AIRASIA ਦਾ ਵੱਡਾ ਫ਼ੈਸਲਾ, ਹਵਾਈ ਅੱਡੇ 'ਤੇ ਮੁਸਾਫਰਾਂ ਕੋਲੋਂ ਵਸੂਲੇਗੀ ਇਹ ਫੀਸ
Tuesday, Sep 01, 2020 - 02:01 PM (IST)
ਸਿਡਨੀ— ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਟਾਫ ਨਾਲ ਸਰੀਰਕ ਸੰਪਰਕ ਨੂੰ ਘੱਟ ਕਰਨ ਦੇ ਮਕਸਦ ਨਾਲ ਏਅਰ ਏਸ਼ੀਆ ਗਰੁੱਪ ਨੇ ਮੰਗਲਵਾਰ ਨੂੰ ਕਿਹਾ ਕਿ ਹਵਾਈ ਅੱਡਾ ਕਾਊਂਟਰਾਂ 'ਤੇ ਚੈੱਕਇਨ ਕਰਾਉਣ ਵਾਲੇ ਮੁਸਾਫਰਾਂ ਕੋਲੋਂ ਉਹ ਫੀਸ ਵਸੂਲਣਾ ਸ਼ੁਰੂ ਕਰਨ ਜਾ ਰਿਹਾ ਹੈ।
ਯਾਤਰੀ ਜੋ ਏਅਰਲਾਈਨ ਦੀ ਵੈੱਬਸਾਈਟ, ਮੋਬਾਈਲ ਐਪ ਜਾਂ ਏਅਰਪੋਰਟ ਕਿਓਸਿਕ ਜ਼ਰੀਏ ਚੈੱਕਇਨ ਨਹੀਂ ਕਰਦੇ ਉਨ੍ਹਾਂ ਤੋਂ ਘਰੇਲੂ ਉਡਾਣਾਂ ਲਈ 20 ਮਲੇਸ਼ੀਆਈ ਰਿੰਗਗੀਟ ਯਾਨੀ 4.83 ਡਾਲਰ ਅਤੇ ਕੌਮਾਂਤਰੀ ਉਡਾਣਾਂ ਦੇ ਮਾਮਲੇ 'ਚ 30 ਮਲੇਸ਼ੀਆਈ ਰਿੰਗਿਟ ਯਾਨੀ 7.24 ਡਾਲਰ ਫੀਸ ਲਈ ਜਾਵੇਗੀ। ਹਾਲਾਂਕਿ ਕੁਝ ਹੱਦ ਤੱਕ ਛੋਟ ਵੀ ਲਾਗੂ ਹੋਵੇਗੀ।
ਏਅਰ ਏਸ਼ੀਆ ਗਰੁੱਪ ਦੇ ਪ੍ਰਮੁੱਖ ਸੰਚਾਲਨ ਅਧਿਕਾਰੀ ਜਾਵੇਦ ਮਲਿਕ ਨੇ ਕਿਹਾ ਕਿ ਫੀਸ ਹਵਾਈ ਯਾਤਰੀਆਂ ਨੂੰ ਡਿਜੀਟਲ ਤਕਨਾਲੋਜੀ ਦੇ ਇਸਤੇਮਾਲ ਲਈ ਉਤਸ਼ਾਹਤ ਕਰੇਗੀ।
ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਟਾਫ ਨਾਲ ਸਰੀਰਕ ਸੰਪਰਕ ਨੂੰ ਘੱਟ ਕਰਨ 'ਚ ਇਹ ਕਦਮ ਮਹੱਤਵਪੂਰਨ ਹੈ। ਗੌਰਤਲਬ ਹੈ ਕਿ ਯੂਰਪੀ ਕੰਪਨੀ ਰਾਇਨਅਰ ਹੋਲਡਿੰਗ ਵੱਲੋਂ ਚੈੱਕਇਨ ਲਈ ਚਾਰਜ ਕੀਤੇ ਜਾ ਰਹੇ 65.95 ਡਾਲਰ ਨਾਲੋਂ ਇਹ ਘੱਟ ਹੈ। ਉੱਥੇ ਹੀ, ਸੰਯੁਕਤ ਰਾਜ ਅਮਰੀਕਾ ਦੀ ਸਪਿਰਟ ਏਅਰਲਾਇੰਸ ਹਵਾਈ ਅੱਡੇ 'ਤੇ ਬੋਰਡਿੰਗ ਪਾਸ ਪ੍ਰਿੰਟ ਕਰਨ ਲਈ 10 ਡਾਲਰ ਲੈਂਦੀ ਹੈ।