ByeBye2020 : ਕੋਰੋਨਾ ਆਫ਼ਤ ਕਾਰਨ ਮੂਧੇ ਮੂੰਹ ਡਿੱਗੀ ਸੀ 'ਅਰਥ ਵਿਵਸਥਾ', ਫਿਰ 'V' ਸ਼ੇਪ 'ਚ ਕੀਤੀ ਰਿਕਵਰੀ

Tuesday, Dec 29, 2020 - 05:42 PM (IST)

ByeBye2020 : ਕੋਰੋਨਾ ਆਫ਼ਤ ਕਾਰਨ ਮੂਧੇ ਮੂੰਹ ਡਿੱਗੀ ਸੀ 'ਅਰਥ ਵਿਵਸਥਾ', ਫਿਰ 'V' ਸ਼ੇਪ 'ਚ ਕੀਤੀ ਰਿਕਵਰੀ

ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਦੇ ਨਾਲ ਦੁਨੀਆ ਨੂੰ ਹਿਲਾ ਦੇਣ  ਵਾਲੇ 2020 ਸਾਲ ਨੇ ਇਕ ਸਮੇਂ ਤਾਂ ਦੇਸ਼ ਦੀ ਅਰਥਵਿਵਸਥਾ ਨੂੰ ਵੀ ਹਿਲਾ ਦਿੱਤਾ ਸੀ। ਮਾਰਚ ਮਹੀਨੇ ਦੇ ਆਖਰੀ ਹਫਤੇ ’ਚ ਜਦੋਂ ਦੇਸ਼ ਵਿਚ ਲਾਕਡਾਊਨ ਲੱਗਾ ਤਾਂ ਅਰਥਵਿਵਸਥਾ ਵੀ ਠਾਹ ਹੇਠਾਂ ਆ ਡਿੱਗੀ। ਇਸ ਦਾ ਪਹਿਲਾ ਸੰਕੇਤ ਦੇਸ਼  ਦੀ ਜੀ. ਐੱਸ. ਟੀ. ਕੁਲੈਕਸ਼ਨ ਤੋਂ ਮਿਲਿਆ। ਦੇਸ਼  ਦੀ ਜੀ. ਐੱਸ. ਟੀ. ਕੁਲੈਕਸ਼ਨ ਔਸਤ 1 ਲੱਖ ਕਰੋੜ ਰੁਪਏ ਤੋਂ ਡਿੱਗ ਕੇ 32 ਹਜ਼ਾਰ ਕਰੋੜ ਰੁਪਏ ਤਕ ਪਹੁੰਚ ਗਈ ਪਰ ਮਈ ਵਿਚ ਲਾਕਡਾਊਨ ਤੋਂ ਰਾਹਤ ਮਿਲਦਿਆਂ ਹੀ ਇਸ ਨੇ ਰਿਕਵਰੀ ਵਿਖਾਈ ਅਤੇ ਦੇਸ਼ ਵਿਚ ਫੈਸਟੀਵਲ ਸੀਜ਼ਨ ਦੇ ਆਉਂਦਿਆਂ-ਆਉਂਦਿਆਂ ਜੀ. ਐੱਸ. ਟੀ. ਦਾ ਰੈਵੇਨਿਊ 1 ਲੱਖ ਕਰੋੜ ਰੁਪਏ ਪ੍ਰਤੀ ਮਹੀਨਾ ਨੂੰ ਵੀ ਪਾਰ ਕਰ ਗਿਆ।

ਜਦੋਂ ਸਮੁੱਚੀ ਦੁਨੀਆ ਵਿਚ ਕੋਰੋਨਾ ਕਾਰਨ ਲਾਕਡਾਊਨ ਲੱਗਾ ਤਾਂ ਭਾਰਤ ਵਿਚ ਵੀ ਆਰਥਿਕ ਸਥਿਤੀ ਨੂੰ ਲੈ ਕੇ ਚਿੰਤਾ ਪ੍ਰਗਟਾਈ  ਜਾਣ  ਲੱਗੀ। ਜਿਵੇਂ ਹੀ ਲਾਕਡਾਊਨ ਖਤਮ ਹੋਇਆ ਤਾਂ ਇਕੋਨਮੀ ਨੇ ‘ਵੀ’ ਸ਼ੇਪ ’ਚ ਰਿਕਵਰੀ ਕੀਤੀ। ਇਸ ਦਾ ਅਸਰ ਸਰਕਾਰ ਦੇ ਮਾਲੀਏ ’ਤੇ ਵੀ ਨਜ਼ਰ ਆਇਆ। ਲਾਕਡਾਊਨ ਮਾਰਚ ਦੇ ਆਖਰੀ ਹਫਤੇ ’ਚ ਲੱਗਾ ਅਤੇ ਇਸ ਦਾ ਅਸਰ ਮਾਰਚ ਦੀ ਜੀ. ਐੱਸ. ਟੀ. ਦੇ ਮਾਲੀਏ ’ਤੇ ਨਜ਼ਰ ਆਇਆ। 

