ਅਗਲੇ 2 ਸਾਲਾਂ ’ਚ 1,000 ਕੰਪਨੀਆਂ ਲਿਆਉਣਗੀਆਂ ਆਈ. ਪੀ. ਓ. : ਏ. ਆਈ. ਬੀ. ਆਈ.
Friday, Jan 17, 2025 - 09:14 PM (IST)
ਨਵੀਂ ਦਿੱਲੀ (ਭਾਸ਼ਾ) : ਅਗਲੇ 2 ਵਿੱਤੀ ਸਾਲਾਂ (2025-27) ’ਚ ਕੁੱਲ 1,000 ਕੰਪਨੀਆਂ ਆਪਣਾ ਆਈ. ਪੀ. ਓ. (ਇਨੀਸ਼ੀਅਲ ਪਬਲਿਕ ਆਫਰ) ਲਿਆ ਸਕਦੀਆਂ ਹਨ। ਐਸੋਸੀਏਸ਼ਨ ਆਫ ਇਨਵੈਸਟਮੈਂਟ ਬੈਂਕਰਜ਼ ਆਫ ਇੰਡੀਆ (ਏ. ਆਈ. ਬੀ. ਆਈ.) ਨੇ ਇਹ ਕਿਹਾ। ਆਈ. ਪੀ. ਓ. ਦੀ ਇਹ ਰਿਕਾਰਡ ਗਿਣਤੀ ਆਰਥਿਕ ਵਾਧਾ, ਅਨੁਕੂਲ ਬਾਜ਼ਾਰ ਹਲਾਤਾਂ ਅਤੇ ਨਿਆਮਕ ਢਾਂਚੇ ’ਚ ਸੁਧਾਰ ਤੋਂ ਪ੍ਰੇਰਿਤ ਹੋਵੇਗੀ।
ਨਿਵੇਸ਼ ਬੈਂਕਰਾਂ ਦੇ ਚੋਟੀ ਦੇ ਸੰਗਠਨ ਨੇ ਕਿਹਾ ਕਿ ਇਸ ਤੋਂ ਇਲਾਵਾ ਅਗਲੇ ਵਿੱਤੀ ਸਾਲ (ਵਿੱਤੀ ਸਾਲ 2025-26) ’ਚ ਆਈ. ਪੀ. ਓ. ਅਤੇ ਯੋਗ ਸੰਸਥਾਗਤ ਯੋਜਨਾ (ਕਿਊ. ਆਈ. ਪੀ.) ਰਾਹੀਂ ਪੈਸਾ ਜੁਟਾਉਣ ਦੀ ਕੁੱਲ ਰਾਸ਼ੀ 3 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਹੋਣ ਦਾ ਅੰਦਾਜ਼ਾ ਹੈ। ਪਿਛਲੇ ਕੁਝ ਸਾਲਾਂ ’ਚ ਭਾਰਤੀ ਪੂੰਜੀ ਬਾਜ਼ਾਰ ਬਹੁਤ ਤੇਜ਼ੀ ਨਾਲ ਵੱ ਰਿਹਾ ਹੈ।
ਪਿਛਲੇ 6 ਵਿੱਤੀ ਸਾਲਾਂ ’ਚ ਹੁਣ ਤੱਕ 851 ਕੰਪਨੀਆਂ ਨੇ ਆਈ. ਪੀ. ਓ. ਲਿਆ ਕੇ ਸਮੂਹਿਕ ਤੌਰ ’ਤੇ 4.58 ਲੱਖ ਕਰੋਡ਼ ਰੁਪਏ ਜੁਟਾਏ ਹਨ। ਇਨ੍ਹਾਂ ’ਚ 281 ਵੱਡੀਆਂ ਕੰਪਨੀਆਂ, ਜਦੋਂ ਕਿ ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ (ਐੱਸ. ਐੱਮ. ਈਜ਼) ਦੀ ਗਿਣਤੀ 570 ਰਹੀ। ਵਿੱਤੀ ਸਾਲ 2023-24 ’ਚ ਆਈ. ਪੀ. ਓ. ਰਾਹੀਂ ਕੁੱਲ 67,955 ਕਰੋਡ਼ ਰੁਪਏ ਜੁਟਾਏ ਗਏ। ਇਨ੍ਹਾਂ ’ਚ ਵੱਡੀਆਂ ਕੰਪਨੀਆਂ ਨੇ 61,860 ਕਰੋਡ਼ ਰੁਪਏ ਅਤੇ ਐੱਸ. ਐੱਮ. ਈਜ਼ ਨੇ 6,095 ਕਰੋਡ਼ ਰੁਪਏ ਜੁਟਾਏ ਹਨ।
ਇਸ ਤੋਂ ਇਲਾਵਾ 61 ਕਿਊ. ਆਈ. ਪੀ. ਰਾਹੀਂ ਲੱਗਭਗ 68,972 ਕਰੋਡ਼ ਰੁਪਏ ਜੁਟਾਏ ਗਏ। ਏ. ਆਈ. ਬੀ. ਆਈ. ਦੇ ਚੇਅਰਮੈਨ ਮਹਾਵੀਰ ਲੂਣਾਵਤ ਨੇ ਕਿਹਾ, “ਭਾਰਤ ਨੇ 2024 ’ਚ ਆਈ. ਪੀ. ਓ. ਮਾਤਰਾ ਦੇ ਮਾਮਲੇ ’ਚ ਗਲੋਬਲ ਪੱਧਰ ’ਤੇ ਸਿਖਰਲਾ ਸਥਾਨ ਹਾਸਲ ਕਰ ਕੇ ਇਕ ਬੇਮਿਸਾਲ ਪ੍ਰਾਪਤੀ ਹਾਸਲ ਕੀਤੀ ਹੈ। 335 ਆਈ. ਪੀ. ਓ. ਨਾਲ ਭਾਰਤ ਨੇ ਸਫਲਤਾਪੂਰਵਕ ਅਮਰੀਕਾ ਅਤੇ ਯੂਰਪ ਦੋਹਾਂ ਨੂੰ ਪਿੱਛੇ ਛੱਡ ਦਿੱਤਾ, ਜਿਸ ’ਚ ਅਮਰੀਕਾ ਅਤੇ ਯੂਰਪ ਦੇ ਮੁਕਾਬਲੇ ਸੂਚੀਬੱਧ ਆਈ. ਪੀ. ਓ. ਦੀ ਗਿਣਤੀ ਜ਼ਿਆਦਾ ਹੈ।”