BSNL ਨੇ ਲੈਂਡਲਾਈਨ ਤੋਂ ਫ੍ਰੀ ਕਾਲਿੰਗ ''ਤੇ ਚਲਾਈ ਕੈਂਚੀ
Thursday, Jan 04, 2018 - 01:35 AM (IST)

ਨਵੀਂ ਦਿੱਲੀ (ਇੰਟ.)-ਦੇਸ਼ ਭਰ 'ਚ ਇਕ ਪਾਸੇ ਮੋਬਾਇਲ ਆਪ੍ਰੇਟਰਾਂ 'ਚ ਫ੍ਰੀ ਕਾਲਿੰਗ ਅਤੇ ਜ਼ਿਆਦਾ ਡਾਟਾ ਦੇਣ ਦੀ ਦੌੜ ਲੱਗੀ ਹੋਈ ਹੈ ਪਰ ਬੀ. ਐੱਸ. ਐੱਨ. ਐੱਲ. ਨੇ ਆਪਣੇ ਲੱਖਾਂ ਲੈਂਡਲਾਈਨ ਖਪਤਕਾਰਾਂ ਦੀ ਫ੍ਰੀ ਕਾਲਿੰਗ ਮਿਆਦ 'ਤੇ ਕੈਂਚੀ ਚਲਾ ਦਿੱਤੀ ਹੈ। ਇੰਨਾ ਹੀ ਨਹੀਂ ਐਤਵਾਰ ਨੂੰ ਪੂਰੇ ਦਿਨ ਫ੍ਰੀ ਕਾਲ ਕਰਨ ਦੀ ਸਹੂਲਤ ਪੂਰੀ ਤਰ੍ਹਾਂ ਵਾਪਸ ਲੈ ਲਈ ਹੈ।
ਬੀ. ਐੱਸ. ਐੱਨ. ਐੱਲ. ਦੇ ਕਾਰਪੋਰੇਟ ਦਫ਼ਤਰ ਨੇ ਨਵੇਂ ਸਾਲ 'ਚ ਲੱਖਾਂ ਲੈਂਡਲਾਈਨ ਖਪਤਕਾਰਾਂ ਨੂੰ 1 ਮਈ 2015 ਤੋਂ ਹੁਣ ਤੱਕ ਮਿਲ ਰਹੀ ਨਾਈਟ ਫ੍ਰੀ ਕਾਲਿੰਗ ਸਹੂਲਤ 'ਚ ਢਾਈ ਘੰਟੇ ਦੀ ਕਮੀ ਕਰ ਦਿੱਤੀ ਹੈ। ਹੁਣ ਤੱਕ ਲੈਂਡਲਾਈਨ, ਬਰਾਡਬੈਂਡ, ਕੌਂਬੋ ਅਤੇ ਐੱਫ. ਟੀ. ਟੀ. ਐੱਚ. ਖਪਤਕਾਰਾਂ ਨੂੰ ਰਾਤ 9 ਤੋਂ ਸਵੇਰੇ 7 ਵਜੇ ਤੱਕ ਸਾਰੀਆਂ ਲੋਕਲ ਅਤੇ ਐੱਸ. ਟੀ. ਡੀ. ਕਾਲਾਂ ਮੁਫਤ ਕਰਨ ਦੀ ਸਹੂਲਤ ਮਿਲ ਰਹੀ ਸੀ। ਹੁਣ ਇਹ ਸਹੂਲਤ ਰਾਤ 10:30 ਤੋਂ ਸਵੇਰੇ 6 ਵਜੇ ਤੱਕ ਹੀ ਮਿਲੇਗੀ। ਇੰਨਾ ਹੀ ਨਹੀਂ ਸ਼ਨੀਵਾਰ ਰਾਤ 9 ਤੋਂ ਸੋਮਵਾਰ ਸਵੇਰੇ 7 ਵਜੇ ਤੱਕ ਫ੍ਰੀ ਕਾਲਿੰਗ ਦੀ ਸਹੂਲਤ 'ਚ ਹੁਣ ਐਤਵਾਰ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਯਾਨੀ ਕਿ ਐਤਵਾਰ ਨੂੰ ਹੁਣ ਦਿਨ 'ਚ ਖਪਤਕਾਰ ਫ੍ਰੀ ਕਾਲਿੰਗ ਨਹੀਂ ਕਰ ਸਕਣਗੇ। ਹੈਰਾਨੀ ਦੀ ਗੱਲ ਇਹ ਹੈ ਕਿ ਬੀ. ਐੱਸ. ਐੱਨ. ਐੱਲ. ਨੇ ਆਪਣੇ ਖਪਤਕਾਰਾਂ ਨੂੰ ਕਾਲਿੰਗ ਟਾਈਮ 'ਚ ਕੀਤੀ ਗਈ ਕਟੌਤੀ ਦੀ ਸੂਚਨਾ ਤੱਕ ਨਹੀਂ ਦਿੱਤੀ। ਇਸ ਮਾਮਲੇ 'ਚ ਕਾਰਪੋਰੇਟ ਦਫ਼ਤਰ ਨੇ ਸਾਰੇ ਮੁੱਖ ਜਨਰਲ ਮੈਨੇਜਰਾਂ ਨੂੰ ਪੱਤਰ ਭੇਜ ਦਿੱਤਾ ਹੈ।