ਮੈਨੂਫੈਕਚਰਿੰਗ 

ਲਾਕਡਾਊਨ ਲੱਗਦੇ ਹੀ ਮਾਰਚ ਮਹੀਨੇ ਦੇ ਮੁਕਾਬਲੇ ਅਪ੍ਰੈਲ ਮਹੀਨੇ ਦਾ ਜੀ. ਐੱਸ. ਟੀ. ਰੈਵੇਨਿਊ ਲਗਭਗ 67 ਫੀਸਦੀ ਡਿੱਗ ਗਿਆ। ਜਦੋਂ ਸਮੁੱਚੀ ਦੁਨੀਆ ’ਚ ਲਾਕਡਾਊਨ ਲੱਗਾ ਤਾਂ ਦੇਸ਼ ਵਿਚ ਵੀ ਆਰਥਿਕ ਸਥਿਤੀ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾਣ ਲੱਗੀ। ਜਿਵੇਂ ਹੀ ਲਾਕਡਾਊਨ ਹਟਿਆ ਤਾਂ ਇਕੋਨਮੀ ਨੇ ‘ਵੀ’ ਸ਼ੇਪ 'ਚ ਰਿਕਵਰੀ ਕੀਤੀ। ਇਸ ਦਾ ਅਸਰ ਸਰਕਾਰ ਦੇ ਮਾਲੀਏ ’ਤੇ ਵੀ ਨਜ਼ਰ ਆਇਆ।

ਕੋਰੋਨਾ ਕਾਰਣ 2019 ਦੇ ਮੁਕਾਬਲੇ ਜੀ. ਐੱਸ. ਟੀ. ਦੇ ਮਾਲੀਏ ਵਿਚ ਲਗਭਗ 1.36 ਲੱਖ ਕਰੋੜ ਰੁਪਏ  ਦੇ ਨੁਕਸਾਨ ਦਾ ਅਨੁਮਾਨ ਹੈ।

  1. ਜਨਵਰੀ           110828 ਕਰੋੜ
  2. ਫਰਵਰੀ           105366 ਕਰੋੜ
  3. ਮਾਰਚ             97597 ਕਰੋੜ
  4. ਅਪ੍ਰੈਲ            32172 ਕਰੋੜ
  5. ਮਈ                62151 ਕਰੋੜ
  6. ਜੂਨ                90917 ਕਰੋੜ
  7. ਜੁਲਾਈ             87422 ਕਰੋੜ
  8. ਅਗਸਤ            86449 ਕਰੋੜ
  9. ਸਤੰਬਰ             95480 ਕਰੋੜ
  10. ਅਕਤੂਬਰ           105155 ਕਰੋੜ
  11. ਨਵੰਬਰ             104963 ਕਰੋੜ
  12. ਦਸੰਬਰ             100000 ਕਰੋੜ

ਲਾਕਡਾਊਨ ਮਾਰਚ ਦੇ ਆਖਰੀ ਹਫਤੇ ’ਚ ਲੱਗਾ ਅਤੇ ਇਸ ਦਾ ਅਸਰ ਮਾਰਚ ਦੇ ਜੀ.  ਐੱਸ. ਟੀ. ਮਾਲੀਏ ’ਤੇ ਨਜ਼ਰ ਆਇਆ। ਮਾਰਚ ਮਹੀਨੇ ਇਸ ਦਾ ਕੁਲੈਕਸ਼ਨ 97597 ਕਰੋੜ ਰੁਪਏ ਰਿਹਾ। ਲਾਕਡਾਊਨ ਦੇ ਲੱਗਦਿਆਂ ਹੀ ਮਾਰਚ ਮਹੀਨੇ ਦੇ ਮੁਕਾਬਲੇ ਅਪ੍ਰੈਲ ਮਹੀਨੇ ਦਾ ਜੀ.  ਐੱਸ. ਟੀ. ਰੈਵੇਨਿਊ ਲਗਭਗ 67 ਫੀਸਦੀ ਡਿੱਗ ਪਿਆ। ਅਪ੍ਰੈਲ ਮਹੀਨੇ ਕੁਲੈਕਸ਼ਨ 32172 ਕਰੋੜ ਰੁਪਏ ਰਿਹਾ।

ਫੈਸਟੀਵਲ ਸੀਜ਼ਨ ’ਚ ਆਟੋ ਸੈਕਟਰ ’ਚ ਰਿਕਵਰੀ

ਕੋਰੋਨਾ ਤੋਂ ਪੀੜਤ ਆਟੋ ਸੈਕਟਰ ਨੇ ਵੀ ਲਾਕਡਾਊਨ ਹਟਣ ਪਿੱਛੋਂ ਸ਼ਾਨਦਾਰ ਰਿਕਵਰੀ ਵਿਖਾਈ। ਫੈਸਟੀਵਲ ਸੀਜ਼ਨ ਵਿਚ ਵਾਹਨਾਂ ਦੀ ਵਿਕਰੀ ਵੱਡੇ ਪੱਧਰ ’ਤੇ ਹੋਈ। ਮਾਰਚ ਮਹੀਨੇ ਵਿਚ ਮੁਸਾਫਰ ਮੋਟਰ ਗੱਡੀਆਂ ਦੀ ਵਿਕਰੀ ਵਿਚ 55 ਫੀਸਦੀ ਦੀ ਗਿਰਾਵਟ ਵੇਖੀ ਗਈ ਸੀ। ਵਿੱਤੀ ਸਾਲ ਦੇ ਪਹਿਲੇ 3 ਮਹੀਨਿਆਂ (ਅਪ੍ਰੈਲ-ਜੂਨ) ’ਚ ਹੀ ਇੰਡਸਟ੍ਰੀ 75 ਫੀਸਦੀ ਤਕ ਡਿੱਗ ਪਈ। ਨਵੰਬਰ ਮਹੀਨੇ ਦੇ ਆਉਂਦੇ-ਆਉਂਦੇ ਇੰਡਸਟ੍ਰੀ ਨੇ ਮੁੜ ਤੋਂ ਰਫਤਾਰ ਫੜੀ ਅਤੇ ਨਵੰਬਰ ਦੇ ਮਹੀਨੇ ’ਚ ਕਾਰਾਂ ਦੀ ਵਿਕਰੀ ’ਚ 4.65 ਫੀਸਦੀ ਅਤੇ ਦੋਪਹੀਆ ਵਾਹਨਾਂ ਦੀ ਵਿਕਰੀ ’ਚ 13.43 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਸਰਵਿਸ ਸੈਕਟਰ ’ਚ ਰਿਕਵਰੀ ਅਜੇ ਬਾਕੀ

ਭਾਵੇਂ ਲਾਕਡਾਊਨ ਖੁੱਲ੍ਹਣ ਪਿੱਛੋਂ ਦੇਸ਼ ਵਿਚ ਮੈਨੂਫੈਕਚਰਿੰਗ ਸੈਕਟਰ ਅਤੇ ਖਪਤਕਾਰਾਂ ਦੀ ਮੰਗ ਕਾਰਣ ਜੀ. ਐੱਸ. ਟੀ. ’ਚ ਵਾਧਾ ਹੋਇਆ ਪਰ ਸੈਰ-ਸਪਾਟਾ ਤੇ ਹੋਟਲ ਕਾਰੋਬਾਰ ਵਿਚ ਰਿਕਵਰੀ ਹੋਣੀ ਅਜੇ ਬਾਕੀ ਹੈ। ਕੋਰੋਨਾ ਕਾਰਣ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਲੋਕਾਂ ਵਲੋਂ ਸੈਰ-ਸਪਾਟੇ ’ਤੇ ਹੋਣ ਵਾਲਾ ਖਰਚ ਰੁਕ ਗਿ ਆ ਅਤੇ ਦੇਸ਼ ਵਿਚ ਹਾਲਾਤ ਅਜੇ ਆਮ ਵਰਗੇ ਨਹੀਂ ਹੋ ਸਕੇ ਹਨ।

ਐਡਵਾਂਸ ਟੈਕਸ ਕੁਲੈਕਸ਼ਨ ’ਚ ਵੀ ਸੁਧਾਰ

ਇਕੋਨਮੀ ’ਚ ਸੁਧਾਰ ਦਾ ਇਕ ਹੋਰ ਸੰਕੇਤ ਐਡਵਾਂਸ ਟੈਕਸ ਦੇ ਅੰਕੜਿਆਂ ਤੋਂ ਵੀ ਮਿਲਿਆ ਹੈ। ਵਿੱਤੀ ਸਾਲ 2020-21 ਦੀ ਤੀਜੀ ਤਿਮਾਹੀ ’ਚ ਐਡਵਾਂਸ ਟੈਕਸ ’ਚ 49 ਫੀਸਦੀ ਦਾ ਉਛਾਲ ਵੇਖਿਆ ਗਿਆ ਅਤੇ ਇਹ ਵਧ ਕੇ 109506 ਕਰੋੜ ਰੁਪਏ  ਹੋ ਗਿਆ ਹੈ। ਇਹ ਪਹਿਲੀ ਤਿਮਾਹੀ ਵਿਚ ਡਿੱਗ ਕੇ 11714 ਕਰੋੜ ਰੁਪਏ ’ਤੇ ਪਹੁੰਚ ਗਿਆ ਸੀ। ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ ’ਚ ਇਹ 48917 ਕਰੋੜ ਰੁਪਏ  ਸੀ।

