹੋ ਰਹੇ ਨੁਕਸਾਨ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ 1 ਤੋਂ 30 ਜੂਨ ਤੱਕ ਜਨਤਕ ਛੁੱਟੀਆਂ ਦਾ ਐਲਾਨ ਕੀਤਾ ਹੈ ਪਰ ਜਿਸ ਤਰ੍ਹਾਂ ਦੀ ਗਰਮੀ ਪੈ ਰਹੀ ਹੈ, ਉਸ ਨੂੰ ਦੇਖਦੇ ਹੋਏ ਸਰਕਾਰ ਅਤੇ ਪ੍ਰਸ਼ਾਸਨ ਨੇ ਛੁੱਟੀਆਂ ਵਧਾਉਣ ਦਾ ਫੈਸਲਾ ਕਰ ਸਕਦਾ ਹੈ।

ਇਸ ਸਮੇਂ ਪੈ ਰਹੀ ਗਰਮੀ ਤੋਂ ਲੋਕ ਇੰਨੇ ਪ੍ਰੇਸ਼ਾਨ ਹਨ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਲਾਇਬ੍ਰੇਰੀ ਰੋਡ, ਹਨੂੰਮਾਨ ਚੌਕ, ਤਿੱਬੜੀ ਰੋਡ, ਦੋਰਾਂਗਲਾ ਰੋਡ, ਜੇਲ ਰੋਡ ’ਤੇ ਸੁੰਨਸਾਨ ਹੀ ਰਹੀ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਲੋਕ ਆਪਣੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ। ਜੇਕਰ ਇਹੀ ਹਾਲਾਤ ਰਹੇ ਤਾਂ ਜੂਨ ਅਤੇ ਜੁਲਾਈ ਵਿਚ ਗਰਮੀ ਸਾਰੇ ਰਿਕਾਰਡ ਤੋੜ ਦੇਵੇਗੀ। ਸ਼ਨੀਵਾਰ ਸਵੇਰੇ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂਕਿ ਦੁਪਹਿਰ ਸਮੇਂ ਤਾਪਮਾਨ 43 ਡਿਗਰੀ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਨਾਲੋਂ ਵੱਧ ਹੈ।

ਇਹ ਵੀ ਪੜ੍ਹੋ-  ਹੀਟ ਵੇਵ ਨੇ ਕੱਢੇ ਵੱਟ, ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਮੌਸਮ ਵਿਭਾਗ ਵਾਰ-ਵਾਰ ਚਿਤਾਵਨੀ ਦੇ ਰਿਹੈ

ਸੂਬੇ ’ਚ ਵਧਦੀ ਗਰਮੀ ਦੇ ਮੱਦੇਨਜ਼ਰ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਐਤਵਾਰ ਤੋਂ ਮੰਗਲਵਾਰ ਤੱਕ ਗਰਮੀ ਵਧੇਗੀ। ਜੇਕਰ ਗਰਮੀ ਵਧਦੀ ਹੈ ਤਾਂ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।

ਪੰਛੀਆਂ ਦਾ ਬੁਰਾ ਹਾਲ

ਅੱਤ ਦੀ ਗਰਮੀ ਕਾਰਨ ਕੁਦਰਤੀ ਪਾਣੀ ਦੇ ਸੋਮੇ ਸੁੱਕ ਜਾਣ ਕਾਰਨ ਪੰਛੀਆਂ ਦਾ ਬੁਰਾ ਹਾਲ ਹੈ। ਪਾਣੀ ਦੀ ਭਾਲ ਵਿਚ ਪੰਛੀ ਥਾਂ-ਥਾਂ ਘੁੰਮ ਰਹੇ ਹਨ। ਪੰਛੀਆਂ ਦੀ ਸੁਰੱਖਿਆ ਲਈ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ ’ਤੇ ਸਵੇਰੇ-ਸ਼ਾਮ ਪਾਣੀ ਨਾਲ ਭਰੇ ਬਰਤਨ ਰੱਖਣੇ ਚਾਹੀਦੇ ਹਨ। ਪੰਛੀ ਪ੍ਰੇਮੀਆਂ ਅਨੁਸਾਰ ਸਾਨੂੰ ਪੰਛੀਆਂ ਦੀ ਸੁਰੱਖਿਆ ਲਈ ਪਾਣੀ ਦਾ ਵੱਧ ਤੋਂ ਵੱਧ ਪ੍ਰਬੰਧ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ-   ਸ਼ੱਕੀ ਹਾਲਾਤ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਕੀ ਕਹਿਣਾ ਹੈ ਡਾਕਟਰਾਂ ਦਾ

ਜ਼ਿਲਾ ਗੁਰਦਾਸਪੁਰ ਦੇ ਡਾ. ਕੇ. ਐੱਸ. ਬੱਬਰ ਅਤੇ ਬੱਚਿਆਂ ਦੇ ਮਾਹਿਰ ਡਾ. ਪੀ. ਕੇ. ਮਹਾਜਨ ਨੇ ਕਿਹਾ ਕਿ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ, ਆਪਣੇ ਸਿਰ ’ਤੇ ਤੌਲੀਆ ਜਾਂ ਟੋਪੀ ਪਹਿਨੋ ਜਾਂ ਛੱਤਰੀ ਲੈ ਕੇ ਜਾਓ। ਪਾਣੀ ਦੀ ਬੋਤਲ ਹਮੇਸ਼ਾ ਆਪਣੇ ਨਾਲ ਰੱਖੋ। ਬੱਚਿਆਂ ਨੂੰ ਤੇਜ਼ ਧੁੱਪ ਵਿਚ ਬਹੁਤ ਘੱਟ ਬਾਹਰ ਜਾਣ ਦਿਓ। ਉਨ੍ਹਾਂ ਕਿਹਾ ਕਿ ਜੇਕਰ ਡੀਹਾਈਡ੍ਰੇਸ਼ਨ ਦੀ ਸ਼ਿਕਾਇਤ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News