ਸਸਤੀ ਹੋਈ ਬਾਸਮਤੀ, ਮਿਡਲ ਈਸਟ ’ਚ ਤਣਾਅ ਨਾਲ ਬਰਾਮਦ ਘਟਣ ਦਾ ਅਸਰ

01/15/2020 8:13:31 AM

ਨਵੀਂ ਦਿੱਲੀ— ਬਰਾਮਦਕਾਰਾਂ ਨੇ ਬਾਸਮਤੀ ਦੇ ਸਭ ਤੋਂ ਵੱਡੇ ਖਰੀਦਦਾਰ ਈਰਾਨ ਨੂੰ ਭੇਜੀ ਜਾਣ ਵਾਲੀ ਖੇਪ ਰੋਕ ਦਿੱਤੀ ਹੈ। ਇਸ ਨਾਲ ਵਧੀਆ ਕੁਆਲਿਟੀ ਦੇ ਚੌਲਾਂ ਦਾ ਘਰੇਲੂ ਬਾਜ਼ਾਰ ’ਚ ਸਟਾਕ ਵਧ ਗਿਆ ਹੈ, ਜਿਸ ਕਾਰਣ ਹਫਤੇ ਭਰ ’ਚ ਘਰੇਲੂ ਬਾਜ਼ਾਰ ’ਚ ਬਾਸਮਤੀ ਦੇ ਮੁੱਲ 8 ਤੋਂ 10 ਫ਼ੀਸਦੀ ਤੱਕ ਡਿੱਗ ਗਏ ਹਨ। ਬਰਾਮਦਕਾਰਾਂ ਨੂੰ ਇਸ ਗੱਲ ਦਾ ਡਰ ਹੈ ਕਿ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਵਧਣ ਨਾਲ ਉਨ੍ਹਾਂ ਦੇ ਭੁਗਤਾਨ ’ਚ ਦੇਰੀ ਹੋ ਸਕਦੀ ਹੈ। ਖਾੜੀ ਦੇਸ਼ਾਂ ਨੂੰ ਬਰਾਮਦ ਹੋਣ ਵਾਲੀ ਬਾਸਮਤੀ ਦਾ ਮੁੱਲ ਪਿਛਲੇ 4 ਦਿਨਾਂ ’ਚ ਘਟ ਕੇ 51 ਰੁਪਏ ਪ੍ਰਤੀ ਕਿਲੋ ਰਹਿ ਗਿਆ ਹੈ ਜੋ ਇਕ ਹਫਤੇ ਪਹਿਲਾਂ 55-56 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਆਲ ਇੰਡੀਆ ਰਾਈਸ ਐਕਸਪੋਰਟਰਸ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਿਜੈ ਸੇਠਿਆ ਨੇ ਕਿਹਾ ਕਿ ਬਾਸਮਤੀ ਚੌਲ ਦਾ ਮੁੱਲ ਘਟ ਗਿਆ ਹੈ ਕਿਉਂਕਿ ਬਰਾਮਦਕਾਰ ਈਰਾਨ ਵੱਲੋਂ ਭੁਗਤਾਨ ਨੂੰ ਲੈ ਕੇ ਸਥਿਤੀ ਸਪੱਸ਼ਟ ਨਾ ਹੋਣ ਕਾਰਨ ਸਾਵਧਾਨੀ ਵਰਤ ਰਹੇ ਹਨ। 6 ਮਹੀਨੇ ਪਹਿਲਾਂ ਈਰਾਨ ਨੂੰ ਭੇਜੀ ਗਈ ਖੇਪ ਲਈ 900 ਕਰੋਡ਼ ਰੁਪਏ ਦਾ ਭੁਗਤਾਨ ਅਜੇ ਵੀ ਬਕਾਇਆ ਹੈ।

