ਕਰਜ਼ਾ ਵੰਡ ’ਤੇ ਬੈਂਕਰਾਂ ’ਚ ਜ਼ਰੂਰੀ ਭਰੋਸੇ ਦੀ ਕਮੀ : ਰੇਣੂ ਸੂਦ ਕਰਨਾਡ​​​​​​​

01/01/2020 10:53:22 AM

ਨਵੀਂ ਦਿੱਲੀ — ਮਾਰਗੇਜ ਘਰ ਲਈ ਕਰਜ਼ਾ ਦੇਣ ਵਾਲੇ ਐੱਚ. ਡੀ. ਐੱਫ. ਸੀ. ’ਚ 2010 ਤੋਂ ਪ੍ਰਬੰਧ ਨਿਰਦੇਸ਼ਕ ਦੀ ਜ਼ਿੰਮੇਵਾਰੀ ਸੰਭਾਲ ਰਹੀ ਰੇਣੂ ਸੂਦ ਕਰਨਾਡ ਨੇ ਇਕ ਇੰਟਰਵਿਊ ’ਚ ਇਸ ਖੇਤਰ ਦੀ ਸਥਿਤੀ ਅਤੇ ਨੀਤੀ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦਾ ਇਹ ਕਹਿਣਾ ਸਹੀ ਹੈ ਕਿ ਬੈਂਕਾਂ ’ਚ ਕੋਈ ਨਕਦੀ ਦੀ ਸਮੱਸਿਆ ਨਹੀਂ ਹੈ। ਬੈਂਕ ਕਰਜ਼ਾ ਨਹੀਂ ਦੇ ਰਹੇ ਹਨ ਕਿਉਂਕਿ ਉਹ ਉਧਾਰੀ ਨੂੰ ਲੈ ਕੇ ਡਰੇ ਹੋਏ ਹਨ। ਹਾਲਾਂਕਿ ਪ੍ਰਧਾਨ ਮੰਤਰੀ ਇਹ ਕਹਿ ਚੁੱਕੇ ਹਨ ਕਿ ਅਸਲ ਵਪਾਰਕ ਫੈਸਲਿਆਂ ’ਤੇ ਸਵਾਲ ਨਹੀਂ ਚੁੱਕੇ ਜਾਣਗੇ ਪਰ ਬੈਂਕਰਾਂ ਦਰਮਿਆਨ ਕਰਜ਼ਾ ਵੰਡ ਨੂੰ ਲੈ ਕੇ ਜ਼ਰੂਰੀ ਭਰੋਸੇ ਦੀ ਕਮੀ ਹੈ। ਮੈਡਮ ਕਰਨਾਡ ਨਾਲ ਹੋਈ ਗੱਲਬਾਤ ਦੇ ਪੇਸ਼ ਹਨ ਮੁੱਖ ਅੰਸ਼ :

ਪ੍ਰ : ਘਰ ਲਈ ਕਰਜ਼ਾ ਮੰਗ ਕਿਵੇਂ ਦੀ ਹੈ ਅਤੇ ਇਹ ਕਿਨ੍ਹਾਂ ਖੇਤਰਾਂ ਤੋਂ ਜ਼ਿਆਦਾ ਹੈ?

ਜਵਾਬ : ਮੁੰਬਈ ਤੋਂ ਘਰ ਲਈ ਕਰਜ਼ਾ ਮੰਗ ’ਚ ਸੁਧਾਰ ਆ ਰਿਹਾ ਹੈ, ਪੁਣੇ ਅਤੇ ਬੇਂਗਲੁਰੂ ਵਧੀਆ ਪ੍ਰਦਰਸ਼ਨ ਕਰ ਰਹੇ ਹਨ, ਦਿੱਲੀ ਅਤੇ ਚੇਨਈ ਇਸ ਸੰਦਰਭ ’ਚ ਮੁਕਾਬਲਤਨ ਰੂਪ ’ਚ ਕਮਜ਼ੋਰ ਹਨ। ਨਹੀਂ ਤਾਂ ਸਾਰੇ ਸਥਾਨ, ਸਾਰੇ ਸ਼ਹਿਰ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ। ਨਵੇਂ ਕਰਜ਼ਿਆਂ ਲਈ ਅਰਜ਼ੀਆਂ ਦੀ ਗਿਣਤੀ ਹਰ ਜਗ੍ਹਾ ਵਧੀ ਹੈ ਅਤੇ ਜ਼ਿਆਦਾਤਰ ਮੰਗ ਟੀਅਰ-2 ਸ਼ਹਿਰਾਂ ਤੋਂ 1 ਕਰੋਡ਼ ਰੁਪਏ ਤੋਂ ਘੱਟ ਦੀ ਕੀਮਤ ਦੇ ਮਕਾਨਾਂ ਅਤੇ 20 ਤੋਂ 50 ਲੱਖ ਰੁਪਏ ਦੇ ਦਰਮਿਆਨ ਦੀ ਕੀਮਤ ਦੇ ਸਸਤੇ ਮਕਾਨਾਂ ਤੋਂ ਆ ਰਹੀ ਹੈ।