ਟੂਰਿਜ਼ਮ ਸੈਕਟਰ ’ਚ 14 ਕਰੋੜ ਲੋਕ ਬੇਰੋਜ਼ਗਾਰ

ਕੋਰੋਨਾ ਨੇ ਉਂਝ ਤਾਂ ਪੂਰੀ ਦੁਨੀਆ ’ਚ ਕਾਰੋਬਾਰ ਨੂੰ ਪ੍ਰਭਾਵਿਤ ਕੀਤਾ ਪਰ ਸਮੁੱਚੀ ਦੁਨੀਆ ਦੇ ਹੋਟਲ ਤੇ ਸੈਰ-ਸਪਾਟੇ ’ਤੇ ਇਸ ਦਾ ਸਭ ਤੋਂ ਮਾੜਾ ਅਸਰ ਪਿਆ। ਵਰਲਡ ਟਰੈਵਲ ਐਂਡ ਟੂਰਿਜ਼ਮ ਦੇ ਅੰਕੜਿਆਂ ਮੁਤਾਬਕ ਕੋਰੋਨਾ ਕਾਰਣ ਸਮੁੱਚੀ ਦੁਨੀਆ ’ਚ 14 ਕਰੋੜ ਤੋਂ ਵੱਧ ਲੋਕਾਂ ਦਾ ਰੋਜ਼ਗਾਰ ਪ੍ਰਭਾਵਿਤ ਹੋਇਆ। ਇਸ ਸੈਕਟਰ ਵਿਚ ਕੰਮ ਕਰਨ ਵਾਲੇ 43 ਫੀਸਦੀ ਲੋਕ ਬੇਰੋਜ਼ਗਾਰ ਹੋ ਗਏ। ਜੇ ਹਾਲਾਤ ’ਚ ਸੁਧਾਰ ਨਾ ਹੋਇਆ ਤਾਂ ਬੇਰੋਜ਼ਗਾਰਾਂ ਦਾ ਇਹ ਅੰਕੜਾ 17 ਕਰੋੜ ਨੂੰ ਪਾਰ ਕਰ ਜਾਵੇਗਾ। ਇਸ ਸੈਕਟਰ ਵਿਚ ਕੰਮ ਕਰਨ ਵਾਲੇ 53 ਫੀਸਦੀ ਲੋਕ ਬੇਰੋਜ਼ਗਾਰ ਹੋ ਜਾਣਗੇ।

ਟੂਰਿਜ਼ਮ ’ਤੇ ਕੋਰੋਨਾ ਦਾ ਅਸਰ

  • ਨੌਕਰੀਆਂ ਗਈਆਂ 14 ਕਰੋੜ
  • ਜੀ. ਡੀ. ਪੀ. ਪ੍ਰਭਾਵਿਤ ਹੋਈ 3815 ਬਿਲੀਅਨ ਡਾਲਰ
  • ਜੇ ਹਾਲਾਤ ਨਾ ਸੁਧਰੇ ਤਾਂ ਨੌਕਰੀਆਂ ਜਾਣਗੀਆਂ 17 ਕਰੋੜ
  • ਜੀ. ਡੀ. ਪੀ. ਪ੍ਰਭਾਵਿਤ ਹੋਵੇਗੀ 4711 ਬਿਲੀਅਨ ਡਾਲਰ

ਜੌਬ ਮਾਰਕੀਟ ’ਚ ਵੀ ਰਿਕਵਰੀ, ਹਾਲਾਤ ਜਨਵਰੀ ਤੋਂ ਚੰਗੇ ਹੋਏ

ਲਾਕਡਾਊਨ ਕਾਰਣ ਪੂਰੇ ਦੇਸ਼ ਵਿਚ ਬੇਰੋਜ਼ਗਾਰੀ ਦਾ ਵੀ ਰਿਕਾਰਡ ਬਣਿਆ। ਦੇਸ਼ ਦੀ ਇਕੋਨਮੀ ’ਤੇ ਨਜ਼ਰ ਰੱਖਣ ਵਾਲੇ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨਮੀ ਦੇ ਅੰਕੜਿਆਂ ਮੁਤਾਬਕ ਅਪ੍ਰੈਲ ’ਚ ਬੇਰੋਜ਼ਗਾਰੀ ਦੀ ਦਰ ਵਧ ਕੇ 23.52 ਫੀਸਦੀ ਪਹੁੰਚ ਗਈ ਸੀ ਅਤੇ ਮਈ ਵਿਚ ਇਹ  ਅੰਕੜਾ 21.73 ਫੀਸਦੀ ਰਿਹਾ। ਉਂਝ ਜਿਵੇਂ ਹੀ ਦੇਸ਼ ਵਿਚ ਲਾਕਡਾਊਨ ਖੁੱਲ੍ਹਿਆ, ਰੋਜ਼ਗਾਰ ਦੇ ਮੋਰਚੇ ’ਤੇ ਵੀ ਸੁਧਾਰ ਸ਼ੁਰੂ ਹੋ ਗਿਆ। ਨਵੰਬਰ ’ਚ ਦੇਸ਼ ਵਿਚ ਬੇਰੋਜ਼ਗਾਰੀ ਦੀ ਦਰ ਮੁੜ ਤੋਂ 6.51 ਫੀਸਦੀ ਤਕ ਪਹੁੰਚ ਗਈ। ਇਹ ਇਸ ਸਾਲ ਜਨਵਰੀ ਦੇ ਮੁਕਾਬਲੇ ਵਧੀਆ ਹੈ। ਜਨਵਰੀ ਵਿਚ ਦੇਸ਼ ’ਚ ਬੇਰੋਜ਼ਗਾਰੀ ਦੀ ਦਰ 7.22 ਫੀਸਦੀ ਸੀ।

