ਬੈਂਕ ਖਾਤਾਧਾਰਕਾਂ ਲਈ ਵੱਡੀ ਖ਼ਬਰ, ਟੈਕਸ ਵਿਭਾਗ ਇਨ੍ਹਾਂ ਵਿਅਕਤੀਆਂ 'ਤੇ ਕੱਸੇਗਾ ਸ਼ਿਕੰਜਾ
Thursday, Sep 03, 2020 - 05:02 PM (IST)

ਨਵੀਂ ਦਿੱਲੀ— ਬੈਂਕ ਖਾਤਿਆਂ 'ਚ ਵੱਡਾ ਲੈਣ-ਦੇਣ ਕਰ ਰਹੇ ਲੋਕਾਂ ਲਈ ਬੁਰੀ ਖ਼ਬਰ ਹੈ। ਮੋਟੀ ਕਮਾਈ ਹੋਣ ਦੇ ਬਾਵਜੂਦ ਟੈਕਸ ਨਹੀਂ ਭਰਨ ਵਾਲਿਆਂ ਨੂੰ ਫੜਨ 'ਚ ਹੁਣ ਬੈਂਕ ਵੀ ਇਨਕਮ ਟੈਕਸ (ਆਈ. ਟੀ.) ਵਿਭਾਗ ਦੀ ਮਦਦ ਕਰਨਗੇ। ਟੈਕਸ ਚੋਰੀ ਫੜਨ 'ਚ ਹੁਣ ਬੈਂਕ ਵੀ ਸਰਕਾਰ ਦੇ 'ਜਾਸੂਸ' ਬਣ ਗਏ ਹਨ।
ਬੈਂਕ ਉਨ੍ਹਾਂ ਗਾਹਕਾਂ 'ਤੇ ਨਜ਼ਰ ਰੱਖਣਗੇ ਜੋ ਸਾਲਾਨਾ ਲੱਖਾਂ ਰੁਪਏ ਕਢਵਾਉਂਦੇ ਜਾਂ ਖਰਚ ਕਰਦੇ ਹਨ। ਤੁਹਾਡੇ ਪੈਨ ਨੰਬਰ ਨਾਲ ਬੈਂਕਾਂ ਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਇਨਕਮ ਟੈਕਸ ਭਰਦੇ ਹੋ ਜਾਂ ਨਹੀਂ।
ਇਨਕਮ ਟੈਕਸ ਵਿਭਾਗ ਨੇ ਜੋ ਲੋਕ ਟੈਕਸ ਨਹੀਂ ਭਰਦੇ ਪਰ ਵੱਡੀ ਮਾਤਰਾ 'ਚ ਪੈਸੇ ਕਢਵਾਉਂਦੇ ਹਨ ਉਨ੍ਹਾਂ 'ਤੇ ਨਜ਼ਰ ਰੱਖਣ ਲਈ ਬੈਂਕਾਂ ਨੂੰ ਕੁਝ ਵਿਸ਼ੇਸ਼ ਅਧਿਕਾਰ ਦਿੱਤੇ ਹਨ।
ਸੀ. ਬੀ. ਡੀ. ਟੀ. ਨੇ 31 ਅਗਸਤ ਨੂੰ ਜਾਰੀ ਇਕ ਨੋਟੀਫਿਕੇਸ਼ਨ 'ਚ ਸ਼ਡਿਊਲ ਵਪਾਰਕ ਬੈਂਕਾਂ ਨੂੰ ਇਨਕਮ ਟੈਕਸ ਵਿਭਾਗ ਦੀ ਉਸ ਸੂਚੀ 'ਚ ਸ਼ਾਮਲ ਕਰ ਦਿੱਤਾ ਹੈ ਜਿਨ੍ਹਾਂ ਦੇ ਨਾਲ ਇਨਕਮ ਟੈਕਸ ਵਿਭਾਗ ਸੂਚਨਾਵਾਂ ਸਾਂਝਾ ਕਰ ਸਕਦਾ ਹੈ। ਆਈ. ਟੀ. ਵਿਭਾਗ ਦਾ ਕਹਿਣਾ ਹੈ ਕਿ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਵੱਡੀ ਮਾਤਰਾ 'ਚ ਨਕਦੀ ਕਢਾਉਣ ਵਾਲੇ ਕਈ ਵਿਅਕਤੀਆਂ ਨੇ ਕਦੇ ਵੀ ਇਨਕਮ ਟੈਕਸ ਰਿਟਰਨ ਦਾਖ਼ਲ ਨਹੀਂ ਕੀਤੀ ਹੈ। ਬੈਂਕਾਂ ਨੂੰ ਦਿੱਤੀ ਗਈ ਸੁਵਿਧਾ ਨਾਲ ਵੱਡੀ ਮਾਤਰਾ 'ਚ ਨਕਦੀ ਕਢਾਉਣ ਵਾਲੇ ਤੇ ਰਿਟਰਨ ਦਾਖ਼ਲ ਨਹੀਂ ਕਰਨ ਵਾਲੇ ਲੋਕਾਂ 'ਤੇ ਨਜ਼ਰ ਰੱਖੀ ਜਾ ਸਕੇਗੀ।
ਇਸ ਦੇ ਨਾਲ ਹੀ ਬੈਂਕਾਂ ਨੂੰ ਇਹ ਨਿਰਧਾਰਤ ਕਰਨ 'ਚ ਵੀ ਆਸਾਨੀ ਹੋ ਜਾਏਗੀ ਕਿ ਉਨ੍ਹਾਂ ਨੂੰ ਕਿਹੜੇ ਗਾਹਕ ਦਾ ਟੀ. ਡੀ. ਐੱਸ. ਕੱਟਣਾ ਹੈ ਅਤੇ ਕਿਹੜੇ ਦਾ ਨਹੀਂ। ਸਰਕਾਰ ਦੇ ਇਸ ਕਦਮ ਦਾ ਮਕਸਦ ਟੈਕਸ ਚੋਰੀ 'ਤੇ ਲਗਾਮ ਲਾਉਣਾ ਅਤੇ ਦੇਸ਼ 'ਚ ਟੈਕਸ ਦਾ ਦਾਇਰਾ ਵਧਾਉਣਾ ਹੈ।