30 ਜੂਨ ਤੱਕ 2000 ਰੁਪਏ ਦੇ 2.72 ਲੱਖ ਕਰੋੜ ਮੁੱਲ ਦੇ ਨੋਟ ਬੈਂਕਾਂ ''ਚ ਵਾਪਸ ਆਏ : ਆਰ. ਬੀ. ਆਈ.
Tuesday, Jul 04, 2023 - 10:55 AM (IST)
ਮੁੰਬਈ (ਭਾਸ਼ਾ) – ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੂੰ 2000 ਦੇ ਨੋਟਾਂ ਨੂੰ ਰਵਾਇਤ ’ਚੋਂ ਬਾਹਰ ਕਰਨ ਦੇ ਐਲਾਨ ਤੋਂ ਬਾਅਦ ਇਸ ਸਾਲ ਦੇ 30 ਜੂਨ ਤੱਕ 2.72 ਲੱਖ ਕਰੋੜ ਮੁੱਲ ਦੇ ਨੋਟ ਵਾਪਸ ਆ ਚੁੱਕੇ ਹਨ। ਆਰ. ਬੀ. ਆਈ. ਨੇ ਸੋਮਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ 31 ਮਾਰਚ 2023 ਤੱਕ 2000 ਦੇ 3.62 ਲੱਖ ਕਰੋੜ ਰੁਪਏ ਮੁੱਲ ਦੇ ਨੋਟ ਸਰਕੂਲਰ ’ਚ ਸਨ, ਜੋ 19 ਮਈ ਤੱਕ ਘਟ ਕੇ 3.56 ਲੱਖ ਕਰੋੜ ਰੁਪਏ ਰਹਿ ਗਏ।
ਦੱਸ ਦੇਈਏ ਕਿ ਇਸ ਸਾਲ 19 ਮਈ, 2023 ਨੂੰ 2000 ਰੁਪਏ ਦੇ ਨੋਟ ਵਾਪਸ ਲਏ ਜਾਣ ਦਾ ਐਲਾਨ ਕੀਤਾ ਗਿਆ ਸੀ। ਇਸ ਐਲਾਨ ਤੋਂ ਬਾਅਦ 30 ਜੂਨ ਤੱਕ ਬੈਂਕਾਂ ’ਚ 2.72 ਲੱਖ ਕਰੋੜ ਰੁਪਏ ਮੁੱਲ ਦੇ ਨੋਟ ਵਾਪਸ ਆ ਗਏ। ਇਸ ਮਿਆਦ ’ਚ 2000 ਦੇ ਸਰਕੂਲਰ ’ਚ ਮੌਜੂਦ ਕੁੱਲ ਨੋਟਾਂ ’ਚ 0.76 ਫ਼ੀਸਦੀ ਨੋਟ ਵਾਪਸ ਆ ਗਏ ਹਨ।
ਇਸ ਤਰ੍ਹਾਂ ਦੋ ਹਜ਼ਾਰ ਦੇ ਸਿਰਫ਼ 0.84 ਲੱਖ ਕਰੋੜ ਰੁਪਏ ਮੁੱਲ ਦੇ ਨੋਟ ਹੀ ਹੁਣ ਸਰਕੂਲਰ ’ਚ ਰਹਿ ਗਏ ਹਨ। ਆਰ. ਬੀ. ਆਈ. ਨੇ ਪ੍ਰਮੁੱਖ ਬੈਂਕਾਂ ਤੋਂ ਇਕੱਠੇ ਕੀਤੇ ਅੰਕੜਿਆਂ ਦੇ ਹਵਾਲੇ ਤੋਂ ਦੱਸਿਆ ਕਿ ਬੈਂਕਾਂ ’ਚ 2000 ਦੇ ਕੁੱਲ ਨੋਟਾਂ ’ਚੋਂ 87 ਫ਼ੀਸਦੀ ਜਮ੍ਹਾ ਦੇ ਰੂਪ ਚ ਵਾਪਸ ਆਏ, ਉੱਥੇ ਹੀ ਬਾਕੀ 13 ਫ਼ੀਸਦੀ ਨੋਟ ਬਦਲ ਗਏ ਹਨ। ਦੋ ਹਜ਼ਾਰ ਦੇ ਨੋਟ ਬਦਲਣ ਦੀ ਆਖਰੀ ਮਿਤੀ 30 ਸਤੰਬਰ ਹੈ।