ਵਾਹਨ ਨਿਰਮਾਤਾਵਾਂ ਨੂੰ ਫਲੈਕਸ ਈਂਧਨ ਵਾਲੇ ਇੰਜਣ ਲਗਾਉਣ ਲਈ ਐਡਵਾਈਜ਼ਰੀ ਜਾਰੀ
Friday, Dec 24, 2021 - 02:28 PM (IST)
ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਸੜਕ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਨੇ ਵਾਹਨ ਨਿਰਮਾਤਾਵਾਂ ਨੂੰ ਵਾਹਨਾਂ ’ਚ ਫਲੈਕਸ ਈਂਧਨ ਵਾਲੇ ਇੰਜਣ ਲਗਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਗਡਕਰੀ ਨੇ ਇਕ ਪ੍ਰੋਗਰਾਮ ’ਚ ਕਿਹਾ ਕਿ ਸਰਕਾਰ ਗ੍ਰੀਨ ਅਤੇ ਬਦਲ ਈਂਧਨ ਦੀ ਵਰਤੋਂ ਨੂੰ ਬੜ੍ਹਾਵਾ ਦੇਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਕ ਦਿਨ ਪਹਿਲਾਂ ਹੀ ਮੈਂ ਕਾਰ ਨਿਰਮਾਤਾਵਾਂ ਨੂੰ ਫਲੈਕਸ-ਈਂਧਨ ਇੰਜਣ ਬਣਾਉਣ ਦੀ ਸਲਾਹ ਦੇਣ ਵਾਲੀ ਇਕ ਫਾਈਲ ’ਤੇ ਹਸਤਾਖਰ ਕੀਤੇ। ਅਸੀਂ ਕਾਰ ਨਿਰਮਾਤਾਵਾਂ ਨੂੰ ਇਕ ਤੋਂ ਵੱਧ ਈਂਧਨ ’ਤੇ ਚੱਲਣ ਵਾਲੇ ਵਾਹਨਾਂ ’ਚ ਫਲੈਕਸ-ਈਂਧਨ ਵਾਲਾ ਇੰਜਣ ਲਗਾਉਣ ਲਈ 6 ਮਹੀਨਿਆਂ ਦਾ ਸਮਾਂ ਦਿੱਤਾ ਹੈ। ਫਲੈਕਸ ਈਂਧਨ ਯਾਨੀ ਲਚਕੀਲਾ ਈਂਧਨ ਗੈਸੋਲਿਨ ਅਤੇ ਮੀਥੇਨਾਲ ਜਾਂ ਈਥੇਨਾਲ ਦੇ ਮੇਲ ਤੋਂ ਬਣਿਆ ਇਕ ਬਦਲ ਈਂਧਨ ਹੈ। ਗਡਕਰੀ ਨੇ ਕਿਹਾ ਕਿ ਟੀ. ਵੀ. ਐੱਸ. ਮੋਟਰਜ਼ ਅਤੇ ਬਜਾਜ ਆਟੋ ਵਰਗੀਆਂ ਕੰਪਨੀਆਂ ਨੇ ਆਪਣੇ ਦੋਪਹੀਆ ਅਤੇ ਤਿੰਨਪਹੀਆ ਵਾਹਨਾਂ ਲਈ ਪਹਿਲਾਂ ਤੋਂ ਹੀ ਫਲੈਕਸ-ਈਂਧਨ ਦੇ ਅਨੁਕੂਲ ਇੰਜਣ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਗਡਕਰੀ ਨੇ ਕਿਹਾ ਕਿ ਛੇਤੀ ਹੀ ਚਾਰ ਪਹੀਆ ਵਾਹਨ 100 ਫੀਸਦੀ ਈਥੇਨਾਲ ’ਤੇ ਚੱਲਣਗੇ, ਇਸ ਲਈ ਸਾਨੂੰ ਪੈਟਰੋਲ ਦੀ ਲੋੜ ਨਹੀਂ ਰਹਿ ਜਾਵੇਗੀ ਅਤੇ ਗ੍ਰੀਨ ਈਂਧਨ ਦੀ ਵਰਤੋਂ ਨਾਲ ਪੈਸੇ ਦੀ ਵੀ ਬੱਚਤ ਹੋਵੇਗੀ।