ਦੇਸ਼ ਛੱਡ ਕੇ ਗਏ ਅਦਾਰ ਪੂਨਾਵਾਲਾ ਨੇ ਤੋੜੀ ਚੁੱਪੀ, ਦਿੱਤਾ ਹੈਰਾਨ ਕਰਨ ਵਾਲਾ ਜਵਾਬ

Sunday, May 02, 2021 - 11:04 AM (IST)

ਦੇਸ਼ ਛੱਡ ਕੇ ਗਏ ਅਦਾਰ ਪੂਨਾਵਾਲਾ ਨੇ ਤੋੜੀ ਚੁੱਪੀ, ਦਿੱਤਾ ਹੈਰਾਨ ਕਰਨ ਵਾਲਾ ਜਵਾਬ

ਨਵੀਂ ਦਿੱਲੀ - ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਹਾਂਮਾਰੀ ਦੀ ਦੂਸਰੀ ਲਹਿਰ ਦੌਰਾਨ ਪੁਣਾ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸ.ਆਈ.ਆਈ.) ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਕੋਵਿਡ -19 ਦੀ ਟੀਕੇ ਦੀ ਸਪਲਾਈ ਵਧਾਉਣ ਲਈ ਉਸ 'ਤੇ ਦਬਾਅ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰਾ ਭਾਰ ਉਸ ਦੇ ਸਿਰ 'ਤੇ ਪੈ ਰਿਹਾ ਹੈ ਜਦੋਂਕਿ ਇਹ ਕੰਮ ਇਕੱਲੇ ਉਸ ਦੇ ਵੱਸ ਦਾ ਨਹੀਂ ਹੈ। ਪੂਨਾਵਾਲਾ ਨੂੰ ਭਾਰਤ ਸਰਕਾਰ ਨੇ ਇਸ ਹਫ਼ਤੇ 'ਵਾਈ' ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਪੂਨਾਵਾਲਾ ਨੇ ਕਿਹਾ ਕਿ ਉਹ ਕੁਝ ਦਿਨਾਂ ਵਿਚ ਲੰਡਨ ਤੋਂ ਭਾਰਤ ਪਰਤਣਗੇ।

ਦਿੱਤਾ ਹੈਰਾਨ ਕਰਨ ਵਾਲਾ ਬਿਆਨ 

ਸਰਕਾਰ ਵਲੋਂ ਹਿਫਾਜ਼ਤ ਦਿੱਤੇ ਜਾਣ ਤੋਂ ਬਾਅਦ ਆਪਣੀ ਪਹਿਲੀ ਟਿੱਪਣੀ ਵਿਚ ਪੂਨਾਵਾਲਾ ਨੇ ਲੰਡਨ ਦੇ ਅਖਬਾਰ 'ਦਿ ਟਾਈਮਜ਼' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੇ ਸਭ ਤੋਂ ਸ਼ਕਤੀਸ਼ਾਲੀ ਕੁਝ ਲੋਕਾਂ ਨੇ ਕੋਵਿਸ਼ੀਲਡ ਟੀਕੇ ਦੀ ਸਪਲਾਈ ਦੀ ਮੰਗ ਨੂੰ ਲੈ ਕੇ ਉਸ ਨਾਲ ਫੋਨ 'ਤੇ ਗੁੱਸੇ ਨਾਲ ਗੱਲ ਕੀਤੀ ਹੈ। ਸੀ.ਆਈ.ਆਈ. ਭਾਰਤ ਵਿਚ ਆਕਸਫੋਰਡ / ਐਸਟਰੇਜਿਨਿਕਾ ਦਾ ਕੋਵਿਡ -19 ਟੀਕਾ ਤਿਆਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਬਾਅ ਕਾਰਨ ਹੀ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਲੰਡਨ ਆਇਆ ਹੈ। ਭਾਰਤ ਸਰਕਾਰ ਦੇ ਅਧਿਕਾਰੀਆਂ ਅਨੁਸਾਰ ਪੂਨਾਵਾਲਾ ਨੂੰ ਸੰਭਾਵੀ ਖ਼ਤਰੇ ਦੇਖਦੇ ਹੋਏ ਸੁਰੱਖਿਆ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਹੋਈ ਮੌਤ ਤਾਂ ਪਰਿਵਾਰਕ ਮੈਂਬਰਾਂ ਨੂੰ ਇਸ ਸਰਕਾਰੀ ਯੋਜਨਾ ਤੋਂ ਮਿਲਣਗੇ 2 ਲੱਖ ਰੁਪਏ

ਪੂਨਾਵਾਲਾ ਨੂੰ ਦਿੱਤੀ ਗਈ ਹੈ ਸੁਰੱਖਿਆ

ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਜਵਾਨ ਦੇਸ਼ ਵਿਚ ਕਿਤੇ ਵੀ ਉਸਦੀ ਸੁਰੱਖਿਆ ਲਈ ਹੋਣਗੇ। ਇਨ੍ਹਾਂ ਵਿਚ 4-5 ਕਮਾਂਡੋ ਹੋਣਗੇ। ਪੂਨਾਵਾਲਾ ਨੇ ਅਖਬਾਰ ਨੂੰ ਕਿਹਾ, 'ਮੈਂ ਨਿਰਧਾਰਤ ਸਮੇਂ ਨਾਲੋਂ ਜ਼ਿਆਦਾ ਇਥੇ (ਲੰਡਨ) ਰਹਿ ਰਿਹਾ ਹਾਂ, ਕਿਉਂਕਿ ਮੈਂ ਉਸ ਸਥਿਤੀ ਵਿਚ ਵਾਪਸ ਨਹੀਂ ਜਾਣਾ ਚਾਹੁੰਦਾ।' ਸਭ ਕੁਝ ਮੇਰੇ ਮੋਢਿਆਂ 'ਤੇ ਆ ਗਿਆ ਹੈ ਪਰ ਮੈਂ ਇਸ ਨੂੰ ਇਕੱਲੇ ਨਹੀਂ ਸੰਭਾਲ ਸਕਦਾ, ਮੈਂ ਅਜਿਹੀ ਸਥਿਤੀ ਵਿਚ ਨਹੀਂ ਰਹਿਣਾ ਚਾਹੁੰਦਾ ਜਿੱਥੇ ਤੁਸੀਂ ਸਿਰਫ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਸਿਰਫ ਇਸ ਲਈ ਕਿ ਤੁਸੀਂ ਹਰ ਕਿਸੇ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਦੇ, ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਬਦਲੇ ਵਿਚ ਉਹ ਕੀ ਕਰਨਗੇ।

ਇਹ ਵੀ ਪੜ੍ਹੋ : 1.71 ਲੱਖ ਹੈਲਥ ਕਲੇਮ ਲਟਕੇ, ਬੀਮਾ ਕੰਪਨੀਆਂ ਨੇ ਨਹੀਂ ਕੀਤਾ 6,649 ਕਰੋੜ ਦੇ ਦਾਅਵਿਆਂ ਦਾ ਭੁਗਤਾਨ

