ਬੈਂਟਲੇ ਯੂ. ਕੇ. 'ਚ 1,000 ਨੌਕਰੀਆਂ ਕਰਨ ਜਾ ਰਹੀ ਹੈ ਖਤਮ
Friday, Jun 05, 2020 - 02:42 PM (IST)
ਲੰਡਨ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਨਵੀਆਂ ਕਾਰਾਂ ਦੀ ਮੰਗ 'ਚ ਭਾਰੀ ਗਿਰਾਵਟ ਆਉਣ ਨਾਲ ਲਗਜ਼ਰੀ ਕਾਰ ਨਿਰਮਾਤਾ ਬੈਂਟਲੇ ਵੀ ਬ੍ਰਿਟੇਨ 'ਚ 1,000 ਨੌਕਰੀਆਂ ਘਟਾਉਣ ਜਾ ਰਹੀ ਹੈ, ਜੋ ਕਿ ਉਸ ਦੇ ਕੁੱਲ ਕਾਮਿਆਂ ਦਾ ਇਕ ਚੌਥਾਈ ਹਿੱਸਾ ਹੈ।
ਪਿਛਲੇ ਮਹੀਨੇ ਬੌਸ ਐਡਰਿਅਨ ਹਾਲਮਾਰਕ ਨੇ ਕਿਹਾ ਸੀ ਕਿ ਕੰਪਨੀ ਦੇ ਇਕ ਚੌਥਾਈ ਕਰਮਚਾਰੀ ਲਾਕਡਾਊਨ ਕਾਰਨ ਛੁੱਟੀ 'ਤੇ ਹਨ, ਜਦੋਂ ਕਿ ਇਕ ਹੋਰ ਚੌਥਾਈ ਘਰ ਤੋਂ ਕੰਮ ਕਰ ਰਹੇ ਹਨ। ਹਾਲ ਹੀ 'ਚ ਲਾਕਡਾਊਨ 'ਚ ਢਿੱਲ ਮਿਲਣ 'ਤੇ ਕੰਪਨੀ ਨੇ ਕ੍ਰੀਵ ਫੈਕਟਰੀ 'ਚ ਦੁਬਾਰਾ ਕੰਮ ਸ਼ੁਰੂ ਕੀਤਾ ਹੈ। ਹਾਲਾਂਕਿ, ਕੋਰੋਨਾ ਵਾਇਰਸ ਕਾਰਨ ਨਿਰਮਾਣ ਤੇ ਵਿਕਰੀ ਬੰਦ ਰਹਿਣ ਨਾਲ ਕੰਪਨੀ ਨੂੰ ਵੱਡਾ ਝਟਕਾ ਲੱਗਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਇਕ ਹੋਰ ਲਗਜ਼ਰੀ ਕਾਰ ਨਿਰਮਾਤਾ, ਐਸਟਨ ਮਾਰਟਿਨ ਨੇ ਕਿਹਾ ਸੀ ਕਿ ਉਸ ਨੇ 500 ਨੌਕਰੀਆਂ ਖਤਮ ਕਰਨ ਦੀ ਯੋਜਨਾ ਬਣਾਈ ਹੈ ਕਿਉਂਕਿ ਕੰਪਨੀ ਲਾਗਤ 'ਚ ਕਮੀ ਕਰਨਾ ਚਾਹੁੰਦੀ ਹੈ।
ਉੱਥੇ ਹੀ, ਐੱਸ. ਐੱਮ. ਐੱਮ. ਟੀ. ਟਰੇਡ ਬਾਡੀ ਨੇ ਕਿਹਾ ਕਿ ਪਿਛਲੇ ਮਹੀਨੇ ਯੂ. ਕੇ. 'ਚ ਸਿਰਫ 20,000 ਨਵੀਆਂ ਕਾਰਾਂ ਰਜਿਸਟਰ ਹੋਈਆਂ ਹਨ, ਜੋ ਸਾਲ ਦਰ ਸਾਲ ਦੇ ਆਧਾਰ 'ਤੇ 89 ਫੀਸਦੀ ਘੱਟ ਹਨ। ਇਸ ਤੋਂ ਇਲਾਵਾ ਕਾਰ ਡੀਲਰਸ਼ਿਪ ਲੂਕਰਜ਼ ਨੇ ਵੀ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਯੂ. ਕੇ. 'ਚ ਸ਼ੋਅਰੂਮਾਂ ਦੇ ਬੰਦ ਹੋਣ ਨਾਲ ਹੋਏ ਘਾਟੇ ਨੂੰ ਪੂਰਾ ਕਰਨ ਲਈ 1,500 ਨੌਕਰੀਆਂ 'ਚ ਕਟੌਤੀ ਕਰੇਗੀ।