ਬੈਂਕ ਸੰਗਠਨ ਨੇ ਕੀਤਾ ਆਰ. ਬੀ. ਆਈ. ਦੇ ਫੈਸਲੇ ਦਾ ਵਿਰੋਧ

03/26/2017 9:23:33 AM

ਨਵੀਂ ਦਿੱਲੀ— ਬੈਂਕ ਅਧਿਕਾਰੀਆਂ ਦੇ ਸੰਗਠਨ ਨੇ 1 ਅਪ੍ਰੈਲ ਤਕ ਸਾਰਾ ਦਿਨ ਬੈਂਕ ਸ਼ਾਖਾਵਾਂ ਨੂੰ ਖੁੱਲ੍ਹਾ ਰੱਖਣ ਦੇ ਰਿਜ਼ਰਵ ਬੈਂਕ ਦੇ ਫੈਸਲੇ ''ਤੇ ਵਿਰੋਧ ਪ੍ਰਗਟ ਕੀਤਾ ਹੈ। ਰਿਜ਼ਰਵ ਬੈਂਕ ਨੇ ਵਿੱਤੀ ਸਾਲ ਦੇ ਅਖੀਰਲੇ ਦਿਨਾਂ ਦੌਰਾਨ ਜਮ੍ਹਾ ਹੋਣ ਵਾਲੇ ਟੈਕਸ ਅਤੇ ਵੱਖ-ਵੱਖ ਸਰਕਾਰੀ ਫੀਸਾਂ ਨੂੰ ਧਿਆਨ ''ਚ ਰੱਖਦਿਆਂ 1 ਅਪ੍ਰੈਲ ਤਕ ਬੈਂਕਾਂ ਨੂੰ ਆਪਣੀਆਂ ਸਾਰੀਆਂ ਸ਼ਾਖਾਵਾਂ ਛੁੱਟੀ ਦੇ ਦਿਨ ਵੀ ਖੁੱਲ੍ਹੀਆਂ ਰੱਖਣ ਨੂੰ ਕਿਹਾ ਹੈ। 

ਸੰਗਠਨ ਨੇ ਇਕ ਬਿਆਨ ''ਚ ਕਿਹਾ ਹੈ, ''ਸਾਡੇ ਵਿਚਾਰ ''ਚ ਵਿੱਤੀ ਸਾਲ ਦੇ ਖਤਮ ਹੋਣ ਤੋਂ ਇਕ ਹਫਤਾ ਪਹਿਲਾਂ ਸਾਰਾ ਦਿਨ ਬੈਂਕਾਂ ਨੂੰ ਖੁੱਲ੍ਹੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ। 25 ਮਾਰਚ ਤੋਂ 31 ਮਾਰਚ 2017 ਵਿਚਕਾਰ ਚਾਰ ਪੂਰੇ ਕੰਮਕਾਜੀ ਦਿਨ ਉਪਲੱਬਧ ਹਨ, ਜੋ ਕਿ ਸਰਕਾਰੀ ਟੈਕਸ ਜਮ੍ਹਾ ਕਰਨ ਲਈ ਬਹੁਤ ਹਨ। ਅਜਿਹੇ ''ਚ ਬੈਂਕਾਂ ਨੂੰ ਛੁੱਟੀ ਦੇ ਦਿਨ ਵੀ ਖੁੱਲ੍ਹੇ ਰੱਖਣਾ ਜ਼ਰੂਰੀ ਨਹੀਂ ਲੱਗਦਾ।''

ਸੰਗਠਨ ਨੇ ਕਿਹਾ ਕਿ ਰਿਜ਼ਰਵ ਬੈਂਕ ਦੀ ਦੇਰ ਰਾਤ ਜਾਰੀ ਅਧਿਸੂਚਨਾ ਬਾਰੇ ਕਈ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੈ ਅਜਿਹੇ ''ਚ ਦੇਸ਼ ਭਰ ''ਚ ਕਈ ਸ਼ਾਖਾਵਾਂ ''ਚ ਸ਼ਨੀਵਾਰ ਟੈਕਸ ਜਮ੍ਹਾ ਨਹੀਂ ਹੋਇਆ।

ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਦੇਰ ਰਾਤ ਜਾਰੀ ਬਿਆਨ ''ਚ ਸਾਰੇ ਬੈਂਕਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਸਰਕਾਰੀ ਲੈਣ-ਦੇਣ ਕਰਨ ਵਾਲੀਆਂ ਆਪਣੀਆਂ ਸਾਰੀਆਂ ਸ਼ਾਖਾਵਾਂ ਨੂੰ ਸਰਕਾਰੀ ਭੁਗਤਾਨ ਅਤੇ ਪ੍ਰਾਪਤੀ ਦੀ ਸੁਵਿਧਾ ਲਈ ਸ਼ਨੀਵਾਰ, ਐਤਵਾਰ ਅਤੇ ਹੋਰ ਛੁੱਟੀ ਸਮੇਤ 1 ਅਪ੍ਰੈਲ 2017 ਤਕ ਖੁੱਲ੍ਹਾ ਰੱਖਣ।


Related News