BSE ਨੇ ਅਪ੍ਰੈਲ ’ਚ ਸੂਚੀਬੱਧ ਕੰਪਨੀਆਂ ਖਿਲਾਫ ਨਿਵੇਸ਼ਕਾਂ ਦੀਆਂ 344 ਸ਼ਿਕਾਇਤਾਂ ਦਾ ਕੀਤਾ ਨਿਪਟਾਰਾ

Tuesday, May 04, 2021 - 06:01 PM (IST)

ਨਵੀਂ ਦਿੱਲੀ (ਭਾਸ਼ਾ) – ਦੇਸ਼ ਦੇ ਚੋਟੀ ਦੇ ਸਟਾਕ ਐਕਸਚੇਂਜ ਬੀ. ਐੱਸ. ਈ. ਨੇ ਕਿਹਾ ਕਿ ਉਸ ਨੇ ਅਪ੍ਰੈਲ ਮਹੀਨੇ ’ਚ 16 ਸੂਚੀਬੱਧ ਕੰਪਨੀਆਂ ਖਿਲਾਫ ਦਾਇਰ ਕੀਤੀਆਂ ਗਈਆਂ 344 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ। ਐਕਸਚੇਂਜ ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ ਕਿ ਉਸ ਨੇ ਸਰਗਰਮ ਕੰਪਨੀਆਂ ਖਿਲਾਫ 330 ਅਤੇ ਮੁਅੱਤਲ ਕੰਪਨੀਆਂ ਖਿਲਾਫ 14 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ। ਇਨ੍ਹਾਂ ਸ਼ਿਕਾਇਤਾਂ ’ਚ ਪਹਿਲਾਂ ਤੋਂ ਅੱਗੇ ਭੇਜੀਆਂ ਗਈਆਂ ਸ਼ਿਕਾਇਤਾਂ ਵੀ ਸ਼ਾਮਲ ਸਨ।

ਅਪ੍ਰੈਲ ਮਹੀਨੇ ’ਚ ਬੀ. ਐੱਸ. ਈ. ਨੂੰ 200 ਕੰਪਨੀਆਂ ਖਿਲਾਫ ਕੁਲ 463 ਸ਼ਿਕਾਇਤਾਂ ਮਿਲੀਆਂ ਸਨ। ਕੁਲ ਸ਼ਿਕਾਇਤਾਂ ’ਚੋਂ 444 ਸਰਗਰਮ ਕੰਪਨੀਆਂ ਖਿਲਾਫ ਕੀਤੀਆਂ ਗਈਆਂ ਸਨ ਜਦੋਂ ਕਿ ਬਾਕੀ 19 ਮੁਅੱਤਲ ਕੰਪਨੀਆਂ ਖਿਲਾਫ ਸਨ। ਨਿਵੇਸ਼ਕਾਂ ਦੀਆਂ ਸ਼ਿਕਾਇਤਾਂ ’ਚ ਪੈਸੇ ਦਾ ਭੁਗਤਾਨ ਨਾ ਕੀਤਾ ਜਾਣਾ, ਇਕਵਿਟੀ ਸ਼ੇਅਰ ਨਾ ਦਿੱਤਾ ਜਾਣਾ, ਕਰਜ਼ਾ ਸਕਿਓਰਿਟੀਜ਼ ਨਾ ਦਿੱਤਾ ਜਾਣਾ, ਕਾਰਪੋਰੇਟ ਲਾਭ ਨਾ ਦਿੱਤਾ ਜਾਣਾ ਆਦਿ ਸ਼ਾਮਲ ਹਨ। ਉਹ ਕੰਪਨੀਆਂ ਜਿਨ੍ਹਾਂ ਖਿਲਾਫ ਸ਼ਿਕਾਇਤਾਂ ਹਾਲੇ ਵੀ ਪੈਂਡਿੰਗ ਹਨ, ਉਨ੍ਹਾਂ ’ਚ-ਜੇ. ਕੇ. ਫਾਰਮਾਕੇਮ ਲਿਮਟਿਡ, ਟੀਮ ਲੈਬੋਰਟਰੀਜ਼ ਲਿਮਟਿਡ, ਗੁਜਰਾਤ ਨਰਮਦਾ ਫਲਾਈਐਸ਼ ਕੰਪਨੀ ਲਿਮਟਿਡ, ਗੁਜਰਾਤ ਮੈਡੀਟੇਕ, ਗੁਜਰਾਤ ਪਰਸਟ੍ਰਾਪ ਇਲੈਕਟ੍ਰਾਨਿਕਸ ਲਿਮਟਿਡ, ਗਲੋਬਲ ਸਕਿਓਰਿਟੀਜ਼ ਲਿਮਟਿਡ, ਬਲੈਜੋਨ ਮਾਰਬਲਸ, ਸਾਫਟ੍ਰੈਕ ਵੈਂਚਰ ਇਨਵੈਸਟਮੈਂਟ ਲਿਮਟਿਡ, ਵਿਲਾਈ ਇੰਡੀਆ ਲਿਮਟਿਡ ਅਤੇ ਸਪਤਕ ਕੇਮ ਐਂਡ ਬਿਜ਼ਨੈੱਸ ਲਿਮਟਿਡ ਸ਼ਾਮਲ ਹਨ।


Harinder Kaur

Content Editor

Related News