ਐਮਾਜ਼ੋਨ-ਫਿਊਚਰ ਮਾਮਲਾ : ਅਦਾਲਤ ਨੇ ਦਸਤਾਵੇਜ਼ ਪੇਸ਼ ਕਰਨ ਦੇ ਤਰੀਕੇ ਅਤੇ ਸਮੇਂ ’ਤੇ ਪ੍ਰਗਟਾਈ ਨਾਰਾਜ਼ਗੀ

Thursday, Dec 09, 2021 - 10:49 AM (IST)

ਨਵੀਂ ਦਿੱਲੀ (ਭਾਸ਼ਾ) – ਸੁਪਰੀਮ ਕੋਰਟ ਨੇ ਐਮਾਜ਼ੋਨ-ਫਿਊਚਰ ਮਾਮਲੇ ’ਚ ਸਬੰਧਤ ਪੱਖਾਂ ਵਲੋਂ ਪੇਸ਼ ਦਸਤਾਵੇਜ਼ਾਂ ਦੇ ‘ਸਮੇਂ ਅਤੇ ਸਮੱਗਰੀ’ ਨੂੰ ਲੈ ਕੈ ਨਾਰਾਜ਼ਗੀ ਪ੍ਰਗਟਾਈ ਹੈ ਅਤੇ ਫਿਊਚਰ ਸਮੂਹ ਦੀ ਪਟੀਸ਼ਨ ’ਤੇ ਸੁਣਵਾਈ 11 ਜਨਵਰੀ ਤੱਕ ਟਾਲ ਦਿੱਤੀ ਹੈ। ਫਿਊਚਰ ਸਮੂਹ ਨੇ ਦਿੱਲੀ ਹਾਈਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਹੈ, ਜਿਸ ’ਚ ਆਰਬਿਟਰੇਸ਼ਨ ਕੋਰਟ ਦੇ ਫੈਸਲੇ ’ਤੇ ਰੋਕ ਲਗਾਉਣ ਤੋਂ ਇਨਕਾਰ ਕੀਤਾ ਗਿਆ ਸੀ। ਆਰਬਿਟਰੇਸ਼ਨ ਕੋਰਟ ਨੇ ਸਿੰਗਾਪੁਰ ਕੌਮਾਂਤਰੀ ਆਰਬਿਟਰੇਸ਼ਨ ਕੇਂਦਰ (ਐੱਸ. ਆਈ. ਏ. ਸੀ.) ਵਲੋਂ ਸੁਣਾਏ ਗਏ ਫੈਸਲੇ ’ਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ ਕੀਤਾ ਸੀ।

ਮੁੱਖ ਜੱਜ ਐੱਨ. ਵੀ. ਰਮਨ ਅਤੇ ਜਸਟਿਸ ਏ. ਐੱਸ. ਬੋਪੱਤਰਾ ਅਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਪਹਿਲਾਂ ਇਸ ਮਾਮਲੇ ’ਚ ਸਬੰਧਤ ਪੱਖਾਂ ਤੋਂ ‘ਟਰੱਕ ਭਰ ਕੇ’ ਦਸਤਾਵੇਜ਼ਾਂ ਦੀ ਥਾਂ ਘੱਟ ਗਿਣਤੀ ’ਚ ਦਸਤਾਵੇਜ਼ ਮੰਗੇ ਸਨ। ਬੈਂਚ ਨੇ ਬੁੱਧਵਾਰ ਨੂੰ ਇਕ ਵਾਰ ਮੁੜ ਫਿਊਚਰ ਗਰੁੱਪ ਵਲੋਂ ਪੇਸ਼ ਲਿਖਤੀ ਦਸਤਾਵੇਜ਼ਾਂ ’ਤੇ ਨਾਰਾਜ਼ਗੀ ਪ੍ਰਗਟਾਈ। ਅਦਾਲਤ ਨੇ ਕਿਹਾ ਕਿ ਸਾਡੇ ਪਿਛਲੇ ਨਿਰਦੇਸ਼ ਦਾ ਮਕਸਦ ਇਹ ਸੀ ਕਿ ਤੁਸੀਂ ਆਪਣੇ ਵਲੋਂ ਲਿਖਤੀ ਦਸਤਾਵੇਜ਼ ਪਹਿਲਾਂ ਹੀ ਪੇਸ਼ ਕਰ ਦਿਓ, ਜਿਸ ਨਾਲ ਅਸੀਂ ਉਨ੍ਹਾਂ ਨੂੰ ਪੜ੍ਹ ਸਕੀਏ। ਸਾਨੂੰ ਐੱਫ. ਆਰ. ਐੱਲ. ਤੋਂ ਇਹ ਦਸਤਾਵੇਜ਼ ਰਾਤ 10 ਵਜੇ ਮਿਲੇ ਹਨ। ਦੂਜੇ ਪੱਖ ਤੋਂ ਸਾਨੂੰ ਇਹ ਦਸਤਾਵੇਜ਼ ਅੱਜ ਸਵੇਰੇ ਮਿਲੇ ਹਨ। ਇਸ ’ਤੇ ਫਿਊਚਰ ਸਮੂਹ ਵਲੋਂ ਹਾਜ਼ਰ ਸੀਨੀਅਰ ਬੁਲਾਰੇ ਹਰੀਸ਼ ਸਾਲਵੇ ਨੇ ਕਿਹਾ ਕਿ ਮੈਂ ਸੁਝਾਅ ਦੇ ਸਕਦਾ ਹਾਂ ਕਿ ਮੈਂ ਅੱਜ ਖੁਦ ਇਕ ਨੋਟ ਲਿਖਵਾਵਾਂਗਾ ਅਤੇ ਅੱਜ ਸ਼ਾਮ ਤੱਕ ਜਮ੍ਹਾਂ ਕਰਾਂਗਾ। ਇਸ ਮਾਮਲੇ ਨੂੰ ਕੱਲ ਲਿਆ ਜਾ ਸਕਦਾ ਹੈ। ਇਸ ’ਤੇ ਬੈਂਚ ਨੇ ਕਿਹਾ ਕਿ ਜੇ ਕੋਈ ਬਹੁਤ ਜ਼ਰੂਰੀ ਨਹੀਂ ਹੈ ਤਾਂ ਇਸ ਮਾਮਲੇ ਦੀ ਅਗਲੀ ਸੁਣਵਾਈ 11 ਜਨਵਰੀ ਨੂੰ ਹੋ ਸਕਦੀ ਹੈ। ਸਾਰੇ ਪੱਖਾਂ ਨੇ ਇਸ ’ਤੇ ਸਹਿਮਤੀ ਦਿੱਤੀ।


Harinder Kaur

Content Editor

Related News