ਪ੍ਰ. : ਸਸਤਾ ਘਰ ਖੇਤਰ ਕਿਵੇਂ ਦਾ ਪ੍ਰਦਰਸ਼ਨ ਕਰ ਰਿਹਾ ਹੈ? ਕੀ 2020 ’ਚ ਇਸ ’ਚ ਹੋਰ ਤੇਜ਼ੀ ਆਵੇਗੀ?

ਜ. : ਮੇਰਾ ਮੰਨਣਾ ਹੈ ਕਿ ਇਸ ਖੇਤਰ ’ਚ ਪਹਿਲਾਂ ਹੀ ਤੇਜ਼ੀ ਆ ਚੁੱਕੀ ਹੈ। ਜੇਕਰ ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀ. ਐੱਮ. ਏ. ਵਾਈ.) ਨੂੰ ਵੇਖੀਏ ਤਾਂ ਪਤਾ ਲੱਗੇਗਾ ਕਿ ਅਸੀਂ ਸਿਰਫ਼ ਲਗਭਗ 3 ਸਾਲਾਂ ’ਚ 1,40,000 ਤੋਂ ਜ਼ਿਆਦਾ ਅਰਜ਼ੀਆਂ ਦਰਜ ਕੀਤੀਆਂ। ਇਹ ਸਾਰੇ ਨਵੇਂ ਮਕਾਨ ਮਾਲਕ ਹਨ, ਇਸ ਲਈ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਲੋਕ ਮਕਾਨ ਦੇ ਮਾਲਕ ਬਣ ਰਹੇ ਹਨ।

ਪ੍ਰ. : ਕੀ ਤੁਸੀਂ ਮੰਨਦੇ ਹੋ ਕਿ ਨਾਨ-ਇੰਡੀਵਿਜ਼ੂਅਲ ਸੈਗਮੈਂਟ ’ਚ ਜਾਇਦਾਦ ਗੁਣਵੱਤਾ ’ਤੇ ਦਬਾਅ ਬਣਿਆ ਰਹੇਗਾ ਜਾਂ ਫਿਰ ਇਸ ’ਚ ਸੁਧਾਰ ਆਵੇਗਾ? ਕੀ ਤੁਸੀਂ ਇਸ ਸੈਗਮੈਂਟ ਨੂੰ ਕਰਜ਼ਾ ਦੇਣ ’ਚ ਚੌਕਸੀ ਵਰਤ ਰਹੇ ਹੋ?