ਔਰਤਾਂ ’ਚ ਵਧੇਰੇ ਬੇਰੋਜ਼ਗਾਰੀ

ਕੋਰੋਨਾ ਕਾਲ ਦੌਰਾਨ ਸਭ ਤੋਂ ਵੱਧ ਅਸਰ ਔਰਤਾਂ ਦੇ ਰੋਜ਼ਗਾਰ ’ਤੇ ਪਿਆ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨਮੀ ਦੀ ਸਟਡੀ ਮੁਤਾਬਕ ਲਾਕਡਾਊਨ ਦੌਰਾਨ ਸ਼ਹਿਰਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਦੀ ਨੌਕਰੀ ਜਾਣ ਨਾਲ ਹਾਲਾਤ ਵਧੇਰੇ ਖਰਾਬ ਹੋਏ। ਪਿੰਡਾਂ ’ਚ ਆਰਥਿਕ ਸਰਗਰਮੀਆਂ ਮੱਠੀਆਂ ਹੋਣ  ਕਾਰਣ ਲੇਬਰ ਦੇ ਕੰਮ ਨਾਲ ਜੁੜੀਆਂ ਔਰਤਾਂ ਨੂੰ ਵੀ ਕੰਮ ਨਹੀਂ ਮਿਲਿਆ। 67 ਫੀਸਦੀ ਕੰਮ ਕਰਨ ਯੋਗ ਉਮਰ ਦੇ ਮਰਦ ਰੋਜ਼ਗਾਰ ’ਚ ਲੱਗੇ ਹਨ, ਜਦੋਂਕਿ ਕੰਮ ਕਰਨ ਦੀ ਉਮਰ ਯੋਗ ਔਰਤਾਂ ਵਿਚੋਂ ਸਿਰਫ 9 ਫੀਸਦੀ ਔਰਤਾਂ ਕੋਲ ਕੰਮ ਹੈ।

ਸਟਾਕ ਮਾਰਕੀਟ ’ਚ ਸ਼ੁਰੂ ਹੋਇਆ ਪਾਣੀ ਦਾ ਕਾਰੋਬਾਰ

ਭਵਿੱਖ ’ਚ ਪਾਣੀ ਦੀ ਕਮੀ ਦੀ ਸੰਭਾਵਨਾ ਨੂੰ ਵੇਖਦੇ ਹੋਏ ਵਾਲ ਸਟ੍ਰੀਟ ਵਿਖੇ ਦਸੰਬਰ ਵਿਚ ਸੋਨੇ ਤੇ ਚਾਂਦੀ ਵਾਂਗ ਪਾਣੀ ਦੀ ਟਰੇਡਿੰਗ ਸ਼ੁਰੂ ਕਰ ਦਿੱਤੀ ਗਈ। ਇਸ ਅਧੀਨ ਕਿਸਾਨ ਹੈੱਜ ਫੰਡ ਅਤੇ ਨਗਰ ਨਿਗਮ ਆਪਣੀ ਪਾਣੀ ਦੀ ਲੋੜ ਮੁਤਾਬਕ ਇਸ ਸਬੰਧੀ ਸੌਦੇ ਕਰ ਸਕਦੇ ਹਨ। ਪੂਰੀ ਦੁਨੀਆ ਵਿਚ ਪੌਣ-ਪਾਣੀ ਦੀ ਤਬਦੀਲੀ ਹੋ ਰਹੀ ਹੈ। ਨਾਲ ਹੀ ਆਬਾਦੀ ਵੀ ਵਧ  ਰਹੀ ਹੈ। ਇਸ ਕਾਰਣ ਆਉਣ  ਵਾਲੇ ਕੁਝ ਸਾਲਾਂ ਵਿਚ ਪਾਣੀ ਦੀ ਕਮੀ ਮਹਿਸੂਸ ਕੀਤੀ ਜਾ ਸਕਦੀ ਹੈ। ਇਸੇ ਨੂੰ ਧਿਆਨ ਵਿਚ ਰੱਖਦਿਆਂ ਅਮਰੀਕਾ ਵਿਚ ਨੈਸਡੈਕ ਵੇਲਸ ਕੈਲੀਫੋਰਨੀਆ ਵਾਟਰ ਇੰਡੈਕਸ ਦੀ ਸ਼ੁਰੂਆਤ ਕੀਤੀ ਗਈ ਹੈ।

ਇੰਝ ਹੋਈ ਬਾਜ਼ਾਰਾਂ ਦੀ ਰਿਕਵਰੀ

ਉਂਝ ਤਾਂ ਸੰਜਮ ਜੀਵਨ ਦੇ ਹਰ ਖੇਤਰ ’ਚ ਜ਼ਰੂਰੀ ਹੁੰਦਾ ਹੈ ਪਰ 2020 ਸੰਨ ਨਿਵੇਸ਼ਕਾਂ ਨੂੰ ਸਿਖਾ ਗਿਆ ਕਿ ਸ਼ੇਅਰ ਬਾਜ਼ਾਰ ’ਚ ਸੰਜਮ ਕਿੰਨਾ ਜ਼ਰੂਰੀ ਹੁੰਦਾ ਹੈ। ਨਾਲ ਹੀ ਇਹ ਸਿੱਖਿਆ ਵੀ ਦੇ ਗਿਆ ਕਿ ਹਰ ਆਫਤ ਇਕ ਮੌਕਾ ਵੀ ਲੈ ਕੇ ਆਉਂਦੀ ਹੈ।

