ਲੁਧਿਆਣਾ, ਅੰਮ੍ਰਿਤਸਰ ਸਣੇ ਦੇਸ਼ ਭਰ ਦੇ ਸ਼ਹਿਰਾਂ ''ਚ ਰੁਜ਼ਗਾਰ ਦੇਵੇਗੀ ਐਮਾਜ਼ੋਨ

Thursday, Sep 02, 2021 - 01:40 PM (IST)

ਲੁਧਿਆਣਾ, ਅੰਮ੍ਰਿਤਸਰ ਸਣੇ ਦੇਸ਼ ਭਰ ਦੇ ਸ਼ਹਿਰਾਂ ''ਚ ਰੁਜ਼ਗਾਰ ਦੇਵੇਗੀ ਐਮਾਜ਼ੋਨ

ਮੁੰਬਈ- ਈ-ਕਾਮਰਸ ਖੇਤਰ ਦੀ ਦਿੱਗਜ ਕੰਪਨੀ ਐਮਾਜ਼ੋਨ ਜਲਦ ਹੀ ਲੁਧਿਆਣਾ, ਅੰਮ੍ਰਿਤਸਰ ਸਣੇ ਦੇਸ਼ ਭਰ ਦੇ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਪ੍ਰਤੱਖ ਰੁਜ਼ਗਾਰ ਦੇਣ ਜਾ ਰਹੀ ਹੈ। ਐਮਾਜ਼ੋਨ ਇਸ ਸਾਲ ਦੇਸ਼ ਦੇ 35 ਸ਼ਹਿਰਾਂ ਵਿਚ ਕਾਰਪੋਰੇਟ, ਤਕਨੀਕੀ, ਗਾਹਕ ਸੇਵਾ ਅਤੇ ਸੰਚਾਲਨ ਭੂਮਿਕਾਵਾਂ ਵਿਚ 8,000 ਤੋਂ ਵੱਧ ਪ੍ਰਤੱਖ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾ ਰਹੀ ਹੈ।

ਕੰਪਨੀ ਦੀ ਐੱਚ. ਆਰ. ਪ੍ਰਮੁੱਖ (ਕਾਰਪੋਰੇਟ, ਏਸ਼ੀਆ-ਪ੍ਰਸ਼ਾਂਤ ਅਤੇ ਪੱਛਮੀ ਏਸ਼ੀਆ ਤੇ ਉੱਤਰੀ ਅਫਰੀਕਾ) ਦੀਪਤੀ ਵਰਮਾ ਨੇ ਕਿਹਾ, ''ਸਾਡੇ ਕੋਲ ਦੇਸ਼ ਦੇ 35 ਸ਼ਹਿਰਾਂ ਵਿਚ 8,000 ਤੋਂ ਜ਼ਿਆਦਾ ਪ੍ਰਤੱਖ ਰੁਜ਼ਗਾਰ ਦੇ ਮੌਕੇ ਹਨ। ਇਨ੍ਹਾਂ ਸ਼ਹਿਰਾਂ ਵਿਚ ਬੇਂਗਲੁਰੂ, ਹੈਦਰਾਬਾਦ, ਚੇਨੱਈ, ਗੁੜਗਾਓਂ, ਕੋਲਕਾਤਾ, ਨੋਇਡਾ, ਅੰਮ੍ਰਿਤਸਰ, ਅਹਿਮਦਾਬਾਦ, ਭੋਪਾਲ, ਕੋਇੰਬਟੂਰ, ਜੈਪੁਰ, ਕਾਨਪੁਰ, ਲੁਧਿਆਣਾ, ਪੁਣੇ, ਸੂਰਤ ਵਰਗੇ ਸ਼ਹਿਰ ਸ਼ਾਮਲ ਹਨ।''

ਉਨ੍ਹਾਂ ਕਿਹਾ ਕਿ, ''ਇਹ ਨੌਕਰੀਆਂ ਕਾਰਪੋਰੇਟ, ਤਕਨੀਕੀ, ਗਾਹਕ ਸੇਵਾ ਅਤੇ ਸੰਚਾਲਨਾ ਭੂਮਿਕਾਵਾਂ ਨਾਲ ਜੁੜੀਆਂ ਹਨ।'' ਦੀਪਤੀ ਨੇ ਕਿਹਾ ਕਿ ਕੰਪਨੀ ਦਾ ਟੀਚਾ 2025 ਤੱਕ ਪ੍ਰਤੱਖ ਅਤੇ ਅਪ੍ਰਤੱਖ ਦੋਹਾਂ ਤਰ੍ਹਾਂ ਦੀਆਂ 20 ਲੱਖ ਨੌਕਰੀਆਂ ਦਾ ਸਿਰਜਣ ਕਰਨਾ ਹੈ ਅਤੇ ਉਹ ਪਹਿਲਾਂ ਹੀ ਭਾਰਤ ਵਿਚ 10 ਲੱਖ ਪ੍ਰਤੱਖ ਅਤੇ ਅਪ੍ਰਤੱਖ ਨੌਕਰੀਆਂ ਦਾ ਸਿਰਜਣ ਕਰ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ, "ਅਸੀਂ ਮਸ਼ੀਨ ਲਰਨਿੰਗ ਅਪਲਾਈਡ ਸਾਇੰਸਜ਼ ਲਈ ਵੀ ਭਰਤੀ ਕਰਨ ਜਾ ਰਹੇ ਹਾਂ।" ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਮਹਾਮਾਰੀ ਦੌਰਾਨ ਵੀ ਐਮਾਜ਼ੋਨ ਨੇ ਪ੍ਰਤੱਖ ਤੇ ਅਪ੍ਰਤੱਖ ਦੋਵਾਂ ਖੇਤਰਾਂ ਵਿਚ 3 ਲੱਖ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਅਤੇ ਭਰਤੀ ਦੀ ਸਾਰੀ ਪ੍ਰਕਿਰਿਆ ਵਰਚੁਅਲ ਰਹੀ।


author

Sanjeev

Content Editor

Related News