ਜ. : ਨਾਨ-ਇੰਡੀਵਿਜ਼ੂਅਲ ਸ਼੍ਰੇਣੀ ਨੂੰ ਲੈ ਕੇ ਅਸੀਂ ਚੌਕਸ ਹਾਂ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਕਈ ਕਾਰਣਾਂ ਨਾਲ ਵਿਕਰੀ ਘਟੀ ਹੈ। ਇਕ ਸਾਲ ਦੀ ਮਿਆਦ ’ਚ ਨੋਟਬੰਦੀ, ਰੇਰਾ ਅਤੇ ਜੀ. ਐੱਸ. ਟੀ. ਸਾਹਮਣੇ ਆਏ। ਇਸ ਨਾਲ ਕੁਝ ਹੱਦ ਤੱਕ ਅਨਿਸ਼ਚਿਤਤਾ ਪੈਦਾ ਹੋਈ ਅਤੇ ਲੋਕਾਂ ਨੇ ਘਰ ਦੀ ਖਰੀਦਦਾਰੀ ਟਾਲ ਦਿੱਤੀ ਸੀ ਕਿਉਂਕਿ ਉਨ੍ਹਾਂ ਨੂੰ ਸਮੇਂ ’ਤੇ ਘਰ ਮਿਲਦੇ ਨਹੀਂ ਦਿਸ ਰਹੇ ਸਨ। ਮੇਰਾ ਮੰਨਣਾ ਹੈ ਕਿ ਸਥਿਤੀ ’ਚ ਸੁਧਾਰ ਲਈ ਸਾਨੂੰ ਡਿਵੈੱਲਪਰਾਂ ਨੂੰ 6 ਮਹੀਨਿਆਂ ਤੋਂ ਲੈ ਕੇ 3 ਤਿਮਾਹੀਆਂ ਤੱਕ ਦਾ ਸਮਾਂ ਦੇਣ ਦੀ ਜ਼ਰੂਰਤ ਹੈ।

ਪ੍ਰ. : ਆਪਣੀ ਬੈਲੇਂਸ ਸ਼ੀਟ ਮਜ਼ਬੂਤ ਬਣਾਉਣ ਲਈ ਐੱਚ. ਡੀ. ਐੱਫ. ਸੀ. ਕੀ ਯੋਜਨਾ ਬਣਾ ਰਿਹਾ ਹੈ?

ਜ. : ਬੁਰੇ ਵਕਤ ਦੌਰਾਨ ਵਹੀ-ਖਾਤੇ ’ਚ ਵਾਧੂ ਨਕਦੀ ਰੱਖਣਾ ਚੰਗੀ ਗੱਲ ਹੈ। ਇਸ ਨਾਲ ਵਿਕਾਸ ਦੀ ਸੰਭਾਵਨਾ ਤਲਾਸ਼ਣ ਲਈ ਭਰੋਸਾ ਪੈਦਾ ਹੁੰਦਾ ਹੈ ਕਿਉਂਕਿ ਅਜਿਹੇ ਸਮੇਂ ਦੌਰਾਨ ਚੰਗੀਆਂ ਜਾਇਦਾਦਾਂ ਸਹੀ ਕੀਮਤ ’ਤੇ ਉਪਲੱਬਧ ਹੋ ਸਕਦੀਆਂ ਹਨ। ਜਿਵੇਂ ਕ‌ਿ ਤੁਸੀਂ ਜਾਣਦੇ ਹੋ, ਅਸੀਂ ਹਾਲ ’ਚ ਇਕ ਸਿਹਤ ਬੀਮਾ ਕੰਪਨੀ ’ਚ ਹਿੱਸੇਦਾਰੀ ਖਰੀਦੀ ਹੈ ਅਤੇ ਇਕ ਵਿੱਦਿਅਕ ਵਿੱਤੀ ਕੰਪਨੀ ’ਚ ਆਪਣੀ ਹਿੱਸੇਦਾਰੀ 90 ਤੋਂ ਵਧਾ ਕੇ 100 ਫ਼ੀਸਦੀ ਕੀਤੀ ਹੈ। ਅਸੀਂ ਚੰਗੇ ਆਵਾਸ ਵਿੱਤ ਪੋਰਟਫੋਲੀਓ ਖਰੀਦਣ ਲਈ ਆਜ਼ਾਦ ਹਾਂ, ਬਸ਼ਰਤੇ ਕਿ ਉਹ ਸਾਡੇ ਮਾਪਦੰਡਾਂ ਦੇ ਬਰਾਬਰ ਹੋਣ।

ਪ੍ਰ. : ਰੀਅਲ ਅਸਟੇਟ ’ਚ ਹਾਲਾਤ ਸੌਖਾਲੇ ਬਣਾਉਣ ਲਈ ਕੀ ਕੀਤਾ ਜਾ ਸਕਦਾ ਹੈ?

