ਕਿਸਾਨ ਪਰਿਵਾਰ ਦੀਆਂ ਔਰਤਾਂ ਅਤੇ ਖੇਤੀਬਾੜੀ

08/31/2019 3:00:56 AM

ਪੂਰਨ ਚੰਦ ਸਰੀਨ

ਇਹ ਹੈਰਾਨ ਕਰਨ ਵਰਗੀ ਹਕੀਕਤ ਹੈ ਕਿ ਜਿਸ ਖੇਤੀਬਾੜੀ ਨੂੰ ਆਮ ਤੌਰ ’ਤੇ ਕਿਸਾਨ, ਭਾਵ ਇਕ ਮਰਦ ਦਾ ਕੰਮ ਸਮਝਿਆ ਜਾਂਦਾ ਹੈ, ਇਸ ਦੇ ਉਲਟ ਇਸ ਕੰਮ ’ਚ ਔਰਤਾਂ ਦਾ ਯੋਗਦਾਨ ਜ਼ਿਆਦਾ ਹੁੰਦਾ ਹੈ ਪਰ ਸਿਰਫ ਮਰਦ ਕੋਲ ਹੀ ਸÅਭ ਤਰ੍ਹਾਂ ਦੇ ਫੈਸਲੇ ਲੈਣ ਦਾ ਅਧਿਕਾਰ ਹੁੰਦਾ ਹੈ ਅਤੇ ਉਸ ਵਿਚ ਔਰਤ ਦੀ ਭੂਮਿਕਾ ਲੱਗਭਗ ਨਾਂਹ ਦੇ ਬਰਾਬਰ ਹੈ।

ਸਾਡਾ ਮਕਸਦ ਔਰਤ ਅਤੇ ਮਰਦ ਵਿਚਾਲੇ ਕੋਈ ਮੱਤਭੇਦ, ਪ੍ਰਤੀਯੋਗਿਤਾ ਜਾਂ ਛੋਟਾ-ਵੱਡਾ ਸਮਝਣ ਦਾ ਨਹੀਂ ਹੈ, ਸਗੋਂ ਇਹ ਹੈ ਕਿ ਜੇਕਰ ਔਰਤ ਖੇਤੀ ਕੰਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੀ ਹੈ ਤਾਂ ਇਸ ਗੱਲ ਦਾ ਫੈਸਲਾ ਕਰਨ ਦਾ ਜੇਕਰ ਉਸ ਨੂੰ ਪੂਰਾ ਅਧਿਕਾਰ ਨਹੀਂ ਵੀ ਦਿੰਦੇ, ਫਿਰ ਵੀ ਘੱਟੋ-ਘੱਟ ਉਸ ਦੀ ਰਾਇ ਤਾਂ ਲੈਣ ਕਿ ਖੇਤ ’ਚ ਉਗਾਉਣ ਲਈ ਕਿਹੜਾ ਬੀਜ ਵਧੀਆ ਰਹੇਗਾ, ਸਿੰਜਾਈ ਦਾ ਕਿਹੜਾ ਸਾਧਨ ਵਰਤਿਆ ਜਾਵੇ ਅਤੇ ਖਾਦ ਕਿਹੜੀ ਲੈਣੀ ਚਾਹੀਦੀ ਹੈ ਅਤੇ ਫਸਲ ਦੀ ਕਟਾਈ ਤੋਂ ਲੈ ਕੇ ਉਸ ਦੀ ਵਿਕਰੀ ਤਕ ਕਿੱਥੇ ਅਤੇ ਕਿਵੇਂ ਹੋਵੇ?

ਇਹ ਗੱਲ ਇਸ ਲਈ ਅਹਿਮ ਹੈ ਕਿਉਂਕਿ ਖੇਤੀਬਾੜੀ ਦਾ ਲੱਗਭਗ ਅੱਧਾ ਕੰਮ ਕਰਨਾ ਕਿਸਾਨ ਪਰਿਵਾਰ ਦੀਆਂ ਔਰਤਾਂ ਦੇ ਜ਼ਿੰਮੇ ਹੁੰਦਾ ਹੈ ਅਤੇ ਜੇਕਰ ਅੰਕੜੇ ਦੇਖੀਏ ਤਾਂ ਦੁਨੀਆ ਦੀਆਂ 80 ਫੀਸਦੀ ਔਰਤਾਂ ਖੇਤੀਬਾੜੀ ਨਾਲ ਜੁੜੀਆਂ ਹਨ ਅਤੇ ਸਾਡੇ ਦੇਸ਼ ਵਿਚ ਵੀ ਇਹ ਅੰਕੜਾ ਕੋਈ ਘੱਟ ਨਹੀਂ ਹੈ।

