ਭਾਰਤ ਪਹੁੰਚੇ Amazon ਦੇ CEO ਜੈਫ ਬੇਜੋਸ, 1,715 ਕਰੋੜ ਰੁਪਏ ਦਾ ਕੀਤਾ ਨਿਵੇਸ਼

01/15/2020 10:52:19 AM

ਨਵੀਂ ਦਿੱਲੀ — ਐਮਾਜ਼ੋਨ ਦੇ CEO ਜੈਫ ਬੇਜੋਸ ਭਾਰਤ ਪਹੁੰਚ ਚੁੱਕੇ ਹਨ।  ਬੇਜੋਸ ਇਥੇ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਛੋਟੇ ਅਤੇ ਮੱਧ ਵਰਗੀ ਕਾਰੋਬਾਰੀਆਂ ਲਈ ਆਨ ਲਾਈਨ ਰਿਟੇਲਰ ਦੇ ਦੋ ਦਿਨਾਂ ਸੰਮੇਲਨ ਵਿਚ ਹਿੱਸਾ ਲੈਣ ਲਈ ਆਏ ਹਨ।

ਭਾਰਤ ਪਹੁੰਚਣ ਦੇ ਬਾਅਦ ਉਨ੍ਹਾਂ ਨੇ ਇਕ ਵੀਡੀਓ ਟਵੀਟ ਕੀਤਾ ਜਿਸ ਵਿਚ ਉਹ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਸ਼ਰਧਾਜਲੀ ਭੇਟ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ਦੁਪਹਿਰ ਦਾ ਸਮਾਂ ਸ਼ਾਨਦਾਰ ਰਿਹਾ ਅਤੇ ਮੈਂ ਉਸ ਸ਼ਖਸ ਨੂੰ ਸ਼ਰਧਾਜਲੀ ਭੇਟ ਕੀਤੀ ਹੈ ਜਿਨ੍ਹਾਂ ਨੇ ਦੁਨੀਆ ਬਦਲ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਇਕ ਬਿਆਨ ਨੂੰ ਵੀ ਲਿਖਿਆ ਹੈ। 'ਜਿਓ ਤਾਂ ਇਸ ਤਰ੍ਹਾਂ ਜਿਓ ਕਿ ਕੱਲ੍ਹ ਮਰਨ ਵਾਲੇ ਹੋਵੋ ਅਤੇ ਸਿੱਖੋ ਤਾਂ ਇਸ ਤਰ੍ਹਾਂ ਕਿ ਹਮੇਸ਼ਾ ਲਈ ਜੀਣਾ ਹੋਵੇ।'

 

1,715 ਕਰੋੜ ਰੁਪਏ ਦਾ ਕੀਤਾ ਨਿਵੇਸ਼

ਐਮਾਜ਼ੋਨ ਨੇ ਭਾਰਤ 'ਚ ਆਪਣੀ ਥੋਕ ਕਾਰੋਬਾਰ ਇਕਾਈ ਅਤੇ ਭੁਗਤਾਨ ਇਕਾਈ 'ਚ 1,700 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਹੈ। ਕਾਰਪੋਰੇਟ ਮੰਤਰਾਲੇ ਕੋਲ ਜਮ੍ਹਾਂ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਐਮਾਜ਼ੋਨ ਪੇ ਇੰਡੀਆ ਨੂੰ ਐਮਾਜ਼ੋਨ ਕਾਰਪੋਰੇਟ ਹੋਲਡਿੰਗਸ ਪ੍ਰਾਈਵੇਟ ਲਿਮਟਿਡ ਅਤੇ ਐਮਾਜ਼ੋਨ ਡਾਟ ਕਾਮ ਡਾਟ ਇੰਕ ਡਾਟ ਲਿਮਟਿਡ ਕੋਲੋਂ 1,355 ਕਰੋੜ ਰੁਪਏ ਮਿਲੇ ਹਨ।

