ਸਰਕਾਰੀ ਬੈਂਕਾਂ ਖਿਲਾਫ ਮਿਲੀਆਂ 1.2 ਲੱਖ ਸ਼ਿਕਾਇਤਾਂ, SBI ਪਹਿਲੇ ਸਥਾਨ ’ਤੇ : ਆਰ. ਬੀ. ਆਈ.

12/26/2019 11:11:29 PM

ਨਵੀਂ ਦਿੱਲੀ (ਏਜੰਸੀਆਂ)-ਸਰਕਾਰੀ ਬੈਂਕਾਂ ਨੂੰ ਵਿੱਤੀ ਸਾਲ 2018-19 ’ਚ ਜੁਲਾਈ-ਜੂਨ ਮਿਆਦ ’ਚ 1.2 ਲੱਖ ਸ਼ਿਕਾਇਤਾਂ ਮਿਲੀਆਂ, ਜਿਸ ’ਚ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਪਹਿਲੇ ਸਥਾਨ ’ਤੇ ਰਿਹਾ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਜਾਰੀ ਰਿਪੋਰਟ ਅਨੁਸਾਰ ਨਿੱਜੀ ਬੈਂਕਾਂ ਦੇ ਮੁਕਾਬਲੇ ਸਰਕਾਰੀ ਬੈਂਕਾਂ ਦੀਆਂ ਕਾਫੀ ਸ਼ਿਕਾਇਤਾਂ ਮਿਲੀਆਂ। ਜ਼ਿਆਦਾਤਰ ਸ਼ਿਕਾਇਤਾਂ ਕ੍ਰੈਡਿਟ ਜਾਂ ਡੈਬਿਟ ਕਾਰਡ ਨੂੰ ਲੈ ਕੇ ਹਨ।

ਰਿਪੋਰਟ ਮੁਤਾਬਕ ਬੈਂਕਾਂ ’ਚ ਨਿਯਮਾਂ ਦੀ ਪਾਲਣਾ ਨਾ ਕਰਨ ਨੂੰ ਲੈ ਕੇ ਸ਼ਿਕਾਇਤਾਂ ਦੂਜੇ ਨੰਬਰ ’ਤੇ ਰਹੀਆਂ ਹਨ। ਸਰਕਾਰੀ ਬੈਂਕਾਂ ਤੋਂ ਗਾਹਕ ਕਾਫੀ ਪ੍ਰੇਸ਼ਾਨ ਦਿਸੇ। ਇਸ ਰਿਪੋਰਟ ਅਨੁਸਾਰ ਸਰਕਾਰੀ ਬੈਂਕਾਂ ’ਚ ਪਹਿਲੇ ਸਥਾਨ ’ਤੇ ਐੱਸ. ਬੀ. ਆਈ. ਰਿਹਾ, ਜਦੋਂਕਿ ਦੂਜੇ ਸਥਾਨ ’ਤੇ ਪੰਜਾਬ ਨੈਸ਼ਨਲ ਬੈਂਕ ਅਤੇ ਤੀਜੇ ਸਥਾਨ ’ਤੇ ਬੈਂਕ ਆਫ ਬੜੌਦਾ ਰਿਹਾ। ਐੱਸ. ਬੀ. ਆਈ. ਖਿਲਾਫ ਜਿੰਨੀਆਂ ਸ਼ਿਕਾਇਤਾਂ ਮਿਲੀਆਂ, ਉਹ ਸਾਰੇ 18 ਸਰਕਾਰੀ ਬੈਂਕਾਂ ਦੇ ਮੁਕਾਬਲੇ ਅੱਧੀਆਂ ਹਨ।

ਨਿੱਜੀ ਬੈਂਕਾਂ ਦੀਆਂ ਮਿਲੀਆਂ 55,000 ਸ਼ਿਕਾਇਤਾਂ

ਉਥੇ ਹੀ ਨਿੱਜੀ ਬੈਂਕਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੁਲ 55,000 ਸ਼ਿਕਾਇਤਾਂ ਆਰ. ਬੀ. ਆਈ. ਨੂੰ ਮਿਲੀਆਂ। ਇਨ੍ਹਾਂ ’ਚ ਐੱਚ. ਡੀ. ਐੱਫ. ਸੀ. ਬੈਂਕ ਪਹਿਲੇ ਸਥਾਨ ’ਤੇ, ਆਈ. ਸੀ. ਆਈ. ਸੀ. ਆਈ. ਬੈਂਕ ਦੂਜੇ ਅਤੇ ਐਕਸਿਸ ਬੈਂਕ ਤੀਜੇ ਸਥਾਨ ’ਤੇ ਰਿਹਾ। ਇਨ੍ਹਾਂ ਬੈਂਕਾਂ ਖਿਲਾਫ ਗਾਹਕਾਂ ਨੇ ਬਿਨਾਂ ਦੱਸੇ ਖਾਤੇ ’ਚੋਂ ਪੈਸੇ ਕੱਟਣ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਜ਼ਿਆਦਾਤਰ ਸ਼ਿਕਾਇਤਾਂ ਵੱਡੇ ਸ਼ਹਿਰਾਂ ਤੋਂ ਹਨ। ਆਰ. ਬੀ. ਆਈ. ਵੱਲੋਂ ਚਲਾਏ ਜਾ ਰਹੇ ਗਾਹਕ ਅਵੇਅਰਨੈੱਸ ਪ੍ਰੋਗਰਾਮਾਂ ਨਾਲ ਗਾਹਕ ਜ਼ਿਆਦਾ ਸ਼ਿਕਾਇਤਾਂ ਦਰਜ ਕਰਵਾ ਰਹੇ ਹਨ। ਹਾਲਾਂਕਿ ਸ਼ਿਕਾਇਤਾਂ ਦੀ ਗਿਣਤੀ ’ਚ ਪਿਛਲੇ ਸਾਲ ਦੇ ਮੁਕਾਬਲੇ 32,311 ਦਾ ਵਾਧਾ ਵੇਖਿਆ ਗਿਆ ਹੈ।


Karan Kumar

Content Editor

Related News