ਸਰਕਾਰ ਨੇ ਲੋਕ ਸਭਾ 'ਚ ਕਿਹਾ, 2 ਸਾਲਾਂ ਤੋਂ ਨਹੀਂ ਛਾਪੇ ਗਏ ਦੋ ਹਜ਼ਾਰ ਦੇ ਨੋਟ

03/16/2021 11:27:24 AM

ਨਵੀਂ ਦਿੱਲੀ- ਹੌਲੀ-ਹੌਲੀ ਏ. ਟੀ. ਐੱਮ. ਮਸ਼ੀਨਾਂ ਵਿਚ 2,000 ਰੁਪਏ ਦੇ ਨੋਟਾਂ ਦੀ ਗਿਣਤੀ ਘੱਟ ਹੋ ਰਹੀ ਹੈ। ਇਸ ਵਿਚਕਾਰ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਦੋ ਸਾਲਾਂ ਵਿਚ ਦੋ ਹਜ਼ਾਰ ਰੁਪਏ ਦੇ ਇਕ ਵੀ ਨੋਟ ਦੀ ਛਪਾਈ ਨਹੀਂ ਹੋਈ ਹੈ, ਜਦੋਂ ਕਿ ਇਨ੍ਹਾਂ ਦੀ ਗਿਣਤੀ ਵਿਚ ਕਮੀ ਆਈ ਹੈ। ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਕਿਹਾ ਕਿ ਦੋ ਹਜ਼ਾਰ ਰੁਪਏ ਦੇ ਨੋਟਾਂ ਦੀ ਅੰਤਿਮ ਛਪਾਈ ਅਪ੍ਰੈਲ 2019 ਵਿਚ ਕੀਤੀ ਗਈ ਸੀ।

ਲਿਖਤੀ ਜਵਾਬ ਵਿਚ ਉਨ੍ਹਾਂ ਨੇ ਦੱਸਿਆ ਕਿ 30 ਮਾਰਚ 2018 ਨੂੰ 2,000 ਰੁਪਏ ਦੇ 336.2 ਕਰੋੜ ਰੁਪਏ ਨੋਟ ਸਰਕੁਲੇਸ਼ਨ ਵਿਚ ਸਨ, ਜਦੋਂ ਕਿ 26 ਫਰਵਰੀ 2021 ਨੂੰ ਇਨ੍ਹਾਂ ਦੀ ਗਿਣਤੀ ਘੱਟ ਕੇ 249.9 ਕਰੋੜ ਰਹਿ ਗਈ। ਠਾਕੁਰ ਨੇ ਕਿਹਾ ਕਿ ਕਿਸੇ ਮੁੱਲ ਦੇ ਬੈਂਕ ਨੋਟਾਂ ਦੀ ਛਪਾਈ ਦਾ ਫ਼ੈਸਲਾ ਆਰ. ਬੀ. ਆਈ. ਦੀ ਸਲਾਹ 'ਤੇ ਲਿਆ ਜਾਂਦਾ ਹੈ, ਜੋ ਜਨਤਾ ਦੀ ਲੈਣ-ਦੇਣ ਦੀ ਮੰਗ ਨੂੰ ਪੂਰਾ ਕਰਨ ਲਈ ਹੁੰਦਾ ਹੈ। ਰਿਜ਼ਰਵ ਬੈਂਕ ਨੇ ਵਿੱਤੀ ਸਾਲ 2019-20 ਅਤੇ 2020-21 ਵਿਚ 2,000 ਰੁਪਏ ਦੇ ਨੋਟਾਂ ਦੀ ਛਪਾਈ ਦਾ ਆਰਡਰ ਨਹੀਂ ਦਿੱਤਾ ਹੈ। 

ਇਹ ਵੀ ਪੜ੍ਹੋਕ੍ਰਿਪਟੋਕਰੰਸੀ ਵੇਚਣ ਨੂੰ ਮਿਲਣਗੇ ਸਿਰਫ਼ 6 ਮਹੀਨੇ, ਫਿਰ ਸਜ਼ਾ ਤੇ ਜੁਰਮਾਨਾ

ਲਗਾਤਾਰ ਘਟੀ 2 ਹਜ਼ਾਰ ਦੇ ਨੋਟਾਂ ਦੀ ਛਪਾਈ-
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ 2019 ਵਿਚ ਦੱਸਿਆ ਸੀ ਕਿ ਵਿੱਤੀ ਸਾਲ 2016-17 ਵਿਚ 354.2 ਕਰੋੜ ਨੋਟਾਂ ਦੀ ਛਪਾਈ ਕੀਤੀ ਗਈ ਸੀ। 2017-18 ਵਿਚ ਸਿਰਫ਼ 11.15 ਕਰੋੜ ਨੋਟਾਂ ਦੀ ਛਪਾਈ ਕੀਤੀ ਗਈ। 2018-19 ਵਿਚ 4.669 ਕਰੋੜ ਨੋਟ ਛਾਪੇ ਗਏ, ਜਦੋਂ ਕਿ ਅਪ੍ਰੈਲ 2019 ਤੋਂ ਇਕ ਵੀ 2,000 ਰੁਪਏ ਦਾ ਨੋਟ ਨਹੀਂ ਛਾਪਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫ਼ੈਸਲਾ ਕਾਲੇਧਨ 'ਤੇ ਰੋਕ ਲਾਉਣ ਲਈ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ 'ਤੇ GST ਲਈ ਕੌਂਸਲ ਨੇ ਨਹੀਂ ਕੀਤੀ ਸਿਫਾਰਸ਼ : ਸੀਤਾਰਮਨ

► 2,000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਹੋਣ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News