'ਵਿਟਾਮਿਨ ਸੀ' ਦੀ ਦਰਾਮਦ ਨੂੰ ਲੈ ਕੇ ਭਾਰਤ ਦੀ ਰਾਡਾਰ 'ਤੇ ਚੀਨ, ਜਾਂਚ ਸ਼ੁਰੂ

Monday, Sep 07, 2020 - 04:19 PM (IST)

'ਵਿਟਾਮਿਨ ਸੀ' ਦੀ ਦਰਾਮਦ ਨੂੰ ਲੈ ਕੇ ਭਾਰਤ ਦੀ ਰਾਡਾਰ 'ਤੇ ਚੀਨ, ਜਾਂਚ ਸ਼ੁਰੂ

ਨਵੀਂ ਦਿੱਲੀ— ਭਾਰਤ ਨੇ ਦਵਾਈਆਂ ਦੇ ਉਤਪਾਦਨ ਲਈ ਫਾਰਮਾ ਕੰਪਨੀਆਂ ਵੱਲੋਂ ਵਰਤੀ ਜਾਂਦੀ 'ਵਿਟਾਮਿਨ ਸੀ' ਦੇ ਚੀਨ ਤੋਂ ਕਥਿਤ ਤੌਰ 'ਤੇ ਵੱਡੇ ਪੱਧਰ 'ਤੇ ਹੋ ਰਹੀ ਡੰਪਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਘਰੇਲੂ ਨਿਰਮਾਤਾ ਨੇ ਇਸ ਦੀ ਸ਼ਿਕਾਇਤ ਕੀਤੀ ਸੀ।

ਬਜਾਜ ਹੈਲਥਕੇਅਰ ਲਿਮਟਿਡ ਨੇ ਇਸ ਮਾਮਲੇ ਦੀ ਸ਼ਿਕਾਇਤ ਵਣਜ ਮੰਤਰਾਲਾ ਦੀ ਜਾਂਚ ਏਜੰਸੀ ਡੀ. ਜੀ. ਟੀ. ਆਰ. ਅੱਗੇ ਦਾਇਰ ਕੀਤੀ ਹੈ।

ਇਸ 'ਚ ਕੰਪਨੀ ਨੇ ਦੋਸ਼ ਲਗਾਇਆ ਹੈ ਕਿ ਚੀਨ ਤੋਂ 'ਵਿਟਾਮਿਨ ਸੀ' ਦੇ ਡੰਪਿੰਗ ਕਾਰਨ ਘਰੇਲੂ ਉਦਯੋਗ ਪ੍ਰਭਾਵਿਤ ਹੋ ਰਿਹਾ ਹੈ। ਜਨਰਲ ਟਰੇਡ ਰੈਮੇਡੀਜ਼ ਦੇ ਡਾਇਰੈਕਟੋਰੇਟ ਜਨਰਲ (ਡੀ. ਜੀ. ਟੀ. ਆਰ.) ਦੇ ਨੋਟੀਫਿਕੇਸ਼ਨ ਮੁਤਾਬਕ, ਚੀਨ ਤੋਂ 'ਵਿਟਾਮਿਨ ਸੀ' ਦੀ ਦਰਾਮਦ 'ਤੇ ਐਂਟੀ-ਡੰਪਿੰਗ ਡਿਊਟੀ ਲਾਉਣ ਦੀ ਮੰਗ ਕੀਤੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਬਿਨੈਕਾਰਾਂ ਵੱਲੋਂ ਸੌਂਪੇ ਗਏ ਸ਼ੁਰੂਆਤੀ ਸਬੂਤਾਂ ਦੇ ਆਧਾਰ 'ਤੇ ਅਥਾਰਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜੇਕਰ ਜਾਂਚ 'ਚ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇੱਥੇ ਡੰਪਿੰਗ ਹੋ ਰਹੀ ਹੈ ਅਤੇ ਘਰੇਲੂ ਨਿਰਮਾਤਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਤਾਂ ਡੀ. ਜੀ. ਟੀ. ਆਰ. ਐਂਟੀ-ਡੰਪਿੰਗ ਡਿਊਟੀ ਦੀ ਸਿਫਾਰਸ਼ ਕਰੇਗਾ।

ਡੀ. ਜੀ. ਟੀ. ਆਰ. ਦੀ ਸਿਫਾਰਸ਼ 'ਤੇ ਸਰਕਾਰ ਇਹ ਡਿਊਟੀ ਲਾਉਂਦੀ ਹੈ। ਗੌਰਤਲਬ ਹੈ ਕਿ ਕੌਮਾਂਤਰੀ ਵਪਾਰ ਦੇ ਮਾਮਲੇ 'ਚ ਡੰਪਿੰਗ ਉਦੋਂ ਹੁੰਦੀ ਹੈ ਜਦੋਂ ਕੋਈ ਦੇਸ਼ ਜਾਂ ਫਰਮ ਆਪਣੇ ਘਰੇਲੂ ਬਾਜ਼ਾਰ 'ਚ ਉਸ ਸਾਮਾਨ ਜਾਂ ਉਤਪਾਦ ਦੀ ਕੀਮਤ ਤੋਂ ਘੱਟ ਕੀਮਤ 'ਤੇ ਕਿਸੇ ਵਸਤੂ ਦੀ ਬਰਾਮਦ ਕਰਦੀ ਹੈ।


author

Sanjeev

Content Editor

Related News