GST ਵੇਰਵੇ ਵਿਚ ਦੇਰੀ ’ਤੇ ਟੈਕਸ ’ਚ ਰਾਹਤ ਨਾਲ ਛੋਟੇ ਕਾਰੋਬਾਰੀਆਂ ਨੂੰ ਫਾਇਦਾ : ਮਾਹਰ
Sunday, May 30, 2021 - 10:28 AM (IST)
ਨਵੀਂ ਦਿੱਲੀ– ਮਾਹਰਾਂ ਦਾ ਮੰਨਣਾ ਹੈ ਕਿ ਹਰ ਮਹੀਨੇ ਦਾਖਲ ਕੀਤੇ ਜਾਣ ਵਾਲੇ ਜੀ. ਐੱਸ. ਟੀ. ਰਿਟਰਨ ’ਚ ਦੇਰੀ ’ਤੇ ਟੈਕਸ ’ਚ ਰਾਹਤ ਨਾਲ ਛੋਟੇ ਕਾਰੋਬਾਰੀਆਂ ਨੂੰ ਫਾਇਦਾ ਹੋਵੇਗਾ ਅਤੇ ਸਰਕਾਰੀ ਮਾਲੀਏ ’ਚ ਵੀ ਵਾਧਾ ਹੋਵੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ’ਚ ਸ਼ੁੱਕਰਵਾਰ ਨੂੰ ਹੋਈ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਪਰਿਸ਼ਦ ਦੀ ਬੈਠਕ ’ਚ ਮਹੀਨਾਵਾਰ ਰਿਟਰਨ ਭਰਨ ’ਚ ਦੇਰੀ ’ਤੇ ਟੈਕਸਦਾਤਿਆਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਜੀ. ਐੱਸ. ਟੀ. ਆਰ.-3ਬੀ ਦਾਖਲ ਕਰਨ ’ਚ ਦੇਰੀ ’ਤੇ ਲਗਾਏ ਜਾਣ ਵਾਲੇ ਟੈਕਸ ਨੂੰ 500 ਰੁਪਏ ਪ੍ਰਤੀ ਰਿਟਰਨ ਕਰ ਦਿੱਤਾ ਗਿਆ ਹੈ। ਇਹ ਸਹੂਲਤ ਉਨ੍ਹਾਂ ਟੈਕਸਦਾਤਿਆਂ ਲਈ ਹੈ, ਜਿਨ੍ਹਾਂ ਨੇ ਕੋਈ ਟੈਕਸ ਨਹੀਂ ਦੇਣਾ ਹੈ। ਜਿਨ੍ਹਾਂ ਟੈਕਸਦਾਤਿਆਂ ’ਤੇ ਟੈਕਸ ਬਣਦਾ ਹੈ, ਉਨ੍ਹਾਂ ਨੂੰ ਇਸ ਸਥਿਤੀ ’ਚ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਰਿਟਰਨ ਦੇ ਦੇਣੇ ਹੋਣਗੇ, ਬਿਨਾਂ ਸ਼ਰਤ ਅਜਿਹੇ ਰਿਟਰਨ 31 ਅਗਸਤ, 2021 ਤੱਕ ਦਾਖਲ ਕੀਤੇ ਜਾਣ। ਇਸ ਤੋਂ ਇਲਾਵਾ ਪਰਿਸ਼ਦ ਨੇ 2 ਕਰੋੜ ਰੁਪਏ ਤੱਕ ਦੇ ਕਾਰੋਬਾਰ ਵਾਲੇ ਟੈਕਸਦਾਤਿਆਂ ਲਈ ਵਿੱਤੀ ਸਾਲ 2020-21 ਦੀ ਸਾਲਾਨਾ ਿਰਟਰਨ ਨੂੰ ਵਿਕਲਪਿਕ ਕਰ ਦਿੱਤਾ ਹੈ। ਉਥੇ ਹੀ 5 ਕਰੋੜ ਤੋਂ ਵੱਧ ਕਾਰੋਬਾਰ ਵਾਲੇ ਟੈਕਸਦਾਤਿਆਂ ਨੂੰ ਵਿੱਤੀ ਸਾਲ 2020-21 ਲਈ ਫਾਰਮ ਜੀ. ਐੱਸ. ਟੀ. ਆਰ.-9ਸੀ ’ਚ ਸਲਿਊਸ਼ਨ ਲਈ ਇਕ ਵੇਰਵਾ ਦਾਖਲ ਕਰਨ ਦੀ ਸਹੂਲਤ ਹੋਵੇਗੀ।