ਭਾਰਤੀ ਬਾਸਮਤੀ ਦੇ ਸਭ ਤੋਂ ਵੱਡੇ ਖਰੀਦਦਾਰ ਦੇਸ਼ ਈਰਾਨ ਨੂੰ ਬਰਾਮਦ ਰੁਕਣ ਨਾਲ ਭਾਅ ’ਤੇ ਕਾਫ਼ੀ ਅਸਰ ਪਿਆ ਹੈ। ਬਰਾਮਦਕਾਰ ਈਰਾਨ ’ਚ ਬਾਸਮਤੀ ਦੇ ਭੁਗਤਾਨ ਨੂੰ ਲੈ ਕੇ ਡਰੇ ਹੋਏ ਹਨ। ਈਰਾਨ ਦੇ ਨਾਲ ਕਾਰੋਬਾਰ ਦੁਬਾਰਾ ਲੀਹ ’ਤੇ ਲਿਆਉਣ ਲਈ ਬਰਾਮਦਕਾਰਾਂ ਨੇ ਵਣਜ ਮੰਤਰਾਲਾ ਨੂੰ ਖਾੜੀ ਦੇਸ਼ਾਂ ਦੇ ਦਰਾਮਦਕਾਰਾਂ ਤੋਂ ਲੈਟਰ ਆਫ ਕ੍ਰੈਡਿਟ ਜਾਂ ਅਗਾਊਂ ਭੁਗਤਾਨ ਲੈਣ ਦੀ ਇਜਾਜ਼ਤ ਮੰਗਣ ਲਈ ਪੱਤਰ ਲਿਖਿਆ ਹੈ। ਤਣਾਅ ਕਾਰਣ ਬਰਾਮਦਕਾਰਾਂ ਕੋਲ ਬਾਸਮਤੀ ਦਾ ਸਰਪਲਸ ਸਟਾਕ ਹੋ ਗਿਆ ਹੈ, ਜਿਸ ਨਾਲ ਘਰੇਲੂ ਬਾਜ਼ਾਰ ’ਚ ਵੀ ਮੁੱਲ ਡਿੱਗੇ ਹਨ।

ਈਰਾਨ ਨੇ ਮੌਜੂਦਾ ਵਿੱਤੀ ਸਾਲ ’ਚ ਲਗਭਗ 5 ਲੱਖ ਟਨ ਬਾਸਮਤੀ ਦੀ ਦਰਾਮਦ ਕੀਤੀ ਹੈ ਜੋ ਪਿਛਲੇ ਵਿੱਤੀ ਸਾਲ ’ਚ 14.8 ਲੱਖ ਟਨ ਸੀ। ਮਹੀਨਾ ਭਰ ਪਹਿਲਾਂ ਬਰਾਮਦਕਾਰਾਂ ਨੇ ਜੁਲਾਈ, 2019 ਤੱਕ ਭੇਜੀ ਗਈ ਖੇਪ ਲਈ ਭੁਗਤਾਨ ਦਾ ਮਾਮਲਾ ਈਰਾਨੀ ਅਥਾਰਟੀਜ਼ ਦੇ ਸਾਹਮਣੇ ਚੁੱਕਿਆ ਸੀ। ਆਲ ਇੰਡੀਆ ਰਾਈਸ ਐਕਸਪੋਰਟਰਸ ਦੇ ਪ੍ਰੈਜ਼ੀਡੈਂਟ ਨੱਥੀ ਰਾਮ ਗੁਪਤਾ ਨੇ ਕਿਹਾ ਕਿ ਬੈਠਕ ਤੋਂ ਬਾਅਦ ਭੁਗਤਾਨ ਦੇ ਇਕ ਹਿੱਸੇ ਦੇ ਤੌਰ ’ਤੇ 1500 ਕਰੋਡ਼ ਰੁਪਏ ਦੀ ਰਕਮ ਜਾਰੀ ਕੀਤੀ ਗਈ ਸੀ। ਹੁਣ ਕਾਰੋਬਾਰੀਆਂ ਦੀ ਚਿੰਤਾ ਹੈ ਕਿ ਭੁਗਤਾਨ ’ਚ ਦੇਰੀ ਨਾਲ ਉਨ੍ਹਾਂ ਦਾ ਵੱਡਾ ਨੁਕਸਾਨ ਹੋਵੇਗਾ।


Related News