ਔਰਤਾਂ ਨੂੰ ਖੇਤੀ ਦੀ ਸਮਝ

ਅਜੇ ਜੋ ਅਸਲੀਅਤ ਹੈ, ਉਹ ਇਹ ਕਿ ਜੇਕਰ ਕਿਸਾਨ ਦੇ ਘਰ ਦੀ ਔਰਤ ਇਹ ਕਹੇ ਕਿ ਇਸ ਵਾਰ ਸਾਡੇ ਖੇਤ ’ਚ ਜੋ ਤੁਸੀਂ ਹਮੇਸ਼ਾ ਉਗਾਉਂਦੇ ਹੋ ਤਾਂ ਉਸ ਦੇ ਬਦਲੇ ਇਹ ਉਗਾਓ ਤਾਂ ਝਿੜਕ ਦਿੱਤਾ ਜਾਂਦਾ ਹੈ ਕਿ ਤੇਰਾ ਕੰਮ ਇਹ ਨਹੀਂ ਅਤੇ ਤੂੰ ਬਸ ਓਨਾ ਹੀ ਕਰ, ਜੋ ਤੈਨੂੰ ਬੀਜਣ, ਕੱਟਣ ਨੂੰ ਕਿਹਾ ਜਾਵੇ, ਸਾਨੂੰ ਮਰਦਾਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਕਿ ਕੀ ਉਗਾਉਣਾ ਹੈ ਅਤੇ ਕੀ ਨਹੀਂ? ਹੁਣ ਜਦੋਂ ਫਸਲ ਘੱਟ ਹੁੰਦੀ ਹੈ, ਮਰ ਜਾਂਦੀ ਹੈ ਅਤੇ ਘੱਟ ਜਾਂ ਜ਼ਿਆਦਾ ਅਤੇ ਗਲਤ ਖਾਦ ਅਤੇ ਪਾਣੀ ਦੇਣ ਨਾਲ ਨਸ਼ਟ ਹੋ ਜਾਂਦੀ ਹੈ ਤਾਂ ਕਿਸਾਨ ਇਸ ਦੇ ਲਈ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ ਹੈ ਪਰ ਉਸ ਨੂੰ ਇਹ ਮਨਜ਼ੂਰ ਨਹੀਂ ਕਿ ਇਸ ਕੰਮ ’ਚ ਆਪਣੇ ਘਰ ਦੀਆਂ ਔਰਤਾਂ ਨਾਲ ਸਲਾਹ-ਮਸ਼ਵਰਾ ਕਰ ਲੈਣ ਅਤੇ ਇਸ ਦਾ ਕਾਰਣ ਇਹ ਹੈ ਕਿ ਖੇਤਾਂ ਦੇ ਕੰਮ ’ਚ ਔਰਤਾਂ ਦਾ ਜ਼ਿਆਦਾ ਸਮਾਂ ਬੀਤਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਜ਼ਮੀਨ ਬਾਰੇ ਪਰਿਵਾਰ ਦੇ ਮਰਦਾਂ ਤੋਂ ਜ਼ਿਆਦਾ ਜਾਣਕਾਰੀ ਹੁੰਦੀ ਹੈ।

ਖੇਤੀਬਾੜੀ ਨਾਲ ਜੁੜੇ ਵਿਸ਼ਿਆਂ ’ਤੇ ਫਿਲਮਾਂ ਬਣਾਉਂਦੇ ਸਮੇਂ ਖ਼ੁਦ ਇਸ ਗੱਲ ਨੂੰ ਦੇਖਿਆ ਹੈ ਕਿ ਜੇਕਰ ਮੰਨ ਲਓ ਪੰਚਾਇਤ ਦੀ ਸਰਪੰਚ ਔਰਤ ਹੈ ਤਾਂ ਵੀ ਉਸ ਨੇ ਆਪਣੇ ਪਤੀ ਜਾਂ ਸਹੁਰੇ ਦੇ ਕਹਿਣ ਅਤੇ ਨਿਰਦੇਸ਼ ਅਨੁਸਾਰ ਹੀ ਪੰਚਾਇਤ ਦੇ ਫੈਸਲੇ ਕਰਨੇ ਹੁੰਦੇ ਹਨ ਅਤੇ ਜੇਕਰ ਕਿਸੇ ਔਰਤ ਸਰਪੰਚ ਨੇ ਆਪਣੀ ਮਰਜ਼ੀ ਨਾਲ ਕੁਝ ਕੀਤਾ ਤਾਂ ਪਰਿਵਾਰ ਵਿਚ ਉਸ ਦੀ ਦੁਰਦਸ਼ਾ ਹੋਣੀ ਨਿਸ਼ਚਿਤ ਹੈ।

ਸਾਡੇ ਦੇਸ਼ ਵਿਚ ਕਿਸਾਨੀ ਤੋਂ ਘੱਟ ਆਮਦਨ ਹੋਣ ਦਾ ਸਭ ਤੋਂ ਵੱਡਾ ਕਾਰਣ ਇਹ ਹੈ ਕਿ ਜ਼ਿਆਦਾਤਰ ਕਿਸਾਨ ਇਸ ਕੰਮ ਵਿਚ ਪੂਰਾ ਧਿਆਨ ਨਹੀਂ ਦਿੰਦੇ ਅਤੇ ਸਰਕਾਰ ਜਾਂ ਕੋਈ ਸੰਸਥਾ ਜੇਕਰ ਉਨ੍ਹਾਂ ਨੂੰ ਦੱਸਣ ਜਾਂ ਸਮਝਾਉਣ ਲਈ ਛਪੀ ਸਮੱਗਰੀ ਜਾਂ ਆਧੁਨਿਕ ਟੈਕਨਾਲੋਜੀ ਬਾਰੇ ਜਾਣਕਾਰੀ ਦਿੰਦੀ ਹੈ ਤਾਂ ਉਸ ਦੀ ਵਰਤੋਂ ਨਾ ਕਰ ਕੇ ਉਹ ਪੁਰਾਣੀਆਂ ਪ੍ਰਣਾਲੀਆਂ ਨਾਲ ਹੀ ਖੇਤੀਬਾੜੀ ਕਰਨ ਨੂੰ ਪਹਿਲ ਦਿੰਦੇ ਹਨ।

ਹਾਲਾਂਕਿ ਜਿਹੜੇ ਕਿਸਾਨ ਪਰਿਵਾਰਾਂ ਨੇ ਆਧੁਨਿਕ ਖੇਤੀ ਦੇ ਤਰੀਕਿਆਂ ਨੂੰ ਅਪਣਾਇਆ ਅਤੇ ਔਰਤਾਂ ਦਾ ਪੂਰਾ ਸਹਿਯੋਗ ਲਿਆ, ਉਹ ਖੁਸ਼ਹਾਲੀ ਦਾ ਸੁਆਦ ਲੈ ਰਹੇ ਹਨ ਪਰ ਇਹ ਵਧਦੀ ਮੰਗ ਅਨੁਸਾਰ ਨਾ ਹੋਣ ਕਰਕੇ ਪੁਰਾਣੇ ਪੈ ਚੁੱਕੇ ਤਰੀਕਿਆਂ ਨਾਲ ਖੇਤੀ ਕਰਨ ਵਾਲੇ ਜ਼ਿਆਦਾਤਰ ਕਿਸਾਨ ਬਦਹਾਲੀ ਅਤੇ ਗਰੀਬੀ ਦੀ ਹਾਲਤ ਵਿਚ ਜੀਅ ਰਹੇ ਹਨ।

ਸੰਯੁਕਤ ਰਾਸ਼ਟਰ ਦੀ ਫੂਡ ਅਤੇ ਐਗਰੀਕਲਚਰ ਸੰਸਥਾ ਦੀ ਇਕ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ ਕਿ ਮਹਿਲਾ ਕਿਸਾਨਾਂ ਦਾ ਖੇਤੀ ਉਤਪਾਦਨ 30 ਫੀਸਦੀ ਤਕ ਇਸ ਲਈ ਘੱਟ ਹੁੰਦਾ ਹੈ ਕਿਉਂਕਿ ਉਨ੍ਹਾਂ ਕੋਲ ਉਹ ਜਾਣਕਾਰੀ ਅਤੇ ਸਾਧਨ ਨਹੀਂ ਪਹੁੰਚਦੇ, ਜੋ ਮਰਦਾਂ ਕੋਲ ਆਉਂਦੇ ਹਨ ਅਤੇ ਉਹ ਉਨ੍ਹਾਂ ਬਾਰੇ ਔਰਤਾਂ ਨੂੰ ਨਹੀਂ ਦੱਸਦੇ ਅਤੇ ਖ਼ੁਦ ਉਨ੍ਹਾਂ ਦੀ ਵਰਤੋਂ ਕਰਨ ਵਿਚ ਉਨ੍ਹਾਂ ਦੀ ਕੋਈ ਰੁਚੀ ਨਹੀਂ ਹੁੰਦੀ।

ਇਸ ਤੋਂ ਇਲਾਵਾ ਸਰਕਾਰ ਅਤੇ ਬਹੁਤ ਸਾਰੀਆਂ ਨਿੱਜੀ ਸੰਸਥਾਵਾਂ ਵਲੋਂ ਕਿਸਾਨਾਂ ਨੂੰ ਟ੍ਰੇਨਿੰਗ ਦੇਣ ਦੇ ਅਨੇਕ ਪ੍ਰੋਗਰਾਮ ਜਦੋਂ ਤਕ ਆਯੋਜਿਤ ਹੁੰਦੇ ਰਹਿੰਦੇ ਹਨ, ਉਨ੍ਹਾਂ ’ਚ ਮਰਦ ਕਿਸਾਨ ਹੀ ਜ਼ਿਆਦਾਤਰ ਜਾਂਦੇ ਹਨ ਅਤੇ ਜੇ ਕੋਈ ਔਰਤ ਜਾਂਦੀ ਵੀ ਹੈ ਤਾਂ ਉਸ ਦੀ ਕੁਝ ਪੁੁੱਛਣ ਦੀ ਹਿੰਮਤ ਹੀ ਨਹੀਂ ਹੁੰਦੀ ਕਿਉਂਕਿ ਟ੍ਰੇਨਰ ਮਰਦ ਹੁੰਦੇ ਹਨ ਅਤੇ ਪਿੰਡਾਂ ਦੀਆਂ ਔਰਤਾਂ ਲਈ ਇਹ ਵਰਜਿਤ ਹੈ ਕਿ ਉਹ ਪਰਾਏ ਮਰਦ ਨਾਲ ਗੱਲ ਕਰਨ। ਹੁਣ ਜੋ ਮਰਦ ਇਨ੍ਹਾਂ ’ਚ ਹਿੱਸਾ ਲੈਂਦੇ ਹਨ, ਉਨ੍ਹਾਂ ਲਈ ਇਹ ਸੈਰ-ਸਪਾਟਾ ਜ਼ਿਆਦਾ ਹੁੰਦਾ ਹੈ ਅਤੇ ਘਰ ਆਉਂਦੇ-ਆਉਂਦੇ ਉਹ ਸਭ ਕੁਝ ਭੁੱਲ ਚੁੱਕੇ ਹੁੰਦੇ ਹਨ, ਜੋ ਉਨ੍ਹਾਂ ਨੂੰ ਇਨ੍ਹਾਂ ਟ੍ਰੇਨਿੰਗ ਕੈਂਪਾਂ ਵਿਚ ਦੱਸਿਆ ਗਿਆ ਹੋਵੇ।

ਲੋੜ ਇਸ ਗੱਲ ਦੀ ਹੈ ਕਿ ਟ੍ਰੇਨਿੰਗ ਲਈ ਮਹਿਲਾ ਕਿਸਾਨਾਂ ਅਤੇ ਕਿਸਾਨ ਪਰਿਵਾਰ ਦੀਆਂ ਔਰਤਾਂ ਲਈ ਅਜਿਹੇ ਕੈਂਪ ਲਾਏ ਜਾਣ, ਜੋ ਔਰਤਾਂ ਲਈ ਔਰਤਾਂ ਵਲੋਂ ਆਯੋਜਿਤ ਹੋਣ। ਉਹ ਨਾ ਸਿਰਫ ਨਵੀਂ ਜਾਣਕਾਰੀ ