ਭਾਰਤੀ ਕੰਪਨੀਆਂ ਦਾ ਵਿਦੇਸ਼ੀ ਨਿਵੇਸ਼ ਵਧਿਆ, 2800 ਅਰਬ ਤੱਕ ਪੁੱਜਾ ਅੰਕੜਾ

Tuesday, Jan 14, 2025 - 01:09 PM (IST)

ਭਾਰਤੀ ਕੰਪਨੀਆਂ ਦਾ ਵਿਦੇਸ਼ੀ ਨਿਵੇਸ਼ ਵਧਿਆ, 2800 ਅਰਬ ਤੱਕ ਪੁੱਜਾ ਅੰਕੜਾ

ਨਵੀਂ ਦਿੱਲੀ- ਭਾਰਤੀ ਕੰਪਨੀਆਂ ਵਲੋਂ 2024 ਵਿਚ ਵਿਦੇਸ਼ਾਂ ਵਿਚ ਨਿਵੇਸ਼ 'ਚ ਲੱਗਭਗ 50 ਫ਼ੀਸਦੀ ਦਾ ਵਾਧਾ ਹੋਇਆ ਹੈ। ਮਨੀ ਕੰਟਰੋਲ ਦੀ ਰਿਪੋਰਟ ਮੁਤਾਬਕ ਭਾਰਤੀ ਕੰਪਨੀਆਂ ਨੇ ਪਿਛਲੇ ਸਾਲ 32.5 ਅਰਬ ਡਾਲਰ (ਲੱਗਭਗ 2800 ਅਰਬ ਰੁਪਏ) ਵਿਦੇਸ਼ ਭੇਜੇ ਹਨ, ਜਦਕਿ 2023 ਵਿਚ ਇਹ ਅੰਕੜਾ 21.9 ਅਰਬ ਡਾਲਰ (ਲੱਗਭਗ 1900 ਅਰਬ ਰੁਪਏ) ਸੀ। ਇਨ੍ਹਾਂ ਨਿਵੇਸ਼ਾਂ ਨੂੰ ਓਵਰਸੀਜ਼ ਡਾਇਰੈਕਟ ਇਨਵੈਸਟਮੈਂਟ (ODI) ਰੂਟ ਜ਼ਰੀਏ ਭੇਜਿਆ ਗਿਆ ਹੈ, ਜੋ ਕੰਪਨੀਆਂ ਨੂੰ ਵਿਦੇਸ਼ਾਂ ਵਿਚ 1 ਅਰਬ ਡਾਲਰ (ਲੱਗਭਗ 85 ਅਰਬ ਰੁਪਏ) ਤੱਕ ਭੇਜਣ ਦੀ ਇਜਾਜ਼ਤ ਦਿੰਦਾ ਹੈ।

ਵੱਡੇ ODI ਲੈਣ-ਦੇਣ

ਇਸ ਸਾਲ ਦਾ ਸਭ ਤੋਂ ਵੱਡਾ ODI ਲੈਣ-ਦੇਣ ਫਰਵਰੀ ਵਿਚ ਹੋਇਆ, ਜਦੋਂ  ਲਾਰਸਨ ਅਤੇ ਟੂਬਰੋ (L&T)  ਨੇ ਆਪਣੀ ਸਾਊਦੀ ਅਰਬ ਦੀ ਸਹਾਇਕ ਕੰਪਨੀ ਵਿਚ ਲੱਗਭਗ 200 ਅਰਬ ਰੁਪਏ ਦਾ ਨਿਵੇਸ਼ ਕੀਤਾ। ਇਸ ਤੋਂ ਇਲਾਵਾ ਭਾਰਤ ਪੈਟਰੋ ਰਿਸੋਰਸੇਜ਼ ਨੇ ਅਗਸਤ ਵਿਚ ਨੀਦਰਲੈਂਡ 'ਚ ਲੱਗਭਗ 5700 ਕਰੋੜ ਰੁਪਏ ਡਾਲਰ ਦਾ ਨਿਵੇਸ਼ ਕੀਤਾ।  L&T ਨੇ ਸਾਊਦੀ ਵਿਚ ਗੈਸ ਪ੍ਰਾਜੈਕਟ ਅਤੇ ਟਰਾਂਸਮਿਸ਼ਨ ਅਤੇ ਵੰਡ ਨਾਲ ਸਬੰਧਤ ਵੱਡੇ ਆਰਡਰ ਵੀ ਪ੍ਰਾਪਤ ਕੀਤੇ ਹਨ। ਇਨ੍ਹਾਂ ਨਿਵੇਸ਼ਾਂ ਨੇ ਵਿਦੇਸ਼ੀ ਬਾਜ਼ਾਰ ਵਿਚ ਭਾਰਤੀ ਕੰਪਨੀਆਂ ਦੇ ਵਿਸਥਾਰ ਨੂੰ ਹੋਰ ਉਤਸ਼ਾਹਿਤ ਕੀਤਾ ਹੈ। ਇਸ ਤੋਂ ਇਲਾਵਾ ਟਾਟਾ ਸਟੀਲ ਨੇ ਸਿੰਗਾਪੁਰ ਸਥਿਤ ਟੀ ਸਟੀਲ ਹੋਲਡਿੰਗਜ਼ ਨੂੰ ਲਗਭਗ 3,400 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਅਤੇ ਕੰਪਨੀ ਦੇ 178 ਕਰੋੜ ਸ਼ੇਅਰ ਖਰੀਦੇ।

ਨਿਵੇਸ਼ ਦੇ ਪ੍ਰਮੁੱਖ ਦੇਸ਼

ਇਸ ਸਾਲ ਦੇ ODI ਨਿਵੇਸ਼ ਵਿਚ ਸਿੰਗਾਪੁਰ ਸਭ ਤੋਂ ਅੱਗੇ ਰਿਹਾ, ਜਿੱਥੇ ਕੁੱਲ ਨਿਵੇਸ਼ ਦਾ 20 ਫ਼ੀਸਦੀ ਭੇਜਿਆ ਗਿਆ। ਮਾਰੀਸ਼ਸ 14 ਫੀਸਦੀ ਹਿੱਸੇਦਾਰੀ ਨਾਲ ਦੂਜੇ ਸਥਾਨ 'ਤੇ ਰਿਹਾ। ਹੋਰ ਪ੍ਰਮੁੱਖ ਮੰਜ਼ਿਲ ਵਾਲੇ ਦੇਸ਼ ਅਮਰੀਕਾ, ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਨੀਦਰਲੈਂਡ ਸਨ। ਭਾਰਤੀ ਕੰਪਨੀਆਂ ਟੈਕਸ ਲਾਭਾਂ ਕਾਰਨ ਅਕਸਰ ਸਿੰਗਾਪੁਰ ਅਤੇ ਮਾਰੀਸ਼ਸ ਦੀ ਵਰਤੋਂ ਕਰਦੀਆਂ ਹਨ ਅਤੇ ਉਥੋਂ ਪੂੰਜੀ ਦੂਜੇ ਦੇਸ਼ਾਂ ਵਿਚ ਭੇਜੀ ਜਾਂਦੀ ਹੈ ਜਿੱਥੇ ਕੰਪਨੀਆਂ ਨੂੰ ਪੂੰਜੀ ਦੀ ਲੋੜ ਹੁੰਦੀ ਹੈ।


author

Tanu

Content Editor

Related News