AXIS ਬੈਂਕ ਦਾ ਤਿਮਾਹੀ ਮੁਨਾਫਾ 36 ਫ਼ੀਸਦੀ ਘੱਟ ਕੇ 1,116 ਕਰੋੜ ਰੁ: ਰਿਹਾ

Wednesday, Jan 27, 2021 - 06:12 PM (IST)

AXIS ਬੈਂਕ ਦਾ ਤਿਮਾਹੀ ਮੁਨਾਫਾ 36 ਫ਼ੀਸਦੀ ਘੱਟ ਕੇ 1,116 ਕਰੋੜ ਰੁ: ਰਿਹਾ

ਨਵੀਂ ਦਿੱਲੀ- ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ 31 ਦਸੰਬਰ 2020 ਨੂੰ ਖ਼ਤਮ ਹੋਈ ਤਿਮਾਹੀ ਵਿਚ ਸ਼ੁੱਧ ਮੁਨਾਫੇ ਵਿਚ ਵੱਡੀ ਗਿਰਾਵਟ ਦਰਜ ਕੀਤੀ ਹੈ।

ਬੈਂਕ ਦਾ ਸਾਲਾਨਾ ਆਧਾਰ 'ਤੇ ਸ਼ੁੱਧ ਮੁਨਾਫਾ 36 ਫ਼ੀਸਦੀ ਘੱਟ ਕੇ 1,116 ਕਰੋੜ ਰੁਪਏ ਰਿਹਾ। ਪਿਛਲੇ ਸਾਲ ਦਸੰਬਰ ਤਿਮਾਹੀ ਵਿਚ ਇਸ ਨੇ 1,757 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਸੀ।


ਉੱਥੇ ਹੀ, ਦਸੰਬਰ 2020 ਨੂੰ ਖ਼ਤਮ ਹੋਈ ਤੀਜੀ ਤਿਮਾਹੀ ਵਿਚ ਇਸ ਦੀ ਸ਼ੁੱਧ ਵਿਆਜ ਆਮਦਨ 14 ਫ਼ੀਸਦੀ ਵੱਧ ਕੇ 7,372.7 ਕਰੋੜ ਰੁਪਏ ਹੋ ਗਈ, ਜੋ ਕਿ ਪਿਛਲੇ ਸਾਲ ਦੀ ਤੀਜੀ ਤਿਮਾਹੀ ਵਿਚ 6,453 ਕਰੋੜ ਰੁਪਏ ਰਹੀ ਸੀ। ਬੈਂਕ ਨੇ ਫਾਈਲਿੰਗ ਵਿਚ ਕਿਹਾ ਕਿ ਤਿਮਾਹੀ ਦੌਰਾਨ ਉਸ ਨੂੰ 4,604.28 ਕਰੋੜ ਰੁਪਏ ਦੀ ਵੱਖਰੀ ਵਿਵਸਥਾ ਕਰਨੀ ਪਈ, ਜੋ ਪਿਛਲੇ ਸਾਲ ਦੀ ਤਿਮਾਹੀ ਨਾਲੋਂ 32.7 ਫ਼ੀਸਦੀ ਜ਼ਿਆਦਾ ਹੈ।

ਦਸੰਬਰ ਤਿਮਾਹੀ ਵਿਚ ਬੈਂਕ ਦਾ ਕੁੱਲ ਐੱਨ. ਪੀ. ਏ. ਅਤੇ ਸ਼ੁੱਧ ਐੱਨ. ਪੀ. ਏ. 3.44 ਫ਼ੀਸਦੀ ਅਤੇ 0.74 ਫ਼ੀਸਦੀ ਰਿਹਾ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ ਕ੍ਰਮਵਾਰ 4.18 ਫ਼ੀਸਦੀ ਅਤੇ 0.98 ਫ਼ੀਸਦੀ ਸੀ। ਉੱਥੇ ਹੀ, ਬੈਂਕ ਦੀ ਬੈਲੰਸ ਸ਼ੀਟ ਵਿਚ ਸਾਲ-ਦਰ-ਸਾਲ ਦੇ ਆਧਾਰ 'ਤੇ 15 ਫ਼ੀਸਦੀ ਸੁਧਾਰ ਹੋਇਆ ਹੈ ਅਤੇ 31 ਦਸੰਬਰ 2020 ਤੱਕ ਇਹ 9,38,049 ਕਰੋੜ ਰੁਪਏ ਹੋ ਗਈ।


author

Sanjeev

Content Editor

Related News