ਸਰਕਾਰ ਦੇ ਪਿਟਾਰੇ 'ਚ ਤੁਹਾਡੇ ਲਈ ਕੀ ਨੇ ਸੌਗਾਤਾਂ, 1 ਫਰਵਰੀ ਨੂੰ ਉੱਠੇਗਾ ਪਰਦਾ

01/04/2020 2:36:09 PM

ਨਵੀਂ ਦਿੱਲੀ— ਇਨਕਮ ਟੈਕਸ 'ਚ ਕੋਈ ਰਾਹਤ ਮਿਲੇਗੀ ਜਾਂ ਨਹੀਂ? ਮਹਿੰਗਾਈ ਘੱਟ ਹੋਵੇਗੀ ਜਾਂ ਨਹੀਂ? ਅਰਥਵਿਵਸਥਾ ਨੂੰ ਲੀਹ 'ਤੇ ਲਿਆਉਣ ਲਈ ਸਰਕਾਰ ਕਿਹੜਾ ਕਦਮ ਚੁੱਕੇਗੀ? ਇਹ ਸਾਰੇ ਸਵਾਲ ਅਜਿਹੇ ਹਨ ਜਿਨ੍ਹਾਂ ਦਾ ਜਵਾਬ ਦੇਸ਼ ਦੀ ਜਨਤਾ ਉਡੀਕ ਰਹੀ ਹੈ। ਇਨ੍ਹਾਂ ਸਵਾਲਾਂ ਦਾ ਜਵਾਬ ਤੁਹਾਨੂੰ 1 ਫਰਵਰੀ ਨੂੰ ਮਿਲ ਸਕਦਾ ਹੈ। ਉਸ ਦਿਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 2020-21 ਲਈ ਬਜਟ ਪੇਸ਼ ਕੀਤਾ ਜਾਵੇਗਾ।

1 ਫਰਵਰੀ ਨੂੰ ਸ਼ਨੀਵਾਰ ਹੈ ਅਤੇ ਆਮ ਤੌਰ 'ਤੇ ਉਸ ਦਿਨ ਕਦੇ ਵੀ ਬਜਟ ਪੇਸ਼ ਨਹੀਂ ਕੀਤਾ ਜਾਂਦਾ ਰਿਹਾ ਹੈ। 2015 'ਚ ਰਾਜਗ ਸਰਕਾਰ ਨੇ ਇਸ ਪਰੰਪਰਾ ਨੂੰ ਤੋੜਦੇ ਹੋਏ ਸ਼ਨੀਵਾਰ ਨੂੰ ਬਜਟ ਪੇਸ਼ ਕੀਤਾ ਸੀ।

ਪਰੰਪਰਾ ਮੁਤਾਬਕ ਹੀ ਸਾਲ ਦਾ ਇਹ ਪਹਿਲਾ ਸੰਸਦ ਸੈਸ਼ਨ ਰਾਸ਼ਟਰਪਤੀ ਦੇ ਸੰਬੋਧਨ ਨਾਲ ਸ਼ੁਰੂ ਹੋਵੇਗਾ। ਉਸ ਦਿਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਸੰਸਦ ਦੇ ਦੋਹਾਂ ਸਦਨਾਂ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਨਗੇ ਅਤੇ ਸਰਕਾਰ ਦੀਆਂ ਭਵਿੱਖੀ ਯੋਜਨਾਵਾਂ ਦਾ ਖਰੜਾ ਪੇਸ਼ ਕਰਨਗੇ। ਉਸੇ ਦਿਨ ਸਰਕਾਰ ਸੰਸਦ 'ਚ 2019-20 ਲਈ ਆਰਥਿਕ ਸਰਵੇਖਣ ਵੀ ਪੇਸ਼ ਕਰੇਗੀ। ਬਜਟ ਇਜਲਾਸ ਦੋ ਹਿੱਸਿਆਂ 'ਚ ਹੋਵੇਗਾ। ਪਹਿਲਾ ਸੀਜ਼ਨ 7 ਫਰਵਰੀ ਤੱਕ ਚੱਲਣ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਦੂਜਾ ਹਿੱਸਾ ਮਾਰਚ ਦੇ ਦੂਜੇ ਹਫਤੇ ਸ਼ੁਰੂ ਹੋਵੇਗਾ।
ਉੱਥੇ ਹੀ, ਨਾਗਰਿਕਤਾ ਕਾਨੂੰਨ ਤੇ ਐੱਨ. ਆਰ. ਸੀ. ਨੂੰ ਲੈ ਕੇ ਮਚੇ ਬਵਾਲ ਕਾਰਨ ਬਜਟ ਇਜਲਾਸ ਹੰਗਾਮੇਦਾਰ ਰਹਿ ਸਕਦਾ ਹੈ। ਕਾਂਗਰਸ ਇਸ ਮੁੱਦੇ ਨੂੰ ਠੰਡਾ ਨਹੀਂ ਪੈਣ ਦੇਣਾ ਚਾਹੁੰਦੀ ਅਤੇ ਇਸ ਸਥਿਤੀ 'ਚ ਬਜਟ ਇਜਲਾਸ ਦੌਰਾਨ ਵੀ ਇਹ ਮੁੱਦਾ ਪ੍ਰਬਲ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਆਰਥਿਕਤਾ ਨਾਲ ਜੁੜੇ ਮੁੱਦਿਆਂ 'ਤੇ ਵੀ ਗਰਮਾ-ਗਰਮ ਬਹਿਸ ਹੋਣ ਦੀ ਸੰਭਾਵਨਾ ਹੈ।


Related News