ਖਾਤੇ ''ਚੋਂ ਕੱਟੀ ਰਾਸ਼ੀ, ਹੁਣ ਐਕਸਿਸ ਬੈਂਕ ਦੇਵੇਗਾ ਹਰਜਾਨਾ
Monday, Apr 30, 2018 - 11:02 PM (IST)

ਗੁਰਦਾਸਪੁਰ (ਵਿਨੋਦ)-ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਨੇ ਇਕ ਮਾਮਲੇ 'ਤੇ ਫੈਸਲਾ ਸੁਣਾਉਂਦਿਆਂ ਐਕਸਿਸ ਬੈਂਕ ਦੀਨਾਨਗਰ ਨੂੰ ਹੁਕਮ ਦਿੱਤਾ ਕਿ ਉਹ ਸ਼ਿਕਾਇਤਕਰਤਾ ਦੇ ਬੈਂਕ ਖਾਤੇ ਨੂੰ ਬੰਦ ਕਰਨ ਤੇ ਕੱਟੀ ਗਈ ਰਾਸ਼ੀ 39,700 ਰੁਪਏ (34,521 ਅਤੇ ਸਰਵਿਸ ਟੈਕਸ 5,178) ਹਰਜਾਨਾ ਅਤੇ ਅਦਾਲਤੀ ਖਰਚੇ ਸਮੇਤ 30 ਦਿਨਾਂ ਵਿਚ ਵਾਪਸ ਕਰੇ।
ਕੀ ਹੈ ਮਾਮਲਾ
ਰਜਿੰਦਰ ਸਿੰਘ ਪੁੱਤਰ ਦਿਲਾਵਰ ਸਿੰਘ ਨਿਵਾਸੀ ਆਹਲੋਵਾਲ ਨੇ ਫੋਰਮ ਸਾਹਮਣੇ ਦਾਇਰ ਪਟੀਸ਼ਨ ਵਿਚ ਦੋਸ਼ ਲਾਇਆ ਕਿ 17 ਫਰਵਰੀ 2015 ਵਿਚ ਐਕਸਿਸ ਬੈਂਕ ਬਰਾਂਚ ਦੀਨਾਨਗਰ ਵਿਚ ਉਸ ਨੇ ਆਪਣਾ ਬੱਚਤ ਬੈਂਕ ਖਾਤਾ ਖੁੱਲ੍ਹਵਾਇਆ ਅਤੇ ਬੈਂਕ ਖਾਤਾ ਖੁੱਲ੍ਹਵਾਉਣ ਵੇਲੇ ਉਸ ਨੇ 50 ਹਜ਼ਾਰ ਰੁਪਏ ਬੈਂਕ 'ਚ ਜਮ੍ਹਾ ਕਰਵਾਏ। ਉਸ ਨੇ 18 ਜੂਨ 2015 ਨੂੰ ਆਪਣੇ ਬੈਂਕ ਖਾਤੇ 'ਚੋਂ 50 ਹਜ਼ਾਰ ਰੁਪਏ ਕਢਵਾਏ। ਉਸ ਨੇ ਫਿਰ ਬੈਂਕ 'ਚ 1 ਲੱਖ ਰੁਪਏ ਦਾ ਚੈੱਕ ਜਮ੍ਹਾ ਕਰਵਾਇਆ, ਜੋ ਉਸ ਨੂੰ ਨਰੇਸ਼ ਕੁਮਾਰ ਨੇ ਦਿੱਤਾ ਸੀ। ਉਸ ਤੋਂ ਬਾਅਦ ਉਸ ਨੂੰ 21 ਦਸੰਬਰ 2016 ਨੂੰ ਪੈਸਿਆਂ ਦੀ ਜ਼ਰੂਰਤ ਪੈ ਗਈ, ਜਦ ਉਹ ਬੈਂਕ ਤੋਂ ਪੈਸੇ ਲੈਣ ਲਈ ਗਿਆ ਤਾਂ ਬੈਂਕ ਨੇ ਉਸ ਦਾ ਬੈਂਕ ਖਾਤਾ ਬੰਦ ਕਰ ਕੇ ਉਸ ਦੇ ਖਾਤੇ 'ਚੋਂ 39,700 (34,521 ਮੂਲ ਰਾਸ਼ੀ ਤੇ ਸਰਵਿਸ ਟੈਕਸ ਦੇ 5,178 ਰੁਪਏ) ਰੁਪਏ ਕੱਟ ਕੇ ਬਾਕੀ ਰਾਸ਼ੀ ਦੇ ਦਿੱਤੀ।
