AIR INDIA ਵੱਲੋਂ 28 ਮਾਰਚ ਤੱਕ ਲਈ ਇਹ ਉਡਾਣਾਂ ਰੱਦ, ਜਾਣੋ ਕੀ ਹੈ ਵਜ੍ਹਾ
Tuesday, Feb 04, 2020 - 02:25 PM (IST)

ਨਵੀਂ ਦਿੱਲੀ— ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਚੀਨ ਨੂੰ ਸਭ ਫਲਾਈਟਸ ਰੱਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਦਿੱਲੀ-ਹਾਂਗਕਾਂਗ ਦੀ ਫਲਾਈਟ ਇਸ 8 ਫਰਵਰੀ ਤੋਂ 28 ਮਾਰਚ 2020 ਤੱਕ ਲਈ ਰੱਦ ਕਰ ਦਿੱਤੀ ਹੈ।
ਰਾਸ਼ਟਰੀ ਜਹਾਜ਼ ਕੰਪਨੀ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਅਸ਼ਵਨੀ ਲੋਹਾਨੀ ਨੇ ਮੰਗਲਵਾਰ ਨੂੰ ਕਿਹਾ, ''ਕੋਰੋਨਾ ਵਾਇਰਸ ਕਾਰਨ ਏਅਰ ਇੰਡੀਆ ਸ਼ੁੱਕਰਵਾਰ ਯਾਨੀ 7 ਫਰਵਰੀ ਨੂੰ ਉਡਾਣ ਭਰਨ ਤੋਂ ਬਾਅਦ ਉਸ ਤੋਂ ਅਗਲੇ ਦਿਨ ਹਾਂਗਕਾਂਗ ਲਈ ਉਡਾਣਾਂ ਰੱਦ ਕਰਨ ਜਾ ਰਹੀ ਹੈ।'' ਨਿੱਜੀਕਰਨ ਵੱਲ ਵੱਧ ਰਹੀ ਰਾਸ਼ਟਰੀ ਜਹਾਜ਼ ਕੰਪਨੀ ਦੀ ਚੀਨ ਨੂੰ ਇਕੋ-ਇਕ ਫਲਾਈਟ ਬਚੀ ਸੀ, ਜੋ ਹੁਣ ਤੱਕ ਉਡਾਣਾਂ ਭਰ ਰਹੀ ਸੀ। ਇਸ ਤੋਂ ਪਹਿਲਾਂ ਕੰਪਨੀ ਮੁੰਬਈ-ਦਿੱਲੀ-ਸ਼ੰਘਾਈ ਫਲਾਈਟਸ ਨੂੰ 31 ਜਨਵਰੀ ਤੋਂ ਰੱਦ ਕਰ ਚੁੱਕੀ ਹੈ, ਜੋ ਹਫਤੇ 'ਚ 6 ਦਿਨ ਉਡਾਣਾਂ ਭਰਦੀ ਸੀ। ਇਸੇ ਤਰ੍ਹਾਂ ਨਿੱਜੀ ਜਹਾਜ਼ ਕੰਪਨੀ ਇੰਡੀਗੋ ਨੇ ਵੀ ਚੀਨ ਲਈ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ।
ਉੱਥੇ ਹੀ, ਭਾਰਤ 'ਚ ਕੋਰੋਨਾ ਵਾਇਰਸ ਦੇ ਤਿੰਨ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਿਦੇਸ਼ ਮੰਤਰਾਲਾ ਨੇ ਪਿਛਲੇ ਦੋ ਹਫਤਿਆਂ 'ਚ ਚੀਨ ਦੀ ਯਾਤਰਾ ਕਰ ਚੁੱਕੇ ਵਿਦੇਸ਼ੀ ਲੋਕਾਂ ਤੇ ਚੀਨੀ ਲੋਕਾਂ ਨੂੰ ਜਾਰੀ ਕੀਤੇ ਵੈਲਿਡ ਵੀਜ਼ੇ ਵੀ ਰੱਦ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਸਰਕਾਰ ਨੇ ਚੀਨੀ ਯਾਤਰੀਆਂ ਲਈ ਈ-ਵੀਜ਼ਾ 'ਤੇ ਰੋਕ ਲਾਈ ਸੀ। ਜ਼ਿਕਰਯੋਗ ਹੈ ਕਿ ਚੀਨ 'ਚ ਹੁਣ ਤੱਕ 20,000 ਤੋਂ ਵੱਧ ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ ਤੇ ਇਹ 25 ਹੋਰ ਦੇਸ਼ਾਂ 'ਚ ਫੈਲ ਚੁੱਕਾ ਹੈ। ਭਾਰਤ 'ਚ ਹੁਣ ਤੱਕ ਤਿੰਨ ਕੋਰੋਨਾ ਵਾਇਰਸ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਇਹ ਸਾਰੇ ਕੇਰਲ ਦੇ ਹਨ। ਉੱਥੇ ਹੀ, ਚੀਨ 'ਚ ਹੁਣ ਤੱਕ ਇਸ ਵਾਇਰਸ ਕਾਰਨ 425 ਲੋਕਾਂ ਦੀ ਜਾਨ ਜਾ ਚੁੱਕੀ ਹੈ।