ਮਾਰਚ ’ਚ ਬਾਜ਼ਾਰ ’ਚ ਮਚੀ ਤਰਥੱਲੀ, ਦਸੰਬਰ ’ਚ ਬਣੇ ਨਵੇਂ ਰਿਕਾਰਡ

ਸਮੁੱਚੀ ਦੁਨੀਆ ’ਚ ਲੱਗੇ ਲਾਕਡਾਊਨ ਦਾ ਸਿੱਧਾ ਅਸਰ ਭਾਰਤੀ ਸ਼ੇਅਰ ਬਾਜ਼ਾਰ ’ਤੇ ਵੀ ਪਿਆ। ਮਾਰਚ ਵਿਚ ਸੈਂਸੈਕਸ ਡਿੱਗ ਕੇ 25981 ਦੇ ਪੱਧਰ ’ਤੇ ਪਹੁੰਚ ਗਿਆ। ਪਿਛਲੇ ਸਾਲ 31 ਦਸੰਬਰ ਨੂੰ ਸੈਂਸੈਕਸ 41,253 ’ਤੇ ਬੰਦ ਹੋਇਆ ਸੀ। 23 ਮਾਰਚ ਤਕ ਇਹ 15272 ਅੰਕ ਡਿੱਗ ਗਿਆ ਪਰ ਜਿਸ ਤੇਜ਼ੀ ਨਾਲ ਇਹ ਡਿੱਗਿਆ, ਓਨੀ ਹੀ ਤੇਜ਼ੀ ਨਾਲ ਇਸ ਵਿਚ ਰਿਕਵਰੀ ਵੀ ਵੇਖਣ  ਨੂੰ ਮਿਲੀ। 5 ਨਵੰਬਰ ਨੂੰ ਇਸ ਨੇ ਆਪਣੇ 31 ਦਸੰਬਰ 2019 ਦੇ ਪੱਧਰ ਨੂੰ ਪਾਰ ਕਰ ਲਿਆ ਅਤੇ ਦਸੰਬਰ ’ਚ ਇਸ ਨੇ ਉਚਾਈ ਦਾ ਇਕ ਨਵਾਂ ਰਿਕਾਰਡ ਬਣਾਉਂਦੇ ਹੋਏ 46890 ਦਾ ਅੰਕੜਾ ਛੂਹ ਲਿਆ।

ਫਾਰਮਾ ਸ਼ੇਅਰ ਚਮਕੇ

ਮਾਰਚ ’ਚ ਕੋਰੋਨਾ ਕਾਰਣ ਲਾਕਡਾਊਨ ਲੱਗਣ ਪਿੱਛੋਂ ਸਭ ਤੋਂ ਵੱਧ ਲਾਭ ਫਾਰਮਾ ਕੰਪਨੀਆਂ ਨੂੰ ਹੋਇਆ। ਇਨ੍ਹਾਂ ਕੰਪਨੀਆਂ ’ਚ ਨਿਵੇਸ਼ ਕਰਨ ਵਾਲੇ ਮਾਲਾਮਾਲ ਹੋ ਗਏ। ਫਾਰਮਾ ਇੰਡੈਕਸ 29 ਜਨਵਰੀ 2019 ਨੂੰ 7 ਹਜ਼ਾਰ ’ਤੇ ਟਰੇਡ ਕਰ ਰਿਹਾ ਸੀ, ਜੋ ਹੁਣ ਵਧ ਕੇ 12,900 ਹੋ ਚੁੱਕਾ ਹੈ।

ਕੰਪਨੀ                 ਵਾਧਾ

ਸਿਪਲਾ                98%

ਕੈਡਿਲਾ                92%

ਓਰੋ                    79%

ਗਲੈਨਮਾਰਕ          91%

ਡਾ. ਰੈਡੀਜ਼           75%

ਡਿਵਾਈਸ            72%

ਬਾਇਓਕੋਨ           72%

ਸਿਪਲੋ                98%

ਸਨ ਫਾਰਮਾ          55%

ਲਿਊਪਿਨ            54%

ਵਾਧੇ ਦੇ ਅੰਕੜੇ ਅੰਦਾਜ਼ਨ,  ਤਬਦੀਲੀ ਸੰਭਵ

ਉੱਡ ਗਏ  ਸਨ ਨਿਵੇਸ਼ਕਾਂ ਦੇ 54 ਲੱਖ ਕਰੋੜ ਰੁਪਏ

ਕੋਰੋਨਾ ਦੇ ਅਸਰ ਨਾਲ ਜਦੋਂ ਸ਼ੇਅਰ ਬਾਜ਼ਾਰਾਂ ਨੇ ਪੁੱਠੀ ਦੌੜ ਲਾਈ ਤਾਂ ਭਾਰਤ ਵਿਚ ਵੀ ਸੈਂਸੈਕਸ ਵਿਚ ਆਈ ਗਿਰਾਵਟ ਨਾਲ ਨਿਵੇਸ਼ਕਾਂ ਦੇ 54 ਲੱਖ ਕਰੋੜ ਰੁਪਏ  ਡੁੱਬ ਗਏ  ਸਨ। 31 ਦਸੰਬਰ 2019 ਨੂੰ ਸੈਂਸੈਕਸ ਦਾ ਮਾਰਕੀਟ ਕੈਪਟਲਾਈਜ਼ੇਸ਼ਨ 155 ਲੱਖ ਕਰੋੜ  ਸੀ, ਜੋ 23 ਮਾਰਚ ਨੂੰ 110 ਲੱਖ ਕਰੋੜ ਰੁਪਏ   ਰਹਿ ਗਿਆ ਅਤੇ ਨਿਵੇਸ਼ਕਾਂ ਦੇ 54 ਲੱਖ ਕਰੋੜ ਰੁਪਏ ਉੱਡ ਗਏ। 24 ਦਸੰਬਰ ਨੂੰ ਸੈਂਸੈਕਸ ਦਾ ਮਾਰਕੀਟ ਕੈਪਟਲਾਈਜ਼ੇਸ਼ਨ 185 ਲੱਖ ਕਰੋੜ ਹੋ ਗਿਆ ਅਤੇ ਇਸ ਵਿਚ ਪਿਛਲੇ ਸਾਲ ਦੇ ਮੁਕਾਬਲੇ 30 ਲੱਖ ਕਰੋੜ ਦਾ ਵਾਧਾ ਹੋਇਆ ਹੈ।