ਕਾਰੋਬਾਰ ਨਾਲ ਜੁੜੀਆਂ ਸੂਚਨਾਵਾਂ ਦੇਣ ਵਾਲੇ ਪਲੇਟਫਾਰਮ ਟਾਫਲਰ ਮੁਤਾਬਕ ਐਮਾਜ਼ੋਨ ਦੀ ਡਿਜੀਟਲ ਭੁਗਤਾਨ ਇਕਾਈ ਨੇ ਦੋਵਾਂ ਕੰਪਨੀਆਂ ਨੂੰ 31 ਦਸੰਬਰ 2019 ਨੂੰ ਸ਼ੇਅਰ ਵੰਡੇ ਸਨ। ਇਕ ਹੋਰ ਰੈਗੂਲੇਟਰੀ ਜਾਣਕਾਰੀ ਮੁਤਾਬਕ, ਐਮਾਜ਼ੋਨ ਹੋਲਸੇਲ(ਇੰਡੀਆ) ਪ੍ਰਾਈਵੇਟ ਲਿਮਟਿਡ ਨੇ 30 ਦਸੰਬਰ ਨੂੰ ਐਮਾਜ਼ੋਨ ਕਾਰਪੋਰੇਟ ਹੋਲਡਿੰਗਸ ਪ੍ਰਾਈਵੇਟ ਲਿਮਟਿਡ ਅਤੇ ਐਮਾਜ਼ੋਨ ਡਾਟ ਕਾਮ ਡਾਟ ਇੰਕ ਡਾਟ ਲਿਮਟਿਡ ਨੂੰ ਕਰੀਬ 360 ਕਰੋੜ ਰੁਪਏ ਦੇ ਸ਼ੇਅਰ ਵੰਡੇ ਸਨ। ਐਮਾਜ਼ੋਨ ਇੰਡੀਆ ਨੇ ਪੂੰਜੀ ਨਿਵੇਸ਼ ਨਾਲ ਜੁੜੇ ਈ-ਮੇਲ ਦਾ ਜਵਾਬ ਨਹੀਂ ਦਿੱਤਾ ਹੈ। 

CAIT ਨੇ ਵਿਰੋਧ ਦਾ ਕੀਤਾ ਹੈ ਐਲਾਨ

ਪਿਛਲੇ ਦਿਨੀਂ ਪ੍ਰਚੂਨ ਕਾਰੋਬਾਰੀਆਂ ਦੇ ਸੰਗਠਨ ਕੈਟ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਹ ਜੇਫ ਬੇਜੋਸ ਦਾ ਵਿਰੋਧ ਕਰਨਗੇ। ਕੈਟ ਨੇ ਕਿਹਾ ਕਿ ਉਸਦੇ ਬੈਨਰ ਹੇਠ ਆਲ ਇੰਡੀਆ ਮੋਬਾਈਲ ਰਿਟੇਲਰਸ ਐਸੋਸੀਏਸ਼ਨ , ਆਲ ਇੰਡੀਆ ਕੰਜ਼ੂਮਰ ਪ੍ਰੋਡਕਟਸ ਡਿਸਟ੍ਰੀਬਿਊਟਰਸ ਫੈਡਰੇਸ਼ਨ ਸਮੇਤ ਹੋਰ ਵਪਾਰੀਆਂ ਦੇ ਸੰਗਠਨ ਬੇਜੋਸ ਦਾ ਵਿਰੋਧ ਕਰਨਗੇ।

CCI ਨੇ ਦਿੱਤੇ ਜਾਂਚ ਦੇ ਆਦੇਸ਼ 

ਮੁਕਾਬਲਾ ਰੈਗੂਲੇਟਰ CCI ਨੇ ਵਿਕਰੀ ਮੁੱਲ 'ਚ ਭਾਰੀ ਛੋਟ ਅਤੇ ਪਸੰਦੀਦਾ ਵਿਕਰੇਤਾਵਾਂ ਦੇ ਨਾਲ ਗਠਜੋੜ ਸਮੇਤ ਹੋਰ ਗੜਬੜੀ ਦੇ ਦੋਸ਼ 'ਚ ਫਲਿੱਪਕਾਰਟ ਅਤੇ ਐਮਾਜ਼ੋਨ ਦੇ ਖਿਲਾਫ ਸੋਮਵਾਰ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਇਹ ਮਾਮਲਾ ਮੁਕਾਬਲੇਬਾਜ਼ੀ ਕਾਨੂੰਨ ਦੇ ਕਥਿਤ ਉਲੰਘਣ ਨਾਲ ਜੁੜਿਆ ਹੈ। ਦਿੱਲੀ ਵਪਾਰ ਸੰਗਠਨ ਵਲੋਂ ਕੀਤੀ ਗਈ ਸ਼ਿਕਾਇਤ ਦੇ ਬਾਅਦ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ।


 


Related News