ਏਅਰ ਇੰਡੀਆ ਵਿਨਿਵੇਸ਼ : ਸਰਕਾਰ ਨੇ ਹਿੱਤਧਾਰਕਾਂ ਨੂੰ ਦਿੱਤਾ ਭਰੋਸਾ

01/14/2020 11:07:38 PM

ਨਵੀਂ ਦਿੱਲੀ (ਯੂ. ਐੱਨ. ਆਈ.)-ਸਰਕਾਰ ਨੇ ਕਿਹਾ ਹੈ ਕਿ ਏਅਰ ਇੰਡੀਆ ਦੇ ਵਿਨਿਵੇਸ਼ ਨੂੰ ਲੈ ਕੇ ਹਿੱਤਧਾਰਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਅਤੇ ਵਿਨਿਵੇਸ਼ ਪ੍ਰਕਿਰਿਆ ਦੌਰਾਨ ਏਅਰਲਾਈਨ ਦਾ ਨਿਰਵਿਘਨ ਸੰਚਾਲਨ ਯਕੀਨੀ ਕੀਤਾ ਜਾਵੇਗਾ।

ਸਰਕਾਰੀ ਜਹਾਜ਼ ਸੇਵਾ ਕੰਪਨੀ ਦੀ ਵਿਨਿਵੇਸ਼ ਪ੍ਰਕਿਰਿਆ ਤਹਿਤ ਇਸ ਦੇ ਲਈ ਵਿਸ਼ੇਸ਼ ਰੂਪ ’ਚ ਗਠਿਤ ਮੰਤਰੀਆਂ ਦੇ ਸਮੂਹ ਨੇ ਸ਼ੁਰੂਆਤੀ ਸੂਚਨਾ ਦਸਤਾਵੇਜ਼ ਅਤੇ ਬੋਲੀ ਦੀਆਂ ਸ਼ਰਤਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼ੁਰੂਆਤੀ ਸੂਚਨਾ ਦਸਤਾਵੇਜ਼ ਜਾਰੀ ਕਰ ਕੇ ਬੋਲੀ ਪ੍ਰਕਿਰਿਆ ਛੇਤੀ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ।

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਅੱਜ ਟਵੀਟ ਕਰ ਕੇ ਕਿਹਾ, ‘‘ਮੰਤਰਾਲਾ ਇਕ ਵਾਰ ਫਿਰ ਇਸ ਗੱਲ ਨੂੰ ਦੁਹਰਾਉਣਾ ਚਾਹੁੰਦਾ ਹੈ ਕਿ ਵਿਨਿਵੇਸ਼ ਦੀ ਦਿਸ਼ਾ ’ਚ ਅੱਗੇ ਵਧਣ ਨਾਲ ਸਰਕਾਰ ਇਹ ਯਕੀਨੀ ਕਰੇਗੀ ਕਿ ਏਅਰ ਇੰਡੀਆ ਦਾ ਸੰਚਾਲਨ ਨਿਰਵਿਘਨ ਰੂਪ ਨਾਲ ਚੱਲਦਾ ਰਹੇ ਅਤੇ ਇਸ ’ਚ ਸੁਧਾਰ ਹੋਵੇ। ਕਿਸੇ ਵੀ ਹਿੱਤਧਾਰਕ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।’’

ਇਸ ਤੋਂ ਪਹਿਲਾਂ ਏਅਰ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਸ਼ਵਿਨੀ ਲੋਹਾਨੀ ਵੀ ਹਿੱਤਧਾਰਕਾਂ ਨੂੰ ਭਰੋਸਾ ਦੇ ਚੁੱਕੇ ਹਨ ਕਿ ਵਿਨਿਵੇਸ਼ ਪ੍ਰਕਿਰਿਆ ਕਾਰਣ ਸਰਕਾਰੀ ਜਹਾਜ਼ ਸੇਵਾ ਕੰਪਨੀ ਦਾ ਸੰਚਾਲਨ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਹੀ ਮੌਕਾ ਮਿਲਣ ’ਤੇ ਕੰਪਨੀ ਆਪਣੇ ਨੈੱਟਵਰਕ ਅਤੇ ਬੇੜੇ ਦਾ ਵਿਸਥਾਰ ਵੀ ਕਰੇਗੀ।

ਏਅਰ ਇੰਡੀਆ ਦੀ ਦੇਣਦਾਰੀ ਵਧ ਕੇ ਪਹੁੰਚੀ 80,000 ਕਰੋਡ਼ ਰੁਪਏ ਤੋਂ ਪਾਰ

ਜ਼ਿਕਰਯੋਗ ਹੈ ਕਿ ਏਅਰ ਇੰਡੀਆ ਦੀ ਦੇਣਦਾਰੀ ਵਧ ਕੇ 80,000 ਕਰੋਡ਼ ਰੁਪਏ ਤੋਂ ਪਾਰ ਪਹੁੰਚ ਚੁੱਕੀ ਹੈ ਅਤੇ ਉਸ ਨੂੰ ਪਿਛਲੇ ਸਾਲ ਰੋਜ਼ਾਨਾ 22 ਤੋਂ 25 ਕਰੋਡ਼ ਰੁਪਏ ਦਾ ਨੁਕਸਾਨ ਹੋਇਆ ਹੈ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ’ਚ ਵੀ ਉਸ ਦੇ ਵਿਨਿਵੇਸ਼ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਸਮੇਂ ਕੰਪਨੀ ਨੂੰ ਖਰੀਦਣ ਲਈ ਕੋਈ ਖਰੀਦਦਾਰ ਸਾਹਮਣੇ ਨਹੀਂ ਆਇਆ। ਪਿਛਲੇ ਸਾਲ ਦੁਬਾਰਾ ਸੱਤਾ ’ਚ ਆਉਣ ’ਤੇ ਪਹਿਲਾਂ ਹੀ ਬਜਟ ’ਚ ਸਰਕਾਰ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਇਕ ਵਾਰ ਫਿਰ ਏਅਰ ਇੰਡੀਆ ਦੇ ਵਿਨਿਵੇਸ਼ ਦੀ ਕੋਸ਼ਿਸ਼ ਕਰੇਗੀ।


Karan Kumar

Content Editor

Related News