ਜਦ ਉਸ ਨੇ ਬੈਂਕ ਅਧਿਕਾਰੀਆਂ ਤੋਂ ਇਸ ਕਟੌਤੀ ਬਾਰੇ ਪੁੱਛਿਆ ਤਾਂ ਬੈਂਕ ਅਧਿਕਾਰੀਆਂ ਨੇ ਕਿਹਾ ਕਿ ਤੁਹਾਡਾ ਬੈਂਕ ਖਾਤਾ ਬਿਜ਼ਨੈੱਸ ਕਲਾਸ ਚਾਲੂ ਖਾਤਾ ਸੀ, ਜਿਸ ਵਿਚ ਹਰ ਸਮੇਂ ਘੱਟ ਤੋਂ ਘੱਟ 50 ਹਜ਼ਾਰ ਰੁਪਏ ਜਮ੍ਹਾ ਰਹਿਣੇ ਜ਼ਰੂਰੀ ਹਨ। ਇਹ ਪਨੈਲਟੀ ਅਤੇ ਸਰਵਿਸ ਟੈਕਸ ਦੇ ਰੂਪ ਵਿਚ ਕੱਟੀ ਗਈ ਰਾਸ਼ੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਇਕ ਪੇਂਡੂ ਖੇਤਰ ਦਾ ਰਹਿਣ ਵਾਲਾ ਹੈ, ਉਸ ਦੇ ਕੋਲ ਪੁਰਾਣਾ ਦੋਪਹੀਆ ਵਾਹਨ ਹੈ, ਨਾ ਤਾਂ ਉਸ ਦੇ ਕੋਲ ਵੈਟ ਨੰਬਰ ਹੈ ਅਤੇ ਨਾ ਹੀ ਉਹ ਇਨਕਮ ਟੈਕਸ ਦਿੰਦਾ ਹੈ। ਉਸ ਦਾ ਬਿਜ਼ਨੈੱਸ ਕਲਾਸ ਚਾਲੂ ਖਾਤਾ ਖੋਲ੍ਹਣ ਦਾ ਕੋਈ ਕਾਰਨ ਨਹੀਂ ਹੈ। ਬੈਂਕ ਨੇ ਖਾਤਾ ਖੋਲ੍ਹਣ ਵੇਲੇ ਇਸ ਤਰ੍ਹਾਂ ਦੀ ਕਿਸੇ ਸ਼ਰਤ ਦੀ ਜਾਣਕਾਰੀ ਵੀ ਨਹੀਂ ਦਿੱਤੀ ਸੀ।
ਇਹ ਕਿਹਾ ਫੋਰਮ ਨੇ
ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਦੇ ਪ੍ਰਧਾਨ ਨਵੀਨ ਪੁਰੀ ਨੇ ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹੁਕਮ ਸੁਣਾਇਆ ਕਿ ਬੈਂਕ ਨੇ ਆਪਣੇ ਖਪਤਕਾਰ ਦੇ ਅਧਿਕਾਰਾਂ ਦੇ ਨਾਲ ਖਿਲਵਾੜ ਕੀਤਾ ਹੈ। ਇਸ ਲਈ ਬੈਂਕ ਸ਼ਿਕਾਇਤਕਰਤਾ ਨੂੰ ਉਸ ਦੇ ਬੈਂਕ ਖਾਤੇ ਤੋਂ ਕੱਟੀ ਗਈ ਪੂਰੀ ਰਾਸ਼ੀ 39,700 ਰੁਪਏ ਅਤੇ 10 ਹਜ਼ਾਰ ਰੁਪਏ ਹਰਜਾਨਾ ਤੇ ਅਦਾਲਤੀ ਖਰਚੇ ਵਜੋਂ 30 ਦਿਨ ਵਿਚ ਅਦਾ ਕਰੇ। ਤੈਅ ਸਮੇਂ 'ਤੇ ਰਾਸ਼ੀ ਅਦਾ ਨਾ ਕਰਨ 'ਤੇ ਪੂਰੀ ਰਾਸ਼ੀ 9 ਫੀਸਦੀ ਵਿਆਜ ਦਰ ਨਾਲ ਅਦਾ ਕਰਨੀ ਹੋਵੇਗੀ।
Related News
ਦੇਸ਼ ਦੀ ਰਾਜਧਾਨੀ ''ਚ ਸਿੱਖਾਂ ਦੇ ਬੈਂਕ ਨੂੰ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਯਤਨਾਂ ਸਦਕਾ ਡੁੱਬਣ ਤੋਂ ਬਚਾਇਆ