ਪਾਣੀ ਨਾਲੋਂ ਸਸਤਾ ਹੋਇਆ ਕੱਚਾ ਤੇਲ

ਕੋਰੋਨਾ ਦੀ ਮਹਾਮਾਰੀ ਕਾਰਣ ਇਸ ਸਾਲ ਕੱਚੇ ਮਾਲ ਦੀਆਂ ਕੀਮਤਾਂ ਨੇ ਵੀ ਗਿਰਾਵਟ ਦਾ ਇਤਿਹਾਸ ਬਣਾਇਆ। ਪੂਰੀ ਦੁਨੀਆ ਵਿਚ ਲਾਕਡਾਊਨ ਦਰਮਿਆਨ ਕੱਚੇ ਤੇਲ ਦੇ ਰੇਟ 11 ਡਾਲਰ ਪ੍ਰਤੀ ਬੈਰਲ ਤਕ ਪਹੁੰਚ ਗਏ  ਅਤੇ ਕੱਚਾ ਤੇਲ ਪਾਣੀ (ਮਿਨਰਲ ਵਾਟਰ) ਨਾਲੋਂ ਵੀ ਸਸਤਾ ਹੋ ਗਿਆ। ਅਜਿਹਾ ਪੂਰੀ ਦੁਨੀਆ ਵਿਚ ਟਰਾਂਸਪੋਰਟ ਸਰਗਰਮੀਆਂ ਠੱਪ ਹੋਣ  ਕਾਰਣ ਹੋਇਆ। ਹਾਲਾਂਕਿ ਹੁਣ ਇਹ ਇਕ ਵਾਰ ਫਿਰ 47 ਡਾਲਰ ਦੇ ਲਗਭਗ ਪਹੁੰਚ ਗਿਆ  ਹੈ ਪਰ ਫਿਰ ਵੀ ਇਹ ਜਨਵਰੀ ਦੇ ਆਪਣੇ 58 ਡਾਲਰ ਪ੍ਰਤੀ ਬੈਰਲ ਦੇ ਪੱਧਰ ਤੋਂ ਕਾਫੀ ਹੇਠਾਂ ਹੈ। ਸਮੁੱਚੀ ਦੁਨੀਆ ਵਿਚ ਕੌਮਾਂਤਰੀ ਉਡਾਣਾਂ ਸੀਮਿਤ ਗਿਣਤੀ ਵਿਚ ਚੱਲ ਰਹੀਆਂ ਹਨ ਅਤੇ ਕਰੂਜ਼ ਕਾਰੋਬਾਰ ਵੀ ਅਜੇ ਨਹੀਂ ਉਭਰਿਆ। ਇਸ ਲਈ ਕੱਚੇ ਤੇਲ ਦੀਆਂ ਕੀਮਤਾਂ ਅਜੇ ਉਭਰਨ ਦੀ ਘੱਟ ਹੀ ਉਮੀਦ ਹੈ।

ਸੋਨਾ–28% ਰਿਟਰਨ

ਸੋਨਾ ਵੀ ਨਿਵੇਸ਼ ਦੇ ਮਾਮਲੇ ਵਿਚ ਖਰਾ ਸਾਬਤ ਹੋਇਆ ਅਤੇ 24 ਦਸੰਬਰ ਤਕ ਇਸ ਵਿਚ ਹੁਣ  ਤਕ ਨਿਵੇਸ਼ਕਾਂ ਨੂੰ 28 ਫੀਸਦੀ ਰਿਟਰਨ ਹਾਸਲ ਹੋ ਚੁੱਕੀ ਹੈ। 31 ਦਸੰਬਰ 2019 ਨੂੰ ਸੋਨੇ ਦਾ ਰੇਟ 40,245 ਰੁਪਏ  ਪ੍ਰਤੀ ਤੋਲਾ ਸੀ, ਜੋ ਹੁਣ ਵਧ ਕੇ 51,695 ਰੁਪਏ ਹੋ ਗਿਆ ਹੈ।

