15,000 ਤੋਂ ਵੱਧ ਕੰਪਨੀਆਂ ਨੇ ਭਾਰਤ ’ਚ ਆਪ੍ਰੇਸ਼ਨ ਸ਼ੁਰੂ ਕਰਨ ਲਈ ਕਰਵਾਈ ਰਜਿਸਟ੍ਰੇਸ਼ਨ
Sunday, Jul 07, 2024 - 01:53 PM (IST)
ਨਵੀਂ ਦਿੱਲੀ (ਅਨਸ) - ਜੂਨ ਮਹੀਨੇ ’ਚ 15,000 ਤੋਂ ਵੱਧ ਕੰਪਨੀਆਂ ਨੇ ਭਾਰਤ ’ਚ ਆਪਣੇ ਯੂਨਿਟ ਸੈੱਟਅਪ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ ’ਚ ਕਈ ਵਿਦੇਸ਼ੀ ਕੰਪਨੀਆਂ ਵੀ ਸ਼ਾਮਲ ਹਨ, ਜੋ ਕਿ ਵੱਡੀ ਗਿਣਤੀ ’ਚ ਇਨਫ੍ਰਾਸਟ੍ਰੱਕਟਰ ’ਚ ਵਰਤੋਂ ਹੋਣ ਵਾਲੀਆਂ ਮਸ਼ੀਨਾਂ ਬਣਾਉਦੀਆਂ ਹਨ।
ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਕੰਪਾਇਲ ਕੀਤਾ ਡਾਟਾ ਤੋਂ ਇਹ ਜਾਣਕਾਰੀ ਮਿਲੀ ਹੈ। ਉੱਚ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਹਾਈਵੇਅ, ਪੋਰਟ ਅਤੇ ਰੇਲਵੇ ਪ੍ਰਾਜੈਕਟ ’ਚ ਵੱਡੀ ਮਾਤਰਾ ’ਚ ਨਿਵੇਸ਼ ਕਾਰਨ ਵੱਡੀਆਂ ਮਸ਼ੀਨਾਂ ਦੀ ਮੰਗ ਦੇਖਣ ਨੂੰ ਮਿਲ ਰਹੀ ਹੈ। ਨਾਲ ਹੀ ਦੱਸਿਆ ਕਿ ਇਹ ਭਾਰਤ ਦੇ ਮੇਕ-ਇਨ-ਇੰਡੀਆ ਅਤੇ ਆਤਮਨਿਰਭਰ ਭਾਰਤ ਮੁਹਿੰਮ ਦੀ ਸਫਲਤਾ ਨੂੰ ਵੀ ਦਰਸਾਉਂਦਾ ਹੈ, ਜਿਸ ਕਾਰਨ ਵਿਦੇਸ਼ੀ ਕੰਪਨੀਆਂ ਭਾਰਤ ’ਚ ਆਪਣੇ ਆਪ੍ਰੇਸ਼ਨ ਸ਼ੁਰੂ ਕਰਨਾ ਚਾਹੁੰਦੀਆਂ ਹਨ।
ਯੂ. ਕੇ. ਦੀ ਕੰਪਨੀ ਆਗਰ ਟਾਰਕ ਯੂਰਪ ਲਿਮਟਿਡ, ਉਨ੍ਹਾਂ ਵਿਦੇਸ਼ੀ ਕੰਪਨੀਆਂ ’ਚੋਂ ਇਕ ਹੈ, ਜਿਨ੍ਹਾਂ ਨੇ ਭਾਰਤ ’ਚ ਆਪ੍ਰੇਸ਼ਨ ਸ਼ੁਰੂ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਹੈ, ਜੋ ਅਰਥ ਡਰਿੱਲ ਅਤੇ ਅਟੈਚਮੈਂਟ ਬਣਾਉਂਦੀ ਹੈ ਅਤੇ ਜਰਮਨੀ ਦੇ ਕਿੰਸ਼ੋਫਰ ਗਰੁੱਪ ਦਾ ਹਿੱਸਾ ਹੈ, ਜੋ ਟਰੱਕ ਕ੍ਰੇਨ ਅਤੇ ਐਕਸੀਵੇਟਰ ਲਈ ਅਟੈਚਮੈਂਟ ਬਣਾਉਦੀ ਹੈ।
ਜਾਪਾਨ ਦੀ ਟੋਮੋ ਇੰਜੀਨੀਅਰਿੰਗ ਕੰਪਨੀ ਲਿਮਟਿਡ ਵੀ ਇਸ ਸੂਚੀ ’ਚ ਸ਼ਾਮਲ ਹੈ, ਜੋ ਕਿ ਮਸ਼ੀਨਰੀ ਅਤੇ ਕੈਮੀਕਲ ਮੈਨੂਫੈਕਚਰਿੰਗ ਕਰਦੀ ਹੈ। ਇਕ ਹੋਰ ਜਾਪਾਨੀ ਕੰਪਨੀ ਕਾਵਾੜਾ ਇੰਡਸਟਰੀਜ਼ ਜੋ ਕਿ ਕੇ. ਟੀ. ਆਈ. ਕਾਵਾੜਾ ਸਮੂਹ ਦਾ ਹਿੱਸਾ ਹੈ, ਉਹ ਵੀ ਇਸ ਸੂਚੀ ’ਚ ਸ਼ਾਮਲ ਹੈ। ਇਹ ਕੰਪਨੀ ਇਫ੍ਰਾਸਟ੍ਰੱਕਚਰ ਬਣਾਉਣ ਅਤੇ ਮੈਂਟੀਨੈਂਸ ਦਾ ਕੰਮ ਕਰਦੀ ਹੈ।
ਰੂਸ ਦੀ ਹੈਵੀ ਮਸ਼ੀਨਰੀ ਬਣਾਉਣ ਵਾਲੀ ਕੰਪਨੀ ਅਤੇ ਯੂ. ਏ. ਈ. ਦੇ ਐਨਰਜੀ ਗਰੁੱਪ ਨੇ ਵੀ ਭਾਰਤ ’ਚ ਆਪ੍ਰੇਸ਼ਨ ਸ਼ੁਰੂ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਹੈ।