ਤੇਲ ਤੋਂ ਬਾਅਦ ਚੌਲਾਂ ਦੇ ਭਾਅ ਦੇਣਗੇ ਰਸੋਈ ਦੇ ਬਜਟ ਨੂੰ ਝਟਕਾ , ਵਧਣ ਲੱਗੇ ਰੇਟ

08/04/2022 11:02:43 AM

ਨਵੀਂ ਦਿੱਲੀ (ਇੰਟ.) – ਦੇਸ਼ ਦੇ ਪ੍ਰਮੁੱਖ ਚੌਲ ਉਤਪਾਦਕ ਖੇਤਰਾਂ ’ਚ ਮੀਂਹ ਘੱਟ ਪੈਣ ਨਾਲ ਇਸ ਵਾਰ ਚੌਲਾਂ ਦੇ ਬਿਜਾਈ ਖੇਤਰ ’ਚ ਜ਼ਬਰਦਸਤ ਕਮੀ ਆਈ ਹੈ। ਦੇਸ਼ ’ਚ ਚੌਲਾਂ ਦਾ ਰਕਬਾ 3 ਸਾਲਾਂ ਦੇ ਹੇਠਲੇ ਪੱਧਰ ’ਤੇ ਆ ਗਿਆ ਹੈ। ਚੌਲਾਂ ਦੇ ਬਿਜਾਈ ਏਰੀਆ ’ਚ ਕਮੀ ਆਉਣ ਅਤੇ ਐਕਸਪੋਰਟ ਮੰਗ ਵਧਣ ਨਾਲ ਦੇਸ਼ ’ਚ ਚੌਲਾਂ ਦੇ ਭਾਅ ਵੀ ਉੱਪਰ ਜਾਣ ਲੱਗੇ ਹਨ। ਕੁੱਝ ਇਲਾਕਿਆਂ ’ਚ ਤਾਂ ਕਈ ਕਿਸਮਾਂ ਦੇ ਰੇਟ 10 ਫੀਸਦੀ ਤੱਕ ਵਧ ਚੁੱਕੇ ਹਨ। ਜੇ ਭਾਰਤ ਦੇ ਚੌਲ ਉਤਪਾਦਨ ’ਚ ਕਮੀ ਆਉਂਦੀ ਹੈ ਤਾਂ ਇਸ ਨਾਲ ਗਲੋਬਲ ਖੁਰਾਕ ਸੁਰੱਖਿਆ ਲਈ ਵੀ ਸੰਕਟ ਖੜ੍ਹਾ ਹੋ ਜਾਵੇਗਾ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੌਲ ਐਕਸਪੋਰਟਰ ਦੇਸ਼ ਹੈ। ਕੁੱਲ ਗਲੋਬਲ ਚੌਲ ਕਾਰੋਬਾਰ ’ਚ ਭਾਰਤ ਦੀ 40 ਫੀਸਦੀ ਹਿੱਸੇਦਾਰੀ ਹੈ। ਰੂਸ-ਯੂਕ੍ਰੇਨ ਜੰਗ ਕਾਰਨ ਪਹਿਲਾਂ ਤੋਂ ਹੀ ਖਾਣ ਵਾਲੇ ਪਦਾਰਥਾਂ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋ ਚੁੱਕਾ ਹੈ। ਹੁਣ ਜੇ ਭਾਰਤ ’ਚ ਚੌਲ ਉਤਪਾਦਨ ’ਚ ਗਿਰਾਵਟ ਆਉਂਦੀ ਹੈ ਤਾਂ ਇਸ ਨਾਲ ਦੁਨੀਆ ’ਚ ਮਹਿੰਗਾਈ ਹੋਰ ਵਧੇਗੀ।

ਇਹ ਵੀ ਪੜ੍ਹੋ : ਟੈਕਸ ਚੋਰੀ ਦੇ ਮਾਮਲੇ ਵਿੱਚ ਚੀਨ ਦੀਆਂ ਮੋਬਾਈਲ ਕੰਪਨੀਆਂ 'ਤੇ ਕੀਤੀ ਗਈ ਸੀ ਇਹ ਕਾਰਵਾਈ , ਵਿੱਤ ਮੰਤਰੀ ਨੇ ਦਿੱਤਾ ਜਵਾਬ

ਬਿਜਾਈ ਖੇਤਰ ’ਚ 13 ਫੀਸਦੀ ਦੀ ਕਮੀ

ਇਕ ਰਿਪੋਰਟ ਮੁਤਾਬਕ ਇਸ ਮਾਨੂਸਨ ਸੀਜ਼ਨ ਦੌਰਾਨ ਮੀਂਹ ਦੀ ਕਮੀ ਕਾਰਨ ਚੌਲਾਂ ਦੀ ਬਿਜਾਈ ਦਾ ਕੰਮ ਪ੍ਰਭਾਵਿਤ ਹੋਇਆ ਹੈ। ਵਿਸ਼ੇਸ਼ ਕਰ ਕੇ ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਦੇ ਝੋਨਾ ਉਤਪਾਦਕ ਖੇਤਰਾਂ ’ਚ ਬਹੁਤ ਘੱਟ ਮੀਂਹ ਪਿਆ ਹੈ। ਇਸ ਕਾਰਨ ਇੱਥੇ ਬਿਜਾਈ ਬੁਰੀ ਤਰ੍ਹਾਂ ਪੱਛੜੀ ਹੈ। ਇਹ ਦੋਵੇਂ ਸੂਬੇ ਦੇਸ਼ ਦੇ ਕੁੱਲ ਚੌਲ ਉਤਪਾਦਨ ’ਚ 25 ਫੀਸਦੀ ਹਿੱਸੇਦਾਰੀ ਰੱਖਦੇ ਹਨ। ਇਨ੍ਹਾਂ ਤੋਂ ਇਲਾਵਾ ਬਿਹਾਰ, ਝਾਰਖੰਡ, ਤੇਲੰਗਾਨਾ, ਛੱਤੀਸਗੜ੍ਹ ਅਤੇ ਓਡਿਸ਼ਾ ਤੋਂ ਵੀ ਘੱਟ ਬਿਜਾਈ ਦੀਆਂ ਖਬਰਾਂ ਆ ਰਹੀਆਂ ਹਨ।

