ਰਸੋਈ ਗੈਸ ਗਾਹਕਾਂ ਲਈ ਰਾਹਤ ਭਰੀ ਖ਼ਬਰ, ਸਰਕਾਰ ਨੇ ਕੀਤਾ ਇਹ ਫ਼ੈਸਲਾ

9/2/2020 3:57:50 PM

ਨਵੀਂ ਦਿੱਲੀ— ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਦੇ ਰਸੋਈ ਗੈਸ ਗਾਹਕਾਂ ਲਈ ਰਾਹਤ ਭਰੀ ਖ਼ਬਰ ਹੈ। ਕੰਪਨੀ ਦੇ ਨਿੱਜੀ ਹੱਥਾਂ 'ਚ ਜਾਣ ਪਿੱਛੋਂ ਵੀ ਸਰਕਾਰ ਵੱਲੋਂ ਰਸੋਈ ਗੈਸ (ਐੱਲ. ਪੀ. ਜੀ.) ਗਾਹਕਾਂ ਨੂੰ ਸਬਸਿਡੀ ਮਿਲਦੀ ਰਹੇਗੀ।

ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਨਿੱਜੀ ਕੰਪਨੀ ਵੱਲੋਂ ਬੀ. ਪੀ. ਸੀ. ਐੱਲ. ਨੂੰ ਖਰੀਦਿਆ ਜਾਂਦਾ ਹੈ ਤਦ ਵੀ ਪੈਟਰੋਲੀਅਮ ਮੰਤਰਾਲਾ ਨੇ ਸਬਸਿਡੀ ਬਣਾਈ ਰੱਖਣ ਦਾ ਫ਼ੈਸਲਾ ਕੀਤਾ ਹੈ।

ਸਰਕਾਰ ਦਾ ਇਹ ਤਾਜ਼ਾ ਫੈਸਲਾ ਨਿੱਜੀ ਮਾਰਕਿਟਰਾਂ ਲਈ ਵੀ ਸਬਸਿਡੀ ਐੱਲ. ਪੀ. ਜੀ ਸੈਕਟਰ ਖੋਲ੍ਹ ਸਕਦਾ ਹੈ, ਯਾਨੀ ਇਸ ਕਦਮ ਨਾਲ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਵੀ ਸਬਸਿਡੀ ਵਾਲੀ ਐੱਲ. ਪੀ. ਜੀ. ਵੇਚਣ ਦੀ ਮਨਜ਼ੂਰੀ ਮਿਲ ਸਕਦੀ ਹੈ। ਮੌਜੂਦਾ ਸਮੇਂ ਨਿੱਜੀ ਕੰਪਨੀਆਂ ਸਬਸਿਡੀ ਦੇ ਦਾਇਰੇ 'ਚ ਆਉਣ ਵਾਲੇ ਗਾਹਕਾਂ ਨੂੰ ਐੱਲ. ਪੀ. ਜੀ. ਸਿਲੰਡਰ ਨਹੀਂ ਵੇਚ ਸਕਦੀਆਂ ਹਨ। ਗੌਰਤਲਬ ਹੈ ਕਿ ਬੀ. ਪੀ. ਸੀ. ਐੱਲ. ਦੇ ਤਕਰੀਬਨ 7.2 ਕਰੋੜ ਰਸੋਈ ਗੈਸ ਗਾਹਕ ਹਨ, ਜਿਨ੍ਹਾਂ 'ਚੋਂ 2.3 ਕਰੋੜ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਦਾਇਰੇ 'ਚ ਆਉਂਦੇ ਹਨ।

ਬੀ. ਪੀ. ਸੀ. ਐੱਲ. ਦੇ ਦੇਸ਼ ਭਰ 'ਚ 6,133 ਐੱਲ. ਪੀ. ਜੀ. ਡਿਸਟ੍ਰੀਬਿਊਟਰ ਅਤੇ 51 ਬਾਟਲਿੰਗ ਪਲਾਂਟ ਹਨ। ਸਰਕਾਰ ਬੀ. ਪੀ. ਸੀ. ਐੱਲ. 'ਚ ਆਪਣੀ ਪੂਰੀ 52.98 ਫੀਸਦੀ ਹਿੱਸੇਦਾਰੀ ਵੇਚ ਰਹੀ ਹੈ। ਇਸ ਲਈ ਇਰਾਦਾ ਪੱਤਰ ਦਾਖ਼ਲ ਕਰਨ ਦੀ ਅੰਤਿਮ ਤਾਰੀਖ਼ 30 ਸਤੰਬਰ ਨਿਰਧਾਰਤ ਕੀਤੀ ਗਈ ਹੈ।


Sanjeev

Content Editor Sanjeev