ਵਿਕਰੀ 'ਚ ਅਗਲੇ ਸਾਲ ਸੁਧਾਰ ਹੋਣ ਦੀ ਉਮੀਦ : ਆਡੀ
Sunday, May 17, 2020 - 11:42 PM (IST)

ਨਵੀਂ ਦਿੱਲੀ (ਭਾਸ਼ਾ)-ਲਗਜ਼ਰੀ ਕਾਰ ਬਣਾਉਣ ਵਾਲੀ ਆਡੀ ਇੰਡੀਆ ਨੂੰ ਅਗਲੇ ਸਾਲ ਹੀ ਵਿਕਰੀ 'ਚ ਸੁਧਾਰ ਦੀ ਉਮੀਦ ਹੈ। ਕੰਪਨੀ ਦਾ ਮੰਨਣਾ ਹੈ ਕਿ ਚਾਲੂ ਵਿੱਤੀ ਸਾਲ ਉਸ ਲਈ ਚੁਣੌਤੀ ਭਰਪੂਰ ਰਹਿਣ ਵਾਲਾ ਹੈ। ਆਡੀ ਇੰਡੀਆ ਦੇ ਪ੍ਰਮੁੱਖ ਬਲਬੀਰ ਸਿੰਘ ਢਿੱਲਨ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਵਿਕਰੀ 'ਚ ਸੁਧਾਰ ਸਾਲ ਦੇ ਅੰਤ ਤੱਕ ਹੋਵੇਗਾ, ਜਦੋਂ ਤਿਉਹਾਰੀ ਖਰੀਦ ਸ਼ੁਰੂ ਹੋਵੇਗੀ, ਇਸ ਲਈ ਮੌਜੂਦਾ ਸਾਲ ਚੁਣੌਤੀ ਭਰਪੂਰ ਰਹਿਣ ਦੀ ਸੰਭਾਵਨਾ ਹੈ।
ਹਾਲਾਂਕਿ ਕੰਪਨੀ ਨੇ ਕਿਹਾ ਕਿ ਬਾਜ਼ਾਰ 'ਚ ਮੁਸ਼ਕਲ ਹਾਲਾਤ ਦੇ ਬਾਵਜੂਦ ਉਹ ਨਵੇਂ ਮਾਡਲ ਬਾਜ਼ਾਰ 'ਚ ਲਿਆਉਂਦੀ ਰਹੇਗੀ। ਇਸ 'ਚ ਸਪੋਰਟਸ ਕਾਰ ਵੀ ਸ਼ਾਮਲ ਹੈ। ਢਿੱਲਨ ਨੇ ਕਿਹਾ ਕਿ ਆਡੀ ਸਮੇਤ ਪੂਰੇ ਵਾਹਨ ਉਦਯੋਗ ਨੂੰ ਸਿਰਫ 2021 'ਚ ਹੀ 2020 ਦੀ ਤੁਲਨਾ 'ਚ ਵਾਧੇ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੰਭਵ ਹੈ ਕਿ ਕੰਪਨੀ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਵਾਲੇ ਸਾਲ ਦੀ ਬਰਾਬਰੀ ਕਰ ਪਾਵੇ ਪਰ ਫਿਰ ਵੀ ਅਗਲੇ ਸਾਲ ਤੋਂ ਕੰਪਨੀ ਵਾਧਾ ਦੇਖ ਸਕੇਗੀ। ਢਿੱਲਨ ਨੇ ਕਿਹਾ ਕਿ ਮੌਜੂਦਾ ਤਿਮਾਹੀ ਬਹੁਤ ਮੁਸ਼ਕਲ ਜਾਣ ਵਾਲੀ ਹੈ। ਕੰਪਨੀ ਦੀ ਵਿਕਰੀ 'ਚ ਵਪਾਰਕ ਗਿਰਾਵਟ ਦਿਖ ਸਕਦੀ ਹੈ।