ਚਾਂਦੀ–43% ਰਿਟਰਨ

ਚਾਂਦੀ ਵਿਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦੀ ਵੀ ਖੂਬ ਚਾਂਦੀ ਹੋਈ। ਪਿਛਲੇ ਸਾਲ 31 ਦਸੰਬਰ ਨੂੰ ਚਾਂਦੀ ਦਾ ਰੇਟ 46,711 ਰੁਪਏ ਪ੍ਰਤੀ ਕਿੱਲੋ ਸੀ, ਜੋ ਵਧ ਕੇ 66,900 ਰੁਪਏ  ਪ੍ਰਤੀ ਕਿੱਲੋ ਹੋ ਗਿਆ ਹੈ ਅਤੇ ਚਾਂਦੀ ਨੇ ਇਸ ਸਾਲ ਲਗਭਗ 43 ਫੀਸਦੀ ਰਿਟਰਨ ਦਿੱਤਾ ਹੈ।

2020 ’ਚ 30 ਆਈ. ਪੀ. ਓ., ਰਾਊਟ ਮੋਬਾਇਲ ਤੇ ਬਰਗਰ ਕਿੰਗ ਨੇ 3 ਗੁਣਾ ਕੀਤੇ ਪੈਸੇ

ਦੇਸ਼  ਵਿਚ ਮੰਦੀ ਦੇ ਬਾਵਜੂਦ 30 ਕੰਪਨੀਆਂ ਨੇ ਇਨੀਸ਼ੀਅਲ ਪਬਲਿਕ ਆਫਰ (ਆਈ. ਪੀ. ਓ.) ਰਾਹੀਂ ਬਾਜ਼ਾਰ ਤੋਂ ਪੈਸਾ ਜੁਟਾਉਣ ਦਾ ਜੋਖਮ ਉਠਾਇਆ ਪਰ ਨਿਵੇਸ਼ਕਾਂ ਨੇ ਇਨ੍ਹਾਂ ਆਈ. ਪੀ. ਓਜ਼. ਵਿਚ ਡੱਟ ਕੇ ਨਿਵੇਸ਼ ਕੀਤਾ। ਦਸੰਬਰ ਵਿਚ ਆਏ ਬਰਗਰ ਕਿੰਗ ਤੇ ਮਿਸਿਜ਼ ਬੈਕਟਰਸ ਫੂਡ ਦੇ ਆਈ. ਪੀ. ਓ ਨੇ ਤਾਂ ਸਬਸਕ੍ਰਿਪਸ਼ਨ ਦੇ ਸਾਰੇ ਰਿਕਾਰਡ ਤੋੜ ਸੁੱਟੇ। ਹਾਲਾਂਿਕ ਮਿਸਿਜ਼ ਬੈਕਟਰਸ ਫੂਡ ਲਿਮਟਿਡ ਦੇ ਆਈ. ਪੀ. ਓ. ਦੀ ਟਰੇਡਿੰਗ ਅਜੇ ਸ਼ੁਰੂ ਨਹੀਂ ਹੋਈ ਪਰ ਬਰਗਰ ਕਿੰਗ ਦੇ ਆਈ. ਪੀ. ਓ. ਨੇ ਨਿਵੇਸ਼ਕਾਂ ਦਾ ਪੈਸਾ 3 ਗੁਣਾ ਕਰ ਦਿੱਤਾ। ਇਸ ਸਾਲ ਦਾ ਸਭ ਤੋਂ ਹਿਟ ਆਈ. ਪੀ. ਓ. ਰਾਊਟ ਮੋਬਾਇਲ ਰਿਹਾ, ਜਿਸ ਨੇ ਨਿਵੇਸ਼ਕਾਂ ਦਾ ਪੈਸਾ ਤਿੰਨ ਗੁਣਾ ਤੋਂ ਵੀ ਵੱਧ ਕਰ ਦਿੱਤਾ ਹੈ। ਇਸ ਆਈ. ਪੀ. ਓ. ਦਾ ਆਫਰ ਪ੍ਰਾਈਸ 350 ਰੁਪਏ ਸੀ ਅਤੇ ਇਹ ਲਿਸਟਿੰਗ ਦੇ ਦਿਨ ਹੀ 651 ਰੁਪਏ ’ਤੇ ਬੰਦ ਹੋਇਆ ਸੀ, ਜਦੋਂਕਿ ਹੁਣ ਇਸ ਦਾ ਰੇਟ 1088 ਰੁਪਏ ਪ੍ਰਤੀ ਸ਼ੇਅਰ ਚੱਲ ਰਿਹਾ ਹੈ।

ਇਨ੍ਹਾਂ 5 ਆਈ. ਪੀ. ਓਜ਼. ਨੇ ਮਾਲਾਮਾਲ ਕੀਤੇ ਨਿਵੇਸ਼ਕ

ਕੰਪਨੀ                   ਇਸ਼ੂ ਪ੍ਰਾਈਸ           ਮੌਜੂਦਾ ਕੀਮਤ                ਫਾਇਦਾ

ਰਾਊਟ ਮੋਬਾਇਲ           350                      1088                      738

ਬਰਗਰ ਕਿੰਗ                60                        185                       125

ਹੈਪੀਐਸਟ ਮਾਈਂਡ ਟੈੱਕ  166                       357                        191

ਜਾਂਸ ਕਾਰਪੋਰੇਸ਼ਨ           50                        94                         44

ਗਲੈਂਡ ਫਾਰਮਾ             1500                    2355                       855

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

 

 

 



 


author

Harinder Kaur

Content Editor

Related News