ਜ. : ਕੇਂਦਰ ਸਰਕਾਰ ਵੱਲੋਂ ਐਲਾਨਿਆ 25,000 ਕਰੋਡ਼ ਰੁਪਏ ਦਾ ਫੰਡ ਇਕ ਵਧੀਆ ਕਦਮ ਹੈ ਪਰ ਇਸ ਸੈਕਟਰ ਨੂੰ ਸਥਿਤੀ ’ਚ ਸੁਧਾਰ ਦੀ ਵੀ ਜ਼ਰੂਰਤ ਹੈ। ਹਾਂ-ਪੱਖੀ ਬਦਲਾਅ ਆ ਰਹੇ ਹਨ ਪਰ ਬਿਲਡਰਾਂ ਨੂੰ ਅਜੇ ਵੀ ਰਾਸ਼ੀ ਨਹੀਂ ਮਿਲ ਰਹੀ ਹੈ। ਐੱਨ. ਬੀ. ਐੱਫ. ਸੀ. ਅਤੇ ਬੈਂਕ ਬਿਲਡਰਾਂ ਨੂੰ ਕਰਜ਼ਾ ਨਹੀਂ ਦੇ ਰਹੇ ਹਨ ਕਿਉਂਕਿ ਇਨ੍ਹਾਂ ਨਾਲ ਖਤਰਾ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਐੱਨ. ਪੀ. ਏ. (ਫਸੇ ਕਰਜ਼ੇ) ਵਰਗੀਕਰਨ ’ਤੇ ਨਿਯਮਾਂ ਨਾਲ ਹਾਲਾਤ ਚੁਣੌਤੀ ਭਰਪੂਰ ਹੋ ਰਹੇ ਹਨ। ਮੌਜੂਦਾ ਸਮੇਂ ’ਚ ਆਰ. ਬੀ. ਆਈ. ਨੂੰ ਚਾਹੀਦਾ ਹੈ ਕਿ ਉਹ ਪੈਸੇ ਦੀ ਕਮੀ ’ਚ ਫਸੇ ਪ੍ਰਾਜੈਕਟਾਂ ਦੇ ਸੰਦਰਭ ’ਚ ਵਾਧੂ ਫੰਡ ਉਪਲੱਬਧ ਕਰਵਾਏ।

ਪ੍ਰ. : ਐੱਨ. ਬੀ. ਐੱਫ. ਸੀ.-ਐੱਚ. ਐੱਫ. ਸੀ. ਖੇਤਰ ’ਚ ਕੀ ਚੁਣੌਤੀਆਂ ਹਨ?

ਜ. : ਅਸੀਂ ਸੰਕਟ ਦੀ ਵਜ੍ਹਾ ਨਾਲ ਪ੍ਰਭਾਵਿਤ ਨਹੀਂ ਹੋਏ ਹਾਂ ਕਿਉਂਕਿ ਅਸੀਂ ਦੇਣਦਾਰੀ ਅਤੇ ਜਾਇਦਾਦ ਦੋਵਾਂ ਦੇ ਸੰਦਰਭ ’ਚ ਹਮੇਸ਼ਾ ਵਪਾਰਕ ਅਨੁਸ਼ਾਸਨ ’ਤੇ ਅਮਲ ਕੀਤਾ ਹੈ। ਮੇਰਾ ਮੰਨਣਾ ਹੈ ਕਿ ਐੱਨ. ਬੀ. ਐੱਫ. ਸੀ. ਸੰਕਟ ਕੁਝ ਹੋਰ ਸਮੇਂ ਤੱਕ ਬਣਿਆ ਰਹੇਗਾ ਅਤੇ ਬੈਂਕਾਂ ਵੱਲੋਂ ਐੱਨ. ਬੀ. ਐੱਫ. ਸੀ. ਨੂੰ ਕੁਝ ਰਾਸ਼ੀ ਉਪਲੱਬਧ ਕਰਵਾਏ ਜਾਣ ਨਾਲ ਇਸ ਸੰਕਟ ’ਚ ਕਮੀ ਆਵੇਗੀ। ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਐੱਨ. ਬੀ. ਐੱਫ. ਸੀ. ਪੈਸਾ ਕਿਸ ਤਰੀਕੇ ਜੁਟਾਉਣ।


Related News