ਅਨਿਲ ਅੰਬਾਨੀ 'ਤੇ 420 ਕਰੋੜ ਦੇ ਟੈਕਸ ਚੋਰੀ ਦਾ ਇਲਜ਼ਾਮ, ਆਮਦਨ ਵਿਭਾਗ ਨੇ ਭੇਜਿਆ ਨੋਟਿਸ
Wednesday, Aug 24, 2022 - 11:01 AM (IST)
ਨਵੀਂ ਦਿੱਲੀ- ਆਈ.ਟੀ. ਵਿਭਾਗ ਨੇ ਸਵਿਸ ਬੈਂਕ ਖਾਤਿਆਂ 'ਚ ਗੁਪਤ ਧਨ ਰੱਖਣ ਲਈ ਅਨਿਲ ਅੰਬਾਨੀ ਨੂੰ ਅਭਿਯੋਜਨ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਆਮਦਨ ਵਿਭਾਗ ਨੇ ਦੋ ਸਵਿਸ ਬੈਂਕ ਖਾਤਿਆਂ 'ਚ ਰੱਖੇ 814 ਕਰੋੜ ਰੁਪਏ ਤੋਂ ਜ਼ਿਆਦਾ ਅਘੋਸ਼ਿਤ ਧਨ ਰੱਖਣ ਦੇ ਮਾਮਲੇ 'ਚ 420 ਕਰੋੜ ਰੁਪਏ ਟੈਕਸ ਚੋਰੀ ਕਰਨ ਦੇ ਦੋਸ਼ 'ਚ ਰਿਲਾਇੰਸ ਅਨਿਲ ਅੰਬਾਨੀ ਗਰੁੱਪ ਦੇ ਪ੍ਰਧਾਨ ਅਨਿਲ ਅੰਬਾਨੀ ਦੇ ਖ਼ਿਲਾਫ਼ ਕਾਲਾ ਧਨ ਅਧਿਨਿਯਮ ਦੇ ਤਹਿਤ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ-ਮਾਰਚ ਤੱਕ 6 ਫੀਸਦੀ ਹੇਠਾਂ ਆ ਸਕਦੀ ਹੈ ਮਹਿੰਗਾਈ, RBI ਇਸ ਸਾਲ ਦੇ ਅੰਤ ਤੱਕ ਵਧਾ ਸਕਦੈ ਰੈਪੋ ਰੇਟ
ਵਿਭਾਗ ਨੇ 63 ਸਾਲਾਂ ਅੰਬਾਨੀ 'ਤੇ ਟੈਕਸ ਚੋਰੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਜਾਣਬੁੱਝ ਕੇ ਭਾਰਤੀ ਟੈਕਸ ਅਧਿਕਾਰੀਆਂ ਦੇ ਸਾਹਮਣੇ ਆਪਣੇ ਵਿਦੇਸ਼ੀ ਬੈਂਕ ਖਾਤੇ ਦੇ ਵੇਰਵੇ ਅਤੇ ਵਿੱਤੀ ਹਿੱਤਾਂ ਦਾ ਖੁਲਾਸਾ ਨਹੀਂ ਕੀਤਾ। ਇਸ ਮਾਮਲੇ 'ਚ ਅੰਬਾਨੀ ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਵਿਭਾਗ ਨੇ ਕਿਹਾ ਕਿ ਇਸ ਮਾਮਲੇ 'ਚ ਅੰਬਾਨੀ 'ਤੇ ਕਾਲਾ ਧਨ (ਅਘੋਸ਼ਿਤ ਵਿਦੇਸ਼ੀ ਆਮਦਨ ਅਤੇ ਸੰਪਤੀ) ਟੈਕਸ ਅਧਿਨਿਯਮ 2015 ਦੀ ਧਾਰਾ 50 ਅਤੇ 51 ਦੇ ਤਹਿਤ ਮੁਕੱਦਮਾ ਚਲਾਇਆ ਜਾ ਸਕਦਾ ਹੈ, ਜਿਸ 'ਚ ਜ਼ੁਰਮਾਨੇ ਦੇ ਨਾਲ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ ਦਾ ਪ੍ਰਬੰਧ ਹੈ। ਮਾਮਲੇ 'ਚ ਅਨਿਲ ਅੰਬਾਨੀ ਨੂੰ 31 ਅਗਸਤ ਤੱਕ ਜਵਾਬ ਦੇਣ ਨੂੰ ਕਿਹਾ ਗਿਆ ਹੈ।
ਇਹ ਵੀ ਪੜ੍ਹੋ-ਸਤੰਬਰ 'ਚ ਰੈਪੋ ਦਰ 'ਚ 0.25 ਫੀਸਦੀ ਦਾ ਵਾਧਾ ਕਰ ਸਕਦੈ ਰਿਜ਼ਰਵ ਬੈਂਕ
ਇਸ ਸਬੰਧ 'ਚ ਅਨਿਲ ਅੰਬਾਨੀ ਜਾਂ ਉਨ੍ਹਾਂ ਦੇ ਦਫ਼ਤਰ ਵਲੋਂ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਆਮਦਨ ਟੈਕਸ ਮੁਤਾਬਕ ਅਨਿਲ ਅੰਬਾਨੀ 'ਤੇ ਮੁੱਲਾਂਕਣ ਸਾਲ 2012-13 ਤੋਂ 2019-20 ਦੇ ਵਿਚਾਲੇ ਵਿਦੇਸ਼ੀ ਬੈਂਕਾਂ 'ਚ ਅਘੋਸ਼ਿਤ ਜ਼ਾਇਦਾਦ ਰੱਖ ਕੇ ਟੈਕਸ ਚੋਰੀ ਦੇ ਦੋਸ਼ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।