ਮਜੀਠੀਆ ਦੀ ਪੇਸ਼ੀ ਦੌਰਾਨ ਮੁਲਾਜ਼ਮ ਨਾਲ ਕੀਤੀ ਸੀ ਕੁੱਟਮਾਰ, ਇੰਸਪੈਕਟਰ ਖ਼ਿਲਾਫ਼ FIR ਦਰਜ
Thursday, Jul 31, 2025 - 11:16 AM (IST)

ਮੋਹਾਲੀ (ਜੱਸੀ) : ਜ਼ਿਲ੍ਹਾ ਅਦਾਲਤ ਵੱਲੋਂ ਅਦਾਲਤੀ ਕੰਪਲੈਕਸ ਅੰਦਰ ਅਦਾਲਤ ਮੁਲਾਜ਼ਮ ਦੀ ਕੁੱਟਮਾਰ ਦੇ ਦੋਸ਼ ’ਚ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਖ਼ਿਲਾਫ਼ ਐੱਫ. ਆਈ. ਆਰ. ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਆਪਣੇ ਹੁਕਮਾਂ ’ਚ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਕਿਵੇਂ ਉਕਤ ਇੰਸਪੈਕਟਰ ਨੇ ਆਪਣੀ ਸੀਮਾ ਤੋਂ ਬਾਹਰ ਜਾ ਕੇ ਡਿਊਟੀ ਦੌਰਾਨ ਸਰਕਾਰੀ ਕਰਮਚਾਰੀ ਨਾਲ ਗ਼ਲਤ ਵਤੀਰਾ ਕੀਤਾ ਤੇ ਉਸ ਦੀ ਕੁੱਟਮਾਰ ਕੀਤੀ। ਇਹ ਘਟਨਾ 6 ਜੁਲਾਈ 2025 ਦੀ ਹੈ, ਜਦੋਂ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਅਦਾਲਤੀ ਕੰਪਲੈਕਸ ਦੇ ਅੰਦਰ ਬਿਕਰਮ ਮਜੀਠੀਆ ਦੀ ਪੇਸ਼ੀ ਦੌਰਾਨ ਗੇਟ ਖੁੱਲ੍ਹਵਾਉਣ ਨੂੰ ਲੈ ਕੇ ਅਦਾਲਤ ਦੇ ਚੌਂਕੀਦਾਰ ਨਾਲ ਉਲਝ ਪਏ ਸਨ। ਚੌਂਕੀਦਾਰ ਵਲੋਂ ਗੇਟ ਖੋਲ੍ਹਣ ਨੂੰ ਲੈ ਕੇ ਅਦਾਲਤ ਤੋਂ ਇਜਾਜ਼ਤ ਮੰਗੇ ਜਾਣ ਦੀ ਗੱਲ ਕਹੀ ਤਾਂ ਉਕਤ ਇੰਸਪੈਕਟਰ ਨੇ ਚੌਂਕੀਦਾਰ ਕੋਲੋਂ ਜ਼ਬਰਨ ਚਾਬੀਆਂ ਖੋਹ ਲਈਆਂ ਅਤੇ ਉਸ ਦੀ ਕੁੱਟਮਾਰ ਕੀਤੀ। ਇਸ ਘਟਨਾ ਤੋਂ ਤੁਰੰਤ ਬਾਅਦ ਚੌਂਕੀਦਾਰ ਬਲਜੀਤ ਸਿੰਘ ਵਲੋਂ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਨੀਸ਼ ਗੋਇਲ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ।
