ਐਲੂਮੀਨੀਅਮ ਏਅਰ ਬੈਟਰੀ ਦੇ ਉਤਪਾਦਨ ਨੂੰ ਲੈ ਕੇ ਭਾਰਤ ਅਤੇ ਇਜ਼ਰਾਈਲ ਦੀਆਂ ਕੰਪਨੀਆਂ ’ਚ ਸਮਝੌਤਾ
Tuesday, Jul 19, 2022 - 05:24 PM (IST)
ਤੇਲ ਅਵੀਵ (ਭਾਸ਼ਾ) – ਭਾਰਤ ਅਤੇ ਇਜ਼ਰਾਈਲ ਦੀਆਂ ਪ੍ਰਮੁੱਖ ਕੰਪਨੀਆਂ ਨੇ ਇਲੈਕਟ੍ਰਿਕ ਵਾਹਨਾਂ ਲਈ ‘ਅਤਿ-ਆਧੁਨਿਕ ਐਲੂਮੀਨੀਅਮ ਏਅਰ ਬੈਟਰੀ’ ਦੇ ਉਤਪਾਦਨ ਨੂੰ ਲੈ ਕੇ ਹੱਥ ਮਿਲਾਇਆ ਹੈ। ਇਨ੍ਹਾਂ ਕੰਪਨੀਆਂ ਦਰਮਿਆਨ ਇਸ ਸਾਂਝੇਦਾਰੀ ਨਾਲ ਭਾਰਤ ’ਚ ਇਲੈਕਟ੍ਰਿਕ ਵਾਹਨਾਂ ਦੀ ਰਵਾਇਤ ਵਧੇਗੀ ਅਤੇ ਚਾਰਜਿੰਗ ਦੇ ਬੁਨਿਆਦੀ ਢਾਂਚੇ ਦੀ ਲੋੜ ਵੀ ਨਹੀਂ ਪਵੇਗੀ। ਨਾਲ ਹੀ ਬੈਟਰੀ ਦੀ ਦਰਾਮਦ ਵੀ ਘੱਟ ਹੋਵੇਗੀ ਅਤੇ ਊਰਜਾ ਖੇਤਰ ’ਚ ਆਤਮ-ਨਿਰਭਰ ਭਾਰਤ ਦੀ ਮੁਹਿੰਮ ਨੂੰ ਵੱਡਾ ਸਮਰਥਨ ਵੀ ਮਿਲੇਗਾ।
ਇਨ੍ਹਾਂ ਕੰਪਨੀਆਂ ਵਲੋਂ ਜਾਰੀ ਸਾਂਝੇ ਬਿਆਨ ਮੁਤਾਬਕ ਆਦਿੱਤਯ ਬਿਰਲਾ ਸਮੂਹ ਦੀ ਧਾਤੂ ਕੰਪਨੀ ਹਿੰਡਾਲਕੋ ਨੇ ਇਜ਼ਰਾਈਲ ਦੀ ਧਾਤੂ ਏਅਰ ਬੈਟਰੀ ਤਕਨੀਕ ਕੰਪਨੀ ਫਿਨਰਜੀ ਅਤੇ ਆਈ. ਓ. ਸੀ. ਫਿਨਰਜੀ ਪ੍ਰਾਈਵੇਟ ਲਿਮਟਿਡ ਨਾਲ ਇਕ ਸਮਝੌਤਾ ਕੀਤਾ ਹੈ। ਆਈ. ਓ. ਸੀ. ਫਿਨਰਜੀ ਦਰਅਸਲ ਆਈ. ਓ. ਸੀ. ਅਤੇ ਫਿਨਰਜੀ ਦਾ ਸਾਂਝਾ ਉੱਦਮ ਹੈ। ਇਹ ਸਮਝੌਤਾ ਐਲੂਮੀਅਮ ਏਅਰ ਬੈਟਰੀ ਤਿਆਰ ਕਰਨ ਨੂੰ ਲੈ ਕੇ ਕੀਤਾ ਗਿਆ ਹੈ। ਐਲੂਮੀਨੀਅਮ ਏਅਰ ਬੈਟਰੀ ਨੂੰ ਫਿਨਰਜੀ ਨੇ ਤਿਆਰ ਕੀਤਾ ਹੈ। ਇਹ ਬੈਟਰੀ ਭਾਰ ’ਚ ਹਲਕੀ ਹੁੰਦੀ ਹੈ ਅਤੇ ਇਸ ’ਚ ਊਰਜਾ ਸਮਰੱਥਾ ਵਧੇਰੇ ਹੁੰਦੀ ਹੈ, ਜਿਸ ਨਾਲ ਇਲੈਕਟ੍ਰਿਕ ਵਾਹਨ ਹੋਰ ਬੈਟਰੀ ਦੀ ਤੁਲਨਾ ’ਚ ਵਧੇਰੇ ਦੂਰੀ ਤੈਅ ਕਰ ਸਕਦੇ ਹਨ।
ਇਹ ਵੀ ਪੜ੍ਹੋ : ਰੁਪਏ 'ਚ ਇਤਿਹਾਸਕ ਗਿਰਾਵਟ, ਪਹਿਲੀ ਵਾਰ 80 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੱਕ ਡਿੱਗਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।