ਐਕਸਪੋਰਟ ਬੈਨ ਦਾ ਖਦਸ਼ਾ

ਵਪਾਰੀਆਂ ਦਾ ਕਹਿਣਾ ਹੈ ਕਿ ਚੌਲ ਉਤਪਾਦਨ ’ਚ ਕਮੀ ਆਉਣ ਨਾਲ ਭਾਰਤ ’ਚ ਮਹਿੰਗਾਈ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ। ਜੇ ਇਸ ਪ੍ਰਮੁੱਖ ਕਮੋਡਿਟੀ ਦਾ ਉਤਪਾਦਨ ਘੱਟ ਹੁੰਦਾ ਹੈ ਤਾਂ ਇਸ ਦੀ ਐਕਸਪੋਰਟ ’ਤੇ ਬੈਨ ਵੀ ਲੱਗ ਸਕਦਾ ਹੈ। ਭਾਰਤ ਕਰੀਬ 100 ਦੇਸ਼ਾਂ ਨੂੰ ਚੌਲਾਂ ਦੀ ਐਕਸਪੋਰਟ ਕਰਦਾ ਹੈ।

ਇਹ ਵੀ ਪੜ੍ਹੋ : ਆਟੋ ਕੰਪਨੀਆਂ ਦੀ ਵਿਕਰੀ ’ਚ ਉਛਾਲ, ਮਾਰੂਤੀ ਸੁਜ਼ੂਕੀ ਅਤੇ ਟਾਟਾ ਮੋਟਰਜ਼ ਦੀ ਸੇਲ ’ਚ ਵਾਧਾ

ਵਧਣ ਲੱਗੇ ਰੇਟ

ਐਕਸਪੋਰਟ ਮੰਗ ਵਧਣ ਅਤੇ ਘੱਟ ਉਤਪਾਦਨ ਦੇ ਖਦਸ਼ਿਆਂ ਕਾਰਨ ਭਾਰਤ ’ਚ ਚੌਲਾਂ ਦੇ ਰੇਟ ਵਧਣ ਲੱਗੇ ਹਨ। ਬੰਗਾਲ, ਓਡਿਸ਼ਾ ਅਤੇ ਛੱਤੀਸਗੜ੍ਹ ਵਰਗੇ ਸੂਬਿਆਂ ’ਚ ਪਿਛਲੇ ਦੋ ਹਫਤਿਆਂ ’ਚ ਚੌਲਾਂ ਦੀਆਂ ਕੁੱਝ ਕਿਸਮਾਂ ਦੇ ਰੇਟ 10 ਫੀਸਦੀ ਤੱਕ ਵਧ ਚੁੱਕੇ ਹਨ। ਕੋਲਕਾਤਾ ’ਚ ਪਿਛਲੇ ਇਕ ਸਾਲ ’ਚ (29 ਜੁਲਾਈ ਤੱਕ) ਚੌਲਾਂ ਦੀਆਂ ਪ੍ਰਚੂਨ ਕੀਮਤਾਂ ’ਚ 25 ਫੀਸਦੀ ਦਾ ਉਛਾਲ ਆਇਆ, ਜਦ ਕਿ ਰਾਂਚੀ ’ਚ ਇਹ 11.4 ਫੀਸਦੀ ਅਤੇ ਚੇਨਈ ’ਚ ਇਹ 5.5 ਫੀਸਦੀ ਵਧੀਆਂ ਹਨ। ਰਾਈਸ ਸ਼ਿਪਰਸ ਸਪੰਜ ਇੰਟਰਪ੍ਰਾਈਜਿਜ਼ ਲਿਮਟਿਡ ਦੇ ਡਾਇਰੈਕਟਰ ਮੁਕੇਸ਼ ਜੈਨ ਦਾ ਕਹਿਣਾ ਹੈ ਕਿ ਚੌਲਾਂ ਦਾ ਐਕਸਪੋਰਟ ਭਾਅ ਵੀ ਵਧ ਰਿਹਾ ਹੈ ਅਤੇ ਸਤੰਬਰ ਤੱਕ ਇਸ ਦੇ 400 ਡਾਲਰ ਟਨ ਹੋਣ ਦੀ ਸੰਭਾਵਨਾ ਹੈ। ਫਿਲਹਾਲ ਚੌਲ ਐਕਸਪੋਰਟ ਮੁੱਲ 365 ਡਾਲਰ ਪ੍ਰਤੀ ਟਨ ਹੈ।

ਇਹ ਵੀ ਪੜ੍ਹੋ : 5G ਸਪੈਕਟਰਮ ਦੀ ਨਿਲਾਮੀ ਖ਼ਤਮ, ਜਾਣੋ ਬੋਲੀ ਲਗਾਉਣ 'ਚ ਕਿਹੜੀ ਕੰਪਨੀ ਰਹੀ ਅੱਗੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News