ਹਿਮਾਚਲ ਦੇ ਸੇਬ ਉਦਯੋਗ ਨੂੰ 1200 ਕਰੋੜ ਦਾ ਨੁਕਸਾਨ, ਖੋਖਲੇ ਸਾਬਤ ਹੋਏ ਸਰਕਾਰ ਦੇ ਦਾਅਵੇ

11/30/2019 2:43:38 PM

ਸ਼ਿਮਲਾ — ਹਿਮਾਚਲ ਦੇ ਬਾਗਾਂ ਨੂੰ ਮੌਜੂਦਾ ਸੇਬ ਸੀਜ਼ਨ 'ਚ 1200 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਸਹਿਣ ਕਰਨਾ ਪਿਆ ਹੈ। ਸੂਬੇ ਦੇ ਕੁੱਲ ਘਰੇਲੂ ਉਤਪਾਦ(GDP) 'ਚ ਹਰ ਸਾਲ ਔਸਤ 4200 ਕਰੋੜ ਦਾ ਯੋਗਦਾਨ ਦੇਣ ਵਾਲਾ ਸੇਬ ਇਸ ਵਾਰ ਉਤਪਾਦਕਾਂ ਦੀ ਝੋਲੀ ਵਿਚ ਕਰੀਬ 2925 ਕਰੋੜ ਹੀ ਪਾ ਸਕਿਆ ਹੈ। ਲਾਹੌਲ-ਸਪੀਤੀ ਅਤੇ ਕਿਨੌਰ ਦੀ ਫਸਲ ਸਮੇਤ ਐਮ.ਆਈ.ਐਸ. ਅਤੇ ਕਾਰਪੋਰੇਟ ਘਰਾਣਿਆਂ ਵਲੋਂ ਖਰੀਦਿਆ ਗਿਆ ਸੇਬ ਮਿਲਾ ਕੇ ਇਸ ਵਾਰ ਸੀਜ਼ਨ 3.24 ਕਰੋੜ ਪੇਟੀ ਤੱਕ ਹੀ ਸਿਮਟ ਕੇ ਰਹਿ ਗਿਆ ਹੈ। ਇਸ ਸਾਲ 2010 ਦੀ ਤੁਲਨਾ ਵਿਚ ਤਕਰੀਬਨ 2 ਕਰੋੜ ਪੇਟੀ ਘੱਟ ਆਈ ਹੈ। ਫਿਰ ਵੀ ਮੌਜੂਦਾ ਸੇਬ ਸੀਜ਼ਨ 'ਚ ਸਾਲ 2010 ਜਿੰਨੀ ਕੀਮਤ ਨਹੀਂ ਮਿਲ ਸਕੀ। ਇਸ ਦੀ ਸਿੱਧੀ ਮਾਰ ਸੂਬੇ ਭਰ 'ਚ ਸੇਬ ਦੀ ਖੇਤੀ ਕਰ ਰਹੇ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਪਰਿਵਾਰਾਂ 'ਤੇ ਪਈ ਹੈ।

ਮਾਹਰਾਂ ਦੀ ਮੰਨਿਏ ਤਾਂ ਸੇਬ ਸੀਜ਼ਨ ਦੇ ਸ਼ੁਰੂਆਤੀ ਦਿਨਾਂ 'ਚ ਹੀ ਕੁਝ ਵਪਾਰੀਆਂ ਵਲੋਂ ਬੰਪਰ ਫਸਲ ਦੀ ਝੂਠੀ ਅਫਵਾਹ ਫੈਲਾਈ ਗਈ ਸੀ। ਇਸ ਤੋਂ ਬਾਅਦ ਦੇਸ਼ ਭਰ 'ਚ ਸੇਬ ਦੀ ਕੀਮਤ ਵਿਚ ਗਿਰਾਵਟ ਆ ਗਈ। ਹਾਲਾਂਕਿ ਸ਼ੁਰੂਆਤੀ ਦਿਨਾਂ ਵਿਚ ਵਧੀਆ ਕਿਸਮ ਦਾ ਸੇਬ 3500 ਰੁਪਏ ਪ੍ਰਤੀ ਪੇਟੀ ਤੱਕ ਵੀ ਵਿਕਿਆ। ਪਰ ਜਿਵੇਂ ਹੀ ਬਜ਼ਾਰ ਵਿਚ ਵੱਡੀ ਮਾਤਰਾ ਵਿਚ ਸੇਬ ਆਉਣਾ ਸ਼ੁਰੂ ਹੋਇਆ, ਉਸ ਤੋਂ ਬਾਅਦ ਕੀਮਤਾਂ ਡਿੱਗ ਗਈਆਂ। ਕਈ ਉਤਪਾਦਕਾਂ ਦਾ 'ਏ' ਗਰੇਡ ਸੇਬ ਵੀ 'ਬੀ' ਗਰੇਡ ਦੀ ਕੀਮਤ 'ਤੇ ਵਿਕਿਆ। ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਦੁਨੀਆ ਭਰ ਵਿਚ ਸਭ ਤੋਂ ਵਧੀਆ ਮੰਨਿਆ ਜਾਣ ਵਾਲਾ ਕਿਨੌਰੀ ਸੇਬ ਵੀ ਘੱਟ ਕੀਮਤ 'ਤੇ ਵਿਕਿਆ।

ਸਰਕਾਰ ਨੇ ਮਾਰਕਿਟ ਸਥਿਰ ਕਰਨ ਲਈ ਨਹੀਂ ਚੁੱਕੇ ਕਦਮ

ਸੂਬਾ ਸਰਕਾਰ ਵੀ ਸੇਬ ਦੀ ਮਾਰਕਿਟ ਨੂੰ ਸਥਿਰ ਨਹੀਂ ਰੱਖ ਸਕੀ। ਇਸ ਲਈ ਸਰਕਾਰ ਵਲੋਂ ਕੋਈ ਖਾਸ ਕੋਸ਼ਿਸ਼ ਵੀ ਨਹੀਂ ਕੀਤੀ ਗਈ। ਹਾਲਾਂਕਿ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਬਾਗਵਾਨ ਮੰਤਰੀ ਨੇ ਅਧਿਕਾਰੀਆਂ ਦੇ ਨਾਲ ਆਯੋਜਿਤ ਬੈਠਕ ਵਿਚ ਦੇਸ਼ ਭਰ ਵਿਚ ਸੇਬ ਦੀ ਮੰਗ ਦਾ ਸਰਵੇਖਣ ਕਰਨ ਦਾ ਦਾਅਵਾ ਕੀਤਾ ਸੀ, ਤਾਂ ਜੋ ਜ਼ਰੂਰਤ ਦੇ ਹਿਸਾਬ ਨਾਲ ਸਾਰੇ ਬਜ਼ਾਰਾਂ ਵਿਚ ਸੇਬ ਭੇਜਿਆ ਜਾ ਸਕੇ, ਪਰ ਸਰਕਾਰ ਅਜਿਹਾ ਕਰਨ 'ਚ ਨਾਕਾਮਯਾਬ ਰਹੀ।


Related News