ਦੇਸ਼ ਦੇ ਸਾਈਬਰ ਖੇਤਰ ’ਚ ਫੈਲ ਰਿਹਾ ਹੈ ਨਵਾਂ ਮੋਬਾਇਲ ਬੈਂਕਿੰਗ ਵਾਇਰਸ, ਵਿੱਤੀ ਧੋਖਾਦੇਹੀ ਦਾ ਜੋਖਮ
Friday, Sep 16, 2022 - 10:36 AM (IST)
ਨਵੀਂ ਦਿੱਲੀ (ਭਾਸ਼ਾ) – ਦੇਸ਼ ਦੇ ਸਾਈਬਰ ਖੇਤਰ ’ਚ ਨਵਾਂ ਮੋਬਾਇਲ ਬੈਂਕਿੰਗ ਵਾਇਰਸ ਫੈਲ ਰਿਹਾ ਹੈ। ਗਾਹਕਾਂ ਨੂੰ ਨਿਸ਼ਾਨਾ ਬਣਾ ਰਿਹਾ ਇਹ ਮੋਬਾਇਲ ਬੈਂਕਿੰਗ ਟ੍ਰੋਜਨ ਵਾਇਰਸ...ਸੋਵਾ...ਇਕ ਰੈਂਸਮਵੇਅਰ ਹੈ ਜੋ ਐਂਡ੍ਰਾਇਡ ਫੋਨ ਦੀ ਫਾਈਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਅਖੀਰ ਸੰਬੰਧਤ ਵਿਅਕਤੀ ਵਿੱਤੀ ਧੋਖਾਦੇਹੀ ਦਾ ਸ਼ਿਕਾਰ ਬਣ ਸਕਦਾ ਹੈ। ਇਕ ਵਾਰ ਮੋਬਾਇਲ ’ਚ ਆਉਣ ਤੋਂ ਬਾਅਦ ਇਸ ਨੂੰ ਹਟਾਉਣਾ ਵੀ ਕਾਫੀ ਮੁਸ਼ਕਲ ਹੈ। ਦੇਸ਼ ਦੀ ਸਾਈਬਰ ਸੁਰੱਖਿਆ ਏਜੰਸੀ ਨੇ ਆਪਣੀ ਤਾਜ਼ਾ ਸਲਾਹ ’ਚ ਇਹ ਕਿਹਾ ਹੈ।
ਭਾਰਤੀ ਸਾਈਬਰ ਖੇਤਰ ’ਚ ਇਸ ਵਾਇਰਸ ਦਾ ਸਭ ਤੋਂ ਪਹਿਲਾਂ ਜੁਲਾਈ ’ਚ ਪਤਾ ਲੱਗਾ ਸੀ। ਉਦੋਂ ਤੋਂ ਇਸ ਦਾ 5ਵਾਂ ਐਡੀਸ਼ਨ ਆ ਗਿਆ ਹੈ। ਸੀ. ਈ. ਆਰ. ਟੀ.-ਇਨ (ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ) ਨੇ ਕਿਹਾ ਕਿ ‘ਸੰਸਥਾਨ ਨੂੰ ਇਹ ਦੱਸਿਆ ਗਿਆ ਹੈ ਕਿ ਭਾਰਤੀ ਬੈਂਕ ਦੇ ਗਾਹਕਾਂ ਨੂੰ ਨਵੇਂ ਸੋਵਾ ਐਂਡ੍ਰਾਇਡ ਟ੍ਰੋਜਨ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ’ਚ ਮੋਬਾਇਲ ਬੈਂਕਿੰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮਾਲਵੇਅਰ ਦਾ ਪਹਿਲਾ ਐਡੀਸ਼ਨ ਲੁਕਵੇਂ ਤਰੀਕੇ ਨਾਲ ਸਤੰਬਰ 2021 ’ਚ ਬਾਜ਼ਾਰਾਂ ’ਚ ਵਿਕਰੀ ਲਈ ਆਇਆ ਸੀ। ਇਹ ਲਾਗਿੰਗ ਦੇ ਮਾਧਿਅਮ ਰਾਹੀਂ ਨਾਂ ਅਤੇ ਪਾਸਵਰਡ, ਕੁਕੀਜ਼ ਚੋਰੀ ਕਰਨਾ ਅਤੇ ਐਪ ਨੂੰ ਪ੍ਰਭਾਵਿਤ ਕਰਨ ’ਚ ਸਮਰੱਥ ਹੈ।