ਮੈਜਿਸਟ੍ਰੇਟ ਵਲੋਂ ਬਲਜੀਤ ਸਿੰਘ ਨੂੰ ਮੈਡੀਕਲ ਜਾਂਚ ਕਰਾਉਣ ਲਈ ਕਿਹਾ ਗਿਆ ਤਾਂ ਬਲਜੀਤ ਸਿੰਘ ਨੇ ਬਾਅਦ 'ਚ ਪੁਲਸ ਖ਼ਿਲਾਫ਼ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਪਰ ਮੈਜਿਸਟ੍ਰੇਟ ਦੇ ਰੀਡਰ ਪਵਨ ਕੁਮਾਰ ਵਲੋਂ ਇਸ ਘਟਨਾ ਨੂੰ ਅਪਰਾਧ ਦੱਸਦੇ ਹੋਏ ਅਦਾਲਤ 'ਚ ਇਕ ਸ਼ਿਕਾਇਤ ਦਾਇਰ ਕੀਤੀ ਗਈ। ਪੁਲਸ ਨੇ ਜਾਂਚ ਕਰਨ ਤੋਂ ਬਾਅਦ ਵੀ ਮਾਮਲਾ ਦਰਜ ਨਹੀਂ ਕੀਤਾ, ਜਿਸ ਤੋਂ ਬਾਅਦ ਅਦਾਲਤ ਨੇ ਸੀ. ਸੀ. ਟੀ. ਵੀ. ਫੁਟੇਜ ਮੰਗਵਾਈ ਅਤੇ ਉਕਤ ਫੁਟੇਜ ਨੂੰ ਦੇਖਣ ਤੋਂ ਬਾਅਦ ਪਾਇਆ ਕਿ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਦਾ ਸਲੀਕਾ ਅਪਰਾਧਕ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਉਕਤ ਮਾਮਲਾ ਨਿੱਜੀ ਨਹੀਂ ਹੈ, ਸਗੋਂ ਡਿਊਟੀ 'ਤੇ ਤਾਇਨਾਤ ਇਕ ਸਰਕਾਰੀ ਮੁਲਾਜ਼ਮ ਨਾਲ ਕੀਤੀ ਗਈ ਹਿੰਸਾ ਹੈ, ਜੋ ਕਿ ਇਕ ਅਪਰਾਧ ਹੈ।
ਅਦਾਲਤ ਨੇ ਥਾਣਾ ਸੋਹਾਣਾ ਪੁਲਸ ਨੂੰ ਹੁਕਮ ਕੀਤੇ ਹਨ ਕਿ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਖ਼ਿਲਾਫ਼ ਧਾਰਾ 115(2) (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 132 (ਸਰਕਾਰੀ ਕਰਮਚਾਰੀ ਨੂੰ ਡਿਊਟੀ ਤੋਂ ਰੋਕਣ ਲਈ ਹਮਲਾ ਕਰਨਾ ਜਾਂ ਅਪਰਾਧਿਕ ਤਾਕਤ ਦੀ ਵਰਤੋਂ ਕਰਨਾ), 221 (ਸਰਕਾਰੀ ਕਰਮਚਾਰੀ ਨੂੰ ਡਿਊਟੀ ਨਿਭਾਉਣ ਵਿਚ ਰੁਕਾਵਟ ਪਾਉਣਾ) ਅਤੇ ਭਾਰਤੀ (ਬੀਐਨਐਸ) ਦੀ ਧਾਰਾ 304 (ਖੋਹ) ਦੇ ਨਾਲ-ਨਾਲ ਜਾਂਚ ਦੌਰਾਨ ਸਾਹਮਣੇ ਆਈਆਂ ਹੋਰ ਧਾਰਾਵਾਂ ਦੇ ਤਹਿਤ ਐਫ. ਆਈ. ਆਰ. ਦਰਜ ਕੀਤੀ ਜਾਵੇ। ਅਦਾਲਤ ਨੇ ਇਹ ਹੁਕਮ ਵੀ ਕੀਤੇ ਹਨ ਕਿ ਇਸ ਕੇਸ ’ਚ ਐੱਫ. ਆਈ. ਆਰ. ਦਰਜ ਕਰਕੇ ਉਸਦੀ ਕਾਪੀ ਅਦਾਲਤ ਨੂੰ ਭੇਜੀ ਜਾਵੇ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਵੀਰਵਾਰ ਨੂੰ ਤੈਅ ਕੀਤੀ ਗਈ ਹੈ।