ਟੈਕਸ ਪਾਰਟਨਰ ਅਭਿਸ਼ੇਕ ਜੈਨ ਨੇ ਕਿਹਾ ਕਿ ਕੁਲ ਮਿਲਾ ਕੇ ਅਜਿਹਾ ਕਿਹਾ ਜਾ ਸਕਦਾ ਹੈ ਕਿ ਪਰਿਸ਼ਦ ਨੇ ਛੋਟੇ ਉਦਯੋਗ ਦੇ ਹਿੱਤਾਂ ’ਤੇ ਵਿਚਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਜ਼ਰੂਰੀ ਰਾਹਤ ਪ੍ਰਦਾਨ ਕੀਤੀ ਹੈ, ਵਿਸ਼ੇਸ਼ ਕਰ ਕੇ ਜਦੋਂ ਤੋਂ ਕਾਰੋਬਾਰ ਮਹਾਮਾਰੀ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।
ਸ਼ਾਰਦੁਲ ਅਮਰਚੰਦ ਮੰਗਲਦਾਸ ਐਂਡ ਕੋ-ਪਾਰਟਨਰ ਰਜਤ ਬੋਸ ਨੇ ਕਿਹਾ ਕਿ ਪਾਲਣਾ ਸਬੰਧੀ ਉਪਾਅ ’ਚ ਛੋਟ ਨਾਲ ਛੋਟੇ ਅਤੇ ਦਰਮਿਆਨੀ ਟੈਕਸਦਾਤਿਆਂ ਨੂੰ ਅਸਥਾਈ ਰਾਹਤ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਪਰਿਸ਼ਦ ਹਾਲਾਂਕਿ ਕੋਵਿਡ ਮਹਾਮਾਰੀ ਕਾਰਨ ਆਮ ਲੋਕਾਂ ਅਤੇ ਉਦਯੋਗ ਨਾਲ ਜੁੜੇ ਪ੍ਰਮੁੱਖ ਬਿੰਦੂਆਂ ’ਤੇ ਕੋਈ ਵੀ ਫੈਸਲਾ ਲੈਣ ’ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਇਸ ਤੋਂ ਇਲਾਵਾ ਟੈਕਸ ਕਨੈਕਟ ਐਡਵਾਇਜ਼ਰੀ ਸਰਵਿਸਿਜ਼ ਐੱਲ. ਐੱਲ. ਪੀ. ਪਾਰਟਨਰ ਵਿਵੇਕ ਜਾਲਾਨ ਨੇ ਕਿਹਾ ਕਿ ਜੀ. ਐੱਸ. ਟੀ. ਆਰ. 9 (ਸਾਲਾਨਾ ਰਿਟਰਨ) ਦਾਖਲ ਕਰਨਾ ਇਕ ਟੈਕਸਦਾਤਾ ਨੂੰ ਵਿੱਤੀ ਸਾਲ ਦੌਰਾਨ ਕੀਤੀ ਗਈ ਕਿਸੇ ਵੀ ਗਲਤੀ ਨੂੰ ਸੁਧਾਰਨ ਦਾ ਆਖਰੀ ਮੌਕਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਬਹੁਤ ਸਾਵਧਾਨੀ ਨਾਲ ਤਿਆਰ ਕੀਤਾ ਜਾਣਾ ਚਾਹੀਦੀ ਹੈ। ਜੀ. ਐੱਸ. ਟੀ. ਵਿਭਾਗ ਜੀ. ਐੱਸ. ਟੀ. ਆਰ. 9 ’ਚ ਆਪਣੇ ਡਾਟਾ ਵਿਸ਼ਲੇਸ਼ਣ ਵਿਭਾਗ ਵਲੋਂ ਕਿਸੇ ਵੀ ਖਾਮੀ ਦਾ ਪਤਾ ਲਗਾਏ ਜਾਣ ’ਤੇ ਨੋਟਿਸ ਜਾਰੀ ਕਰ ਸਕਦਾ ਹੈ।