ਅਲੀਬਾਬਾ ਗਰੁੱਪ ਵੇਚ ਰਿਹਾ ਜ਼ੋਮੈਟੋ ''ਚ ਆਪਣੀ ਕੁਝ ਹਿੱਸੇਦਾਰੀ

Wednesday, Nov 30, 2022 - 04:19 PM (IST)

ਬਿਜਨੈੱਸ ਡੈਸਕ- ਚੀਨੀ ਈ-ਕਾਮਰਸ ਦਿੱਗਜ ਅਲੀਬਾਬਾ ਗਰੁੱਪ ਹੋਲਡਿੰਗਜ਼ ਲਿਮਟਿਡ ਆਨਲਾਈਨ ਫੂਡ ਡਿਲਿਵਰੀ ਐਪ ਕੰਪਨੀ ਜ਼ੋਮੈਟੋ 'ਚ ਕਰੀਬ 3 ਫੀਸਦੀ ਹਿੱਸੇਦਾਰੀ ਵੇਚਣ ਦੀ ਯੋਜਨਾ ਬਣਾ ਰਹੀ ਹੈ। ਅਲੀਬਾਬਾ ਫੂਡ ਡਿਲਿਵਰੀ ਪਲੇਟਫਾਰਮ ਜ਼ੋਮੈਟੋ 'ਚ ਇਹ ਹਿੱਸੇਦਾਰੀ 200 ਕਰੋੜ ਡਾਲਰ 'ਚ ਇਕ ਬਲਾਕ ਡੀਲ ਰਾਹੀਂ ਵੇਚੇਗੀ। ਰਾਇਟਰਜ਼ ਦੀ ਇੱਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਦਿੱਗਜ਼ ਬ੍ਰੋਕਰੇਜ ਫਰਮ ਮੋਰਗਨ ਸਟੈਨਲੀ ਇਸ ਡੀਲ ਦੀ ਬ੍ਰੋਕਰ ਹੈ। ਇਸ ਡੀਲ ਕਾਰਨ ਜ਼ੋਮੈਟੋ ਦੇ ਸਟਾਕ 'ਚ ਵੱਡੀ ਹਲਚੱਲ ਦੇਖਣ ਨੂੰ ਮਿਲ ਸਕਦੀ ਹੈ।
ਅਲੀਬਾਬਾ ਨੇ ਜ਼ੋਮੈਟੋ 'ਚ ਦੋ ਸਬਸਿਡੀਅਰੀ ਕੰਪਨੀਆਂ ਰਾਹੀਂ ਜ਼ੋਮੈਟੋ 'ਚ 13 ਫੀਸਦੀ ਹਿੱਸੇਦਾਰੀ ਹੈ। ਬੁੱਧਵਾਰ ਨੂੰ 3 ਫੀਸਦੀ ਸ਼ੇਅਰ ਬਲਾਕ ਡੀਲ 'ਚ ਵੇਚਣ ਤੋਂ ਬਾਅਦ ਅਲੀਬਾਬਾ ਕੋਲ 10 ਫੀਸਦੀ ਹਿੱਸੇਦਾਰੀ ਰਹਿ ਜਾਵੇਗੀ। ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਐਂਟੀ ਫਾਈਨਾਂਸ਼ੀਅਲ ਅਤੇ ਅਲੀਪੇ ਜ਼ੋਮੈਟੋ 'ਚ ਆਪਣੀ ਹਿੱਸੇਦਾਰੀ ਘਟਾ ਕੇ 10 ਫੀਸਦੀ ਕਰ ਲੇਵੇਗੀ।
ਸੀਨੀਅਰ ਲੈਵਲ ਦੇ ਲੋਕਾਂ ਨੇ ਦਿੱਤਾ ਅਸਤੀਫਾ 
ਅਲੀਬਾਬਾ ਦਾ ਅੰਸ਼ਕ ਤੌਰ 'ਤੇ ਨਿਕਾਸ ਅਜਿਹੇ ਸਮੇਂ ਆਇਆ ਹੈ ਜਦੋਂ ਜ਼ੋਮੈਟੋ ਦੇ ਸੀਨੀਅਰ ਲੈਵਲ ਦੇ ਲੋਕਾਂ ਨੇ ਹਾਲ ਹੀ 'ਚ ਅਸਤੀਫਾ ਦੇ ਦਿੱਤਾ ਹੈ। ਕੰਪਨੀ ਕਰੀਬ 4 ਫੀਸਦੀ ਲੋਕਾਂ ਦੀ ਛਾਂਟੀ ਵੀ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਬਲਾਕ ਡੀਲ ਬੁੱਧਵਾਰ ਨੂੰ ਹੋ ਸਕਦੀ ਹੈ, ਜਿਸ 'ਚ ਅਲੀਬਾਬਾ ਗਰੁੱਪ ਜ਼ੋਮੈਟੋ ਦੇ ਮੰਗਲਵਾਰ ਦੇ ਕਲੋਜ਼ਿੰਗ ਪ੍ਰਾਈਸ ਤੋਂ 5 ਤੋਂ 6 ਫੀਸਦੀ ਦੀ ਛੋਟ 'ਤੇ ਜ਼ੋਮੈਟੋ ਦੇ ਸ਼ੇਅਰ ਵੇਚਣ ਜਾ ਰਿਹਾ ਹੈ।
ਸ਼ੇਅਰ 'ਚ ਆਈ 55 ਫੀਸਦੀ ਦੀ ਗਿਰਾਵਟ
ਇਸ ਸਾਲ ਜ਼ੋਮੈਟੋ ਦੇ ਸ਼ੇਅਰ ਦੀ ਕੀਮਤ 'ਚ 55 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ, ਹਾਲਾਂਕਿ ਕੰਪਨੀ ਨੇ ਹਾਲ ਹੀ ਦੀਆਂ ਤਿਮਾਹੀਆਂ 'ਚ ਤੇਜ਼ ਰਾਜਸਵ  ਵਾਧਾ ਦੇਖਿਆ ਹੋਵੇ। ਇਸ ਤੋਂ ਪਹਿਲਾਂ ਜੁਲਾਈ ਮਹੀਨੇ 'ਚ ਜ਼ੋਮੈਟੋ 'ਚ ਲਾਕ-ਇਨ ਪੀਰੀਅਡ ਖਤਮ ਹੋਣ ਤੋਂ ਬਾਅਦ ਕੰਪਨੀ ਦੇ ਪ੍ਰਮੁੱਖ ਨਿਵੇਸ਼ਕ ਸਿਕੋਈਆ ਕੈਪੀਟਲ ਇੰਡੀਆ, ਟਾਈਗਰ ਗਲੋਬਲ ਮੈਨੇਜਮੈਂਟ ਅਤੇ ਉਬੇਰ ਨੇ ਬਲਾਕ ਡੀਲ ਜਾਂ ਓਪਨ ਮਾਰਕੀਟ 'ਚ ਆਪਣੀ ਹਿੱਸੇਦਾਰੀ ਵੇਚ ਦਿੱਤੀ ਸੀ।
ਅਗਸਤ ਦੇ ਆਖਰੀ ਹਫਤੇ 'ਚ ਜ਼ੋਮੈਟੋ ਨੇ ਸਟਾਕ ਐਕਸਚੇਂਜ ਫਾਈਲਿੰਗ 'ਚ ਕਿਹਾ ਕਿ ਸਿਕੋਈਆ ਕੈਪੀਟਲ ਨੇ 6 ਸਤੰਬਰ 2021 ਅਤੇ 14 ਅਕਤੂਬਰ 2021 ਦੇ ਵਿਚਾਲੇ 6.7 ਕਰੋੜ ਸ਼ੇਅਰ ਅਤੇ 27 ਜੂਨ 2022 ਤੋਂ 25 ਅਗਸਤ 2022 ਦੇ ਵਿਚਾਲੇ 10.5 ਕਰੋੜ ਸ਼ੇਅਰ ਵੇਚ ਕੇ ਆਪਣੀ ਹਿੱਸੇਦਾਰੀ ਨੂੰ 6.41 ਫੀਸਦੀ ਤੋਂ ਘਟਾ ਕੇ 4.4 ਫੀਸਦੀ ਕਰ ਦਿੱਤਾ। ਡਿਲਿਵਰੀ ਹੀਰੋ, ਜਿਸ ਦੀ ਫੂਡ ਡਿਲਿਵਰੀ ਯੂਨੀਕਾਰਨ 'ਚ ਲਗਭਗ 1.6 ਫੀਸਦੀ ਹਿੱਸੇਦਾਰੀ ਸੀ ਨੇ ਜੁਲਾਈ 'ਚ ਖੁੱਲ੍ਹੇ ਬਾਜ਼ਾਰ 'ਚ ਆਪਣੀ ਪੂਰੀ ਹਿੱਸੇਦਾਰੀ 60 ਡਾਲਰ ਮਿਲੀਅਨ 'ਚ ਵੇਚ ਦਿੱਤੀ।


Aarti dhillon

Content Editor

Related News