‘ਏਅਰ ਇੰਡੀਆ ਦਾ ਸੌਦਾ ਹੋਇਆ ਪੱਕਾ, 18000 ਕਰੋੜ ਰੁਪਏ ਦੀ ਡੀਲ ’ਤੇ ਕੀਤੇ ਹਸਤਾਖਰ’

Tuesday, Oct 26, 2021 - 11:47 AM (IST)

‘ਏਅਰ ਇੰਡੀਆ ਦਾ ਸੌਦਾ ਹੋਇਆ ਪੱਕਾ, 18000 ਕਰੋੜ ਰੁਪਏ ਦੀ ਡੀਲ ’ਤੇ ਕੀਤੇ ਹਸਤਾਖਰ’

ਨਵੀਂ ਦਿੱਲੀ– ਏਅਰ ਇੰਡੀਆ ਦੀ ਵਿਕਰੀ ਦੇ ਸੌਦੇ ’ਤੇ ਹੁਣ ਪੂਰੀ ਤਰ੍ਹਾਂ ਮੋਹਰ ਲੱਗ ਗਈ ਹੈ। ਸਰਕਾਰ ਨੇ ਟਾਟਾ ਸੰਨਜ਼ ਨਾਲ ਏਅਰ ਇੰਡੀਆ ਦੀ ਵਿਕਰੀ ਲਈ ਸ਼ੇਅਰ ਖਰੀਦ ਕੇ ਸਮਝੌਤੇ ’ਤੇ ਹਸਤਾਖਰ ਕਰ ਦਿੱਤੇ। ਇਸ ਹਸਤਾਖਰ ਤੋਂ ਬਾਅਦ ਹੁਣ ਏਅਰ ਇੰਡੀਆ ਟਾਟਾ ਸੰਨਜ਼ ਦੀ ਹੋ ਗਈ ਹੈ। ਇਸ ਸੌਦੇ ’ਚ ਏਅਰ ਇੰਡੀਆ ਐਕਸਪ੍ਰੈੱਸ ਅਤੇ ਗ੍ਰਾਊਂਡ ਹੈਂਡਲਿੰਗ ਕੰਪਨੀ ਏ. ਆਈ. ਐੱਸ. ਏ. ਟੀ. ਐੱਸ. ਦੀ ਵਿਕਰੀ ਵੀ ਸ਼ਾਮਲ ਹੈ।
ਜਨਤਕ ਖੇਤਰਾਂ ਦੇ ਉੱਦਮਾਂ ’ਚ ਸਰਕਾਰ ਦੀ ਹਿੱਸੇਦਾਰੀ ਵਿਕਰੀ ਦਾ ਪ੍ਰਬੰਧਨਕਰਨ ਵਾਲੇ ਨਿਵੇਸ਼ ਅਤੇ ਲੋਕ ਜਾਇਦਾਦ ਪ੍ਰਬੰਧਨ ਵਿਭਾਗ (ਦੀਪਮ) ਦੇ ਸਕੱਤਰ ਤੁਹਿਨ ਕਾਂਤ ਪਾਂਡੇ ਨੇ ਸ਼ੇਅਰ ਪਰਚੇਜ਼ ਐਗਰੀਮੈਂਟ ’ਤੇ ਹਸਤਾਖਰ ਕਰਦੇ ਹੋਏ ਆਪਣੇ ਟਵਿਟਰ ਪਲੇਟਫਾਰਮ ’ਤੇ ਤਸਵੀਰ ਸਾਂਝੀ ਕੀਤੀ ਹੈ। ਨਾਲ ਹੀ ਲਿਖਿਆ ਹੈ, ‘‘ਏਅਰ ਇੰਡੀਆ ਦੇ ਰਣਨੀਤਿਕ ਨਿਵੇਸ਼ ਲਈ ਟਾਟਾ ਸੰਨਜ਼ ਨਾਲ ਸਰਕਾਰ ਵਲੋਂ ਅੱਜ ਸ਼ੇਅਰ ਖਰੀਦ ਸਮਝੌਤੇ ’ਤੇ ਹਸਤਾਖਰ ਕੀਤੇ ਗਏ।
ਟਾਟਾ ਲਵੇਗੀ 15,300 ਕਰੋੜ ਰੁਪਏ ਦੇ ਕਰਜ਼ੇ ਦੀ ਜ਼ਿੰਮੇਵਾਰੀ
ਇਸ ਮਹੀਨੇ ਦੀ ਸ਼ੁਰੂਆਤ ’ਚ ਸਰਕਾਰ ਨੇ ਟਾਟਾ ਸੰਨਜ਼ ਦੀ ਇਕ ਇਕਾਈ ਟੈਲੇਸ ਪ੍ਰਾਈਵੇਟ ਲਿਮਟਿਡ ਵਲੋਂ ਏਅਰ ਇੰਡੀਆ ਲਈ ਬੋਲੀ ਨੂੰ ਸਵੀਕਾਰ ਕੀਤਾ ਗਿਆ ਸੀ। ਇਸ ਬੋਲੀ ’ਚ 2700 ਕਰੋੜ ਰੁਪਏ ਨਕਦ ਅਤੇ ਏਅਰਲਾਈਨ ਦਾ 15300 ਕਰੋੜ ਰੁਪਏ ਦੇ ਕਰਜ਼ੇ ਦੀ ਜ਼ਿੰਮੇਵਾਰੀ ਲੈਣ ਦਾ ਪ੍ਰਸਤਾਵ ਦਿੱਤਾ ਗਿਆ ਸੀ। ਇਸ ਤੋਂ ਬਾਅਦ 11 ਅਕਤੂਬਰ ਨੂੰ ਏਅਰ ਇੰਡੀਆ ਏਅਰਲਾਈਨ ’ਚ ਸਰਕਾਰ ਦੀ 100 ਫੀਸਦੀ ਹਿੱਸੇਦਾਰੀ ਵਿਕਰੀ ਦੀ ਪੁਸ਼ਟੀ ਲਈ ਟਾਟਾ ਗਰੁੱਪ ਨੂੰ ਇਕ ਲੈਟਰ ਆਫ ਇੰਟੈਂਟ ਜਾਰੀ ਕੀਤਾ ਗਿਆ।
ਏਅਰ ਇੰਡੀਆ ਟਾਟਾ ਦੇ ਪੋਰਟਫੋਲੀਓ ’ਚ ਤੀਜਾ ਏਅਰਲਾਈਨ ਬ੍ਰਾਂਡ ਹੋਵੇਗਾ। ਏਅਰ ਏਸ਼ੀਆ ਇੰਡੀਆ ਅਤੇ ਵਿਸਤਾਰਾ ’ਚ ਟਾਟਾ ਸੰਨਜ਼ ਦੀ ਵੱਡੀ ਹਿੱਸੇਦਾਰੀ ਹੈ।


author

Aarti dhillon

Content Editor

Related News