ਉਨ੍ਹਾਂ ਕਿਹਾ, 'ਲੋਕਾਂ ਦੀ ਉਮੀਦ ਅਤੇ ਕਠੋਰਤਾ ਦਾ ਪੱਧਰ ਸੱਚਮੁੱਚ ਹੈਰਾਨ ਕਰਨ ਵਾਲਾ ਹੈ। ਇਹ ਬਹੁਤ ਜ਼ਿਆਦਾ ਹੈ। ਹਰ ਕੋਈ ਸੋਚਦਾ ਹੈ ਕਿ ਉਨ੍ਹਾਂ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ। ਉਹ ਇਹ ਸਮਝ ਨਹੀਂ ਪਾ ਰਹੇ ਹਨ ਕਿ ਉਨ੍ਹਾਂ ਤੋਂ ਇਲਾਵਾ ਕਿਸੇ ਹੋਰ ਨੂੰ ਕਿਉਂ ਨਹੀਂ ਮਿਲਣਾ ਚਾਹੀਦਾ ਹੈ।' ਪੂਨਾਵਾਲਾ ਨੇ ਇੰਟਰਵਿਊ ਵਿਚ ਸੰਕੇਤ ਦਿੱਤਾ ਕਿ ਉਸ ਦੀ ਲੰਡਨ ਦੀ ਯਾਤਰਾ ਭਾਰਤ ਤੋਂ ਬਾਹਰ ਟੀਕੇ ਨਿਰਮਾਣ ਨੂੰ ਵਧਾਉਣ ਦੀਆਂ ਕਾਰੋਬਾਰੀ ਯੋਜਨਾਵਾਂ ਨਾਲ ਵੀ ਜੁੜੀ ਹੋਈ ਹੈ, ਅਤੇ ਲੰਡਨ ਉਸ ਦੀ ਪਹਿਲੀ ਪਸੰਦ ਵਿਚ ਸ਼ਾਮਲ ਹੋ ਸਕਦਾ ਹੈ। ਜਦੋਂ ਭਾਰਤ ਤੋਂ ਬਾਹਰ ਟੀਕਾ ਉਤਪਾਦਨ ਦੀਆਂ ਥਾਵਾਂ ਬਾਰੇ ਪੁੱਛਿਆ ਗਿਆ ਤਾਂ ਪੂਨਾਵਾਲਾ ਨੇ ਕਿਹਾ, 'ਅਗਲੇ ਦਿਨਾਂ ਵਿਚ ਇਸ ਬਾਰੇ ਇੱਕ ਐਲਾਨ ਕੀਤਾ ਜਾਵੇਗਾ।'

ਪੂਨਾਵਾਲਾ ਨੇ ਕਿਹਾ, 'ਅਸੀਂ ਸਚਮੁੱਚ ਹਰ ਕਿਸੇ ਦੀ ਮਦਦ ਲਈ ਪਰੇਸ਼ਾਨ ਹਾਂ। ਪੂਨਾਵਾਲਾ ਨੇ ਕਿਹਾ 'ਮੈਨੂੰ ਨਹੀਂ ਲਗਦਾ ਕਿ ਭਗਵਾਨ ਨੂੰ ਅੰਦਾਜ਼ਾ ਹੋਵੇਗਾ ਕਿ ਹਾਲਾਤ ਇੰਨੇ ਖ਼ਰਾਬ ਹੋਣ ਵਾਲੇ ਹਨ।' ਮੁਨਾਫ਼ਾਖ਼ੋਰੀ ਦੇ ਦੋਸ਼ ਨੂੰ ਉਨ੍ਹਾਂ ਨੇ ਪੂਰੀ ਤਰ੍ਹਾਂ ਗਲਤ ਦੱਸਿਆ ਅਤੇ ਕਿਹਾ ਕਿ ਕੋਵਿਸ਼ਿਲਡ ਅਜੇ ਵੀ ਦੁਨੀਆ ਦਾ ਸਭ ਤੋਂ ਸਸਤਾ ਟੀਕਾ ਹੈ। ਪੂਨਾਵਾਲਾ ਨੇ ਕਿਹਾ, 'ਅਸੀਂ ਕੁਝ ਗਲਤ ਜਾਂ ਮੁਨਾਫਾਖੋਰੀ ਨਹੀਂ ਕੀਤੀ ਹੈ। ਮੈਂ ਇੰਤਜ਼ਾਰ ਕਰਾਂਗਾ ਕਿ ਇਤਿਹਾਸ ਸਾਡੇ ਨਾਲ ਨਿਆਂ ਕਰੇ।'

ਇਹ ਵੀ ਪੜ੍ਹੋ : ‘ਬੀਮਾ ਕੰਪਨੀਆਂ ਇਕ ਘੰਟੇ ਦੇ ਅੰਦਰ ਨਿਪਟਾਉਣ ਕੋਵਿਡ-19 ਦਾ ਕੈਸ਼ਲੈੱਸ ਕਲੇਮ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News