ਬੈਂਕ ਖਾਤਾ ਨਹੀਂ ਹੈ ਆਧਾਰ ਨਾਲ ਲਿੰਕ, ਤਾਂ ਰਿਜ਼ਰਵ ਬੈਂਕ ਨੇ ਜਾਰੀ ਕੀਤਾ ਇਹ ਨੋਟੀਫਿਕੇਸ਼ਨ

Saturday, Oct 21, 2017 - 03:51 PM (IST)

ਬੈਂਕ ਖਾਤਾ ਨਹੀਂ ਹੈ ਆਧਾਰ ਨਾਲ ਲਿੰਕ, ਤਾਂ ਰਿਜ਼ਰਵ ਬੈਂਕ ਨੇ ਜਾਰੀ ਕੀਤਾ ਇਹ ਨੋਟੀਫਿਕੇਸ਼ਨ

ਨਵੀਂ ਦਿੱਲੀ— ਬੈਂਕ ਖਾਤੇ ਨੂੰ ਆਧਾਰ ਨਾਲ ਜੋੜਨ ਨੂੰ ਲੈ ਕੇ ਚੱਲ ਰਹੀ ਉਲਝਣ ਨੂੰ ਰਿਜ਼ਰਵ ਬੈਂਕ ਨੇ ਦੂਰ ਕਰ ਦਿੱਤਾ ਹੈ। ਆਰ. ਬੀ. ਆਈ. ਨੇ ਨੋਟੀਫਿਕੇਸ਼ਨ ਜਾਰੀ ਕਰਕੇ ਦੱਸਿਆ ਹੈ ਕਿ ਬੈਂਕ ਖਾਤਿਆਂ ਨੂੰ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਹੋਵੇਗਾ ਅਤੇ ਬੈਂਕਾਂ ਨੂੰ ਹੁਕਮਾਂ ਦੀ ਉਡੀਕ ਕੀਤੇ ਬਿਨਾਂ ਇਸ ਨੂੰ ਲਾਗੂ ਕਰਨਾ ਹੋਵੇਗਾ। ਦਰਅਸਲ ਮੀਡੀਆ ਰਿਪੋਰਟਾਂ 'ਚ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਬੈਂਕ ਖਾਤਿਆਂ ਨੂੰ ਆਧਾਰ ਨਾਲ ਲਿੰਕ ਕਰਾਉਣ ਦੇ ਫੈਸਲੇ ਨਾਲ ਆਰ. ਬੀ. ਆਈ. ਦਾ ਕੋਈ ਲੈਣਾ-ਦੇਣਾ ਨਹੀਂ ਹੈ। ਰਿਪੋਰਟ ਮੁਤਾਬਕ ਆਰ. ਬੀ. ਆਈ. ਨੇ ਆਰ. ਟੀ. ਆਈ. ਜ਼ਰੀਏ ਪੁੱਛੇ ਗਏ ਸਵਾਲ ਦੇ ਜਵਾਬ 'ਚ ਕਿਹਾ ਸੀ ਕਿ ਉਸ ਨੇ ਬੈਂਕ ਖਾਤਿਆਂ ਨੂੰ ਆਧਾਰ ਨਾਲ ਲਿੰਕ ਕਰਾਉਣ ਦੇ ਸੰਬੰਧ 'ਚ ਕਿਸੇ ਵੀ ਤਰ੍ਹਾਂ ਦੀਆਂ ਹਦਾਇਤਾਂ ਨਹੀਂ ਦਿੱਤੀਆਂ ਹਨ। 

ਤੁਹਾਨੂੰ ਦੱਸ ਦੇਈਏ ਕਿ ਬੈਂਕਾਂ ਖਾਤੇ ਨੂੰ ਆਧਾਰ ਨਾਲ ਜੋੜਨਾ 31 ਦਸੰਬਰ ਤਕ ਜ਼ਰੂਰੀ ਹੈ, ਜਿਸ ਤੋਂ ਬਾਅਦ ਆਧਾਰ ਨਾਲ ਨਹੀਂ ਜੁੜੇ ਖਾਤਿਆਂ ਨੂੰ ਰੋਕ ਦਿੱਤਾ ਜਾਵੇਗਾ। ਅਜਿਹੇ 'ਚ ਲੈਣ-ਦੇਣ ਨਹੀਂ ਹੋ ਸਕੇਗਾ ਅਤੇ ਪ੍ਰੇਸ਼ਾਨੀ ਝੱਲਣੀ ਪਵੇਗੀ। ਜੇਕਰ ਤੁਹਾਡੇ ਕੋਲ ਇੰਟਰਨੈੱਟ ਬੈਂਕਿੰਗ ਹੈ ਅਤੇ ਤੁਹਾਡਾ ਬੈਂਕ ਆਧਾਰ ਲਿੰਕ ਦੀ ਆਨਲਾਈਨ ਸੁਵਿਧਾ ਦੇ ਰਿਹਾ ਹੈ ਤਾਂ ਤੁਸੀਂ ਆਪਣੇ ਖਾਤੇ ਨੂੰ ਆਨਲਾਈਨ ਵੀ ਲਿੰਕ ਕਰ ਸਕਦੇ ਹੋ। ਉੱਥੇ ਹੀ, ਕੁਝ ਬੈਂਕ ਵੱਲੋਂ ਐੱਸ. ਐੱਮ. ਐੱਸ. ਅਤੇ ਏ. ਟੀ. ਐੱਮ. ਮਸ਼ੀਨ ਜ਼ਰੀਏ ਵੀ ਆਧਾਰ ਨਾਲ ਖਾਤਾ ਜੋੜਨ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਹਾਲਾਂਕਿ ਇੰਨਾ ਜ਼ਰੂਰ ਯਾਦ ਰੱਖੋ ਕਿ ਆਪਣੇ ਆਧਾਰ ਦੀ ਜਾਣਕਾਰੀ ਕਿਸੇ ਨੂੰ ਵੀ ਫੋਨ 'ਤੇ ਨਾ ਦਿਓ। ਜੇਕਰ ਤੁਹਾਡਾ ਖਾਤਾ ਆਧਾਰ ਨਾਲ ਲਿੰਕ ਹੈ ਤਾਂ ਵੀ ਬੈਂਕ ਵੱਲੋਂ ਤੁਹਾਨੂੰ ਮੈਸੇਜ ਮਿਲ ਸਕਦਾ ਹੈ। ਅਜਿਹੇ ਜੇਕਰ ਤੁਸੀਂ ਆਪਣੇ ਖਾਤੇ ਅਤੇ ਆਧਾਰ ਲਿੰਕ ਦੀ ਸਥਿਤੀ ਬਾਰੇ ਜਾਣਨਾ ਹੋਵੇ ਤਾਂ ਆਪਣੇ ਬੈਂਕ ਜਾ ਕੇ ਪਤਾ ਕਰਨਾ ਠੀਕ ਰਹੇਗਾ।


Related News