ਸ਼ੇਅਰ ਬਾਜ਼ਾਰ 'ਚ 10% ਦੀ ਗਿਰਾਵਟ, ਲੋਅਰ ਸਰਕਿਟ ਲੱਗਣ ਕਾਰਨ ਕਾਰੋਬਾਰ 45 ਮਿੰਟ ਲਈ ਬੰਦ

Monday, Mar 23, 2020 - 10:54 AM (IST)

ਸ਼ੇਅਰ ਬਾਜ਼ਾਰ 'ਚ 10% ਦੀ ਗਿਰਾਵਟ, ਲੋਅਰ ਸਰਕਿਟ ਲੱਗਣ ਕਾਰਨ ਕਾਰੋਬਾਰ 45 ਮਿੰਟ ਲਈ ਬੰਦ

ਮੁੰਬਈ — ਸ਼ੇਅਰ ਬਾਜ਼ਾਰ 'ਚ 1 ਮਹੀਨੇ ਵਿਚ ਦੂਜੀ ਵਾਰ ਅੱਜ ਫਿਰ 10 ਫੀਸਦੀ ਦਾ ਲੋਅਰ ਸਰਕਿਟ ਲੱਗ ਗਿਆ ਹੈ। ਹੁਣ 45 ਮਿੰਟ  ਬਾਅਦ ਕਾਰੋਬਾਰ ਸ਼ੁਰੂ ਹੋਵੇਗਾ। ਦੇਸ਼ ਦੀ ਸਭ ਤੋਂ ਵੱਡੀ ਆਟੋ ਕੰਪਨੀ ਮਾਰੂਤੀ ਸੁਜ਼ੂਕੀ ਦੇ ਸ਼ੇਅਰ 13 ਫੀਸਦੀ ਤੱਕ ਡਿੱਗ ਗਏ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਕੰਪਨੀ ਨੇ ਦੱਸਿਆ ਸੀ ਕਿ ਕੋਰੋਨਾ ਵਾਇਰਸ ਸੰਕਰਮਨ ਰੋਕਣ ਲਈ ਉਸਨੇ ਹਰਿਆਣਾ ਦੇ ਗੁਰੂਗ੍ਰਾਮ ਅਤੇ ਮਾਨੇਸਰ ਦਾ ਪਲਾਂਟ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਲਗਾਤਾਰ ਵਧ ਰਹੇ ਮਾਮਲਿਆਂ ਅਤੇ ਦੇਸ਼ ਦੇ ਕਈ ਹਿੱਸਿਆਂ 'ਚ ਲਾਕਡਾਊਨ ਵਿਚਕਾਰ ਅੱਜ ਸੋਮਵਾਰ(23 ਮਾਰਚ 2020) ਨੂੰ ਭਾਰਤੀ ਸ਼ੇਅਰ ਬਾਜ਼ਾਰ ਵੱਡੀ ਗਿਰਾਵਟ ਨਾਲ ਖੁੱਲ੍ਹੇ। ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਤੇ ਕੋਰੋਨਾ ਦਾ ਕਹਿਰ ਜਾਰੀ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 2307 ਅੰਕਾਂ ਦੀ ਭਾਰੀ ਗਿਰਾਵਟ ਦੇ ਨਾਲ 27,608.80 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਕਰੀਬ 800 ਅੰਕਾਂ ਦੀ ਗਿਰਾਵਟ ਦੇ ਨਾਲ 7945 'ਤੇ ਖੁੱਲ੍ਹਿਆ। ਸੈਂਸੈਕਸ ਦੇ ਸਾਰੇ 30 ਇੰਡੈਕਸ 'ਚ ਗਿਰਾਵਟ ਦੇਖੀ ਜਾ ਰਹੀ ਹੈ।

ਸਵੇਰੇ 9.57 ਵਜੇ ਤੱਕ ਸੈਂਸੈਕਸ 2932.30 ਅੰਕ(9.80 ਫੀਸਦੀ) ਟੁੱਟ ਕੇ 26,983.66 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਨਿਫਟੀ ਵੀ 834.10 ਅੰਕ(9.54 ਫੀਸਦੀ) ਦੀ ਗਿਰਾਵਟ ਦੇ ਨਾਲ 7,911.35 ਅੰਕ 'ਤੇ ਟ੍ਰੇਡ ਕਰ ਰਿਹਾ ਹੈ। ਕੋਰੋਨਾ ਵਾਇਰਸ ਵਧਣ ਦੇ ਕਾਰਨ ਐਤਵਾਰ ਨੂੰ ਪ੍ਰਧਾਨ ਮੰਤਰੀ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਕਈ ਸੂਬਿਆਂ ਨੇ 31 ਮਾਰਚ ਤੱਕ ਲਾਕਡਾਊਨ ਦਾ ਐਲਾਨ ਕੀਤਾ ਹੈ।

ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਰਹੀ ਸੀ ਤੇਜ਼ੀ

ਸਰਕਾਰ ਅਤੇ ਰਿਜ਼ਰਵ ਬੈਂਕ ਵਲੋਂ ਚੁੱਕੇ ਗਏ ਕਦਮਾਂ ਦੇ ਕਾਰਨ ਸ਼ੁੱਕਰਵਾਰ ਨੂੰ ਦੇਸ਼ ਦੇ ਬਾਜ਼ਾਰ ਵਾਧੇ ਨਾਲ ਬੰਦ ਹੋਏ ਸਨ। ਸੈਂਸੈਕਸ 1627.73 ਅੰਕ ਦੇ ਵਾਧੇ ਨਾਲ 29,915.96 ਅੰਕਾਂ 'ਤੇ ਅਤੇ ਨਿਫਟੀ 482.00 ਅੰਕ ਵਧ ਕੇ 8,749.70 ਅੰਕ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਅਮਰੀਕੀ ਬਾਜ਼ਾਰਾਂ 'ਚ ਵੀ ਗਿਰਾਵਟ ਰਹੀ। ਡਾਓ ਜੋਂਸ 913 ਅੰਕਾਂ ਦੀ ਗਿਰਾਵਟ ਦੇ ਨਾਲ 19,174 'ਤੇ ਬੰਦ ਹੋਇਆ ਸੀ। ਇਸ ਦੌਰਾਨ ਨੈਸਡੈਕ ਕੰਪੋਜ਼ਿਟ 271 ਅੰਕ ਡਿੱਗ ਕੇ 6,879.52 'ਤੇ ਬੰਦ ਹੋਇਆ ਸੀ। ਐਸ.ਐਂਡ.ਪੀ. 104 ਅੰਕ ਡਿੱਗ ਕੇ 2,304.92 ਅੰਕ 'ਤੇ ਰਿਹਾ।


author

Harinder Kaur

Content Editor

Related News