ਅਸ਼ੋਕ ਕਪੂਰ ਦਾ ਪਰਿਵਾਰ ਯੈੱਸ ਬੈਂਕ ''ਚ ਹਿੱਸੇਦਾਰੀ ਘੱਟ ਕਰਨ ਲਈ ਤਿਆਰ

10/12/2019 2:07:28 AM

ਮੁੰਬਈ (ਭਾਸ਼ਾ)-ਯੈੱਸ ਬੈਂਕ ਦੇ ਸਭ ਤੋਂ ਵੱਡੇ ਸ਼ੇਅਰਧਾਰਕ ਅਤੇ ਸਹਿ-ਪ੍ਰਮੋਟਰ ਅਸ਼ੋਕ ਕਪੂਰ (ਸਵ.) ਦੀ ਪੁੱਤਰੀ ਸਗੁਨ ਗੋਗੀਆ ਨੇ ਨਵੀਂ ਮੈਨੇਜਮੈਂਟ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਿੱਸੇਦਾਰੀ ਘੱਟ ਕਰਨ ਲਈ ਤਿਆਰ ਹੈ। ਗੋਗੀਆ ਨੂੰ ਹਾਲ ਹੀ 'ਚ ਬੈਂਕ ਦੇ ਨਿਰਦੇਸ਼ਕ ਮੰਡਲ 'ਚ ਸ਼ਾਮਲ ਕੀਤਾ ਗਿਆ ਹੈ।

ਗੋਗੀਆ ਨੇ ਕਿਹਾ ਕਿ ਜੇਕਰ ਪੂੰਜੀ ਜੁਟਾਉਣ ਦੀਆਂ ਜਾਰੀ ਗਤੀਵਿਧੀਆਂ 'ਚ ਕੋਈ ਵੱਡਾ ਨਿਵੇਸ਼ਕ ਨਿਰਦੇਸ਼ਕ ਮੰਡਲ 'ਚ ਸ਼ਾਮਲ ਹੁੰਦਾ ਹੈ ਤਾਂ ਉਨ੍ਹਾਂ ਦਾ ਪਰਿਵਾਰ ਆਪਣੀ ਹਿੱਸੇਦਾਰੀ ਨੂੰ ਮੌਜੂਦਾ 8.33 ਫੀਸਦੀ ਦੇ ਪੱਧਰ ਤੋਂ ਘੱਟ ਕਰਨ ਲਈ ਤਿਆਰ ਹੈ। ਬੈਂਕ ਕਰੀਬ ਇਕ ਸਾਲ ਤੋਂ ਸੰਕਟ ਦੇ ਦੌਰ 'ਚੋਂ ਲੰਘ ਰਿਹਾ ਹੈ। ਰਿਜ਼ਰਵ ਬੈਂਕ ਨੇ ਬੈਂਕ ਦੇ ਸਹਿ-ਪ੍ਰਮੋਟਰ ਰਾਣਾ ਕਪੂਰ ਨੂੰ ਮੁੱਖ ਕਾਰਜਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਦੇ ਅਹੁਦੇ 'ਤੇ ਮੁੜ ਨਿਯੁਕਤ ਕਰਨ ਨੂੰ ਮਨਜ਼ੂਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਅਜੇ ਮੈਨੇਜਮੈਂਟ ਦੀ ਅਗਵਾਈ ਮੌਜੂਦਾ ਮੁੱਖ ਕਾਰਜਕਾਰੀ ਰਵਣੀਤ ਗਿੱਲ ਕਰ ਰਹੇ ਹਨ। ਗਿੱਲ ਨੇ ਮਾਰਚ 'ਚ ਬੈਂਕ 'ਚ ਅਹੁਦਾ ਸੰਭਾਲਿਆ ਹੈ।

ਗੋਗੀਆ ਨੇ ਕਿਹਾ,''ਰੈਗੂਲੇਟਰੀ ਪਾਲਣਾ, ਜੋਖਮ ਪ੍ਰਬੰਧਨ ਅਤੇ ਸੰਚਾਲਨ ਹੁਣ ਬੈਂਕ 'ਚ ਪੂਰੀ ਤਰ੍ਹਾਂ ਨਾਲ ਦਰੁਸਤ ਹੋ ਚੁੱਕਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਸੰਚਾਲਨ ਅਤੇ ਪਾਰਦਰਸ਼ਤਾ ਦੇ ਮੁੱਦੇ ਵੀ ਸਾਡੇ ਸਾਹਮਣੇ ਹਨ।'' ਉਨ੍ਹਾਂ ਕਿਹਾ,''ਮੈਨੂੰ ਇਸ ਗੱਲ ਦਾ ਵੀ ਭਰੋਸਾ ਹੈ ਕਿ ਅਸੀਂ ਆਪਣੇ ਅਤੀਤ ਨੂੰ ਪਿੱਛੇ ਛੱਡ ਕੇ ਭਵਿੱਖ ਨੂੰ ਸੰਵਾਰਾਂਗੇ।''


Karan Kumar

Content Editor

Related News