UK ਲਈ ਉਡਾਣਾਂ ਰੱਦ ਹੋਣ ਪਿੱਛੋਂ ਏਅਰ ਇੰਡੀਆ ਨੇ ਦਿੱਤੀ ਇਹ ਵੱਡੀ ਰਾਹਤ
Tuesday, Dec 22, 2020 - 05:17 PM (IST)
ਨਵੀਂ ਦਿੱਲੀ- ਸਰਕਾਰ ਵੱਲੋਂ 22 ਦਸੰਬਰ ਤੋਂ 31 ਦਸੰਬਰ ਤੱਕ ਯੂ. ਕੇ. ਲਈ ਉਡਾਣਾਂ ਮੁਅੱਤਲ ਕਰਨ ਦੇ ਨਿਰਦੇਸ਼ਾਂ ਅਤੇ 22 ਦਸੰਬਰ ਤੋਂ 29 ਦਸੰਬਰ ਤੱਕ ਓਮਾਨ ਅਤੇ ਸਾਊਦੀ ਅਰਬ ਲਈ ਉਡਾਣਾਂ ਰੱਦ ਹੋਣ ਦੇ ਮੱਦੇਨਜ਼ਰ ਰਾਸ਼ਟਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਨੇ ਉਸ ਨਾਲ ਟਿਕਟ ਬੁੱਕ ਕਰ ਚੁੱਕੇ ਮੁਸਾਫ਼ਰਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਜਿਨ੍ਹਾਂ ਯਾਤਰੀਆਂ ਨੇ 22 ਤੋਂ 31 ਦਸੰਬਰ ਵਿਚਕਾਰ ਯੂ. ਕੇ. ਲਈ ਅਤੇ 22 ਤੋਂ 29 ਵਿਚਕਾਰ ਸਾਊਦੀ ਅਤੇ ਓਮਾਨ ਲਈ ਟਿਕਟ ਬੁੱਕ ਕੀਤੀ ਸੀ, ਉਹ ਇਸ ਮਿਆਦ ਦੌਰਾਨ ਯਾਤਰਾ ਦੁਬਾਰਾ ਨਿਰਧਾਰਤ ਕਰ ਸਕਦੇ ਹਨ।
ਕੰਪਨੀ ਨੇ ਕਿਹਾ ਹੈ ਕਿ ਉਹ 31 ਦਸੰਬਰ 2020 ਤੱਕ ਇਕ ਵਾਰ ਯਾਤਰਾ ਰੀ-ਸ਼ਡਿਊਲਿੰਗ, ਕੈਂਸਲੇਸ਼ਨ ਅਤੇ ਰੀਰੂਟਿੰਗ ਕਰਨ 'ਤੇ ਜੁਰਮਾਨਾ ਨਹੀਂ ਲਗਾਏਗੀ।
ਗੌਰਤਲਬ ਹੈ ਕਿ ਬ੍ਰਿਟੇਨ ਵਿਚ ਵਾਇਰਸ ਦੇ ਖ਼ਤਰਨਾਕ ਰੂਪ ਧਾਰਨ ਕਰਨ ਦੀ ਵਜ੍ਹਾ ਨਾਲ ਸਰਕਾਰ ਨੇ ਯੂ. ਕੇ.-ਭਾਰਤ ਦੀਆਂ ਸਾਰੀਆਂ ਉਡਾਣਾਂ ਨੂੰ 22 ਦਸੰਬਰ ਤੋਂ 31 ਦਸੰਬਰ ਤੱਕ ਮੁਅੱਤਲ ਕਰ ਦਿੱਤਾ ਹੈ। ਸਰਕਾਰ ਦੇ ਫ਼ੈਸਲੇ ਤੋਂ ਬਾਅਦ ਏਅਰ ਇੰਡੀਆ ਨੇ ਖਾੜੀ ਦੇਸ਼ ਓਮਾਨ ਅਤੇ ਸਾਊਦੀ ਅਰਬ ਦੀਆਂ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ। ਯੂ. ਕੇ. ਅਤੇ ਹੋਰ ਕੁਝ ਮੁਲਕਾਂ ਵਿਚ ਵਾਇਰਸ ਵਿਚ ਨਵੇਂ ਪਰਿਵਰਤਨ ਤੋਂ ਬਾਅਦ ਫਾਈਜ਼ਰ ਤੇ ਮੋਡੇਰਨਾ ਆਪਣੇ ਕੋਰੋਨਾ ਵਾਇਰਸ ਟੀਕਿਆਂ ਦੀ ਇਹ ਵੇਖਣ ਲਈ ਜਾਂਚ ਕਰ ਰਹੇ ਹਨ ਕਿ ਕੀ ਇਸ ਦੇ ਵਿਰੁੱਧ ਕੰਮ ਕਰ ਸਕਦੇ ਹਨ ਜਾਂ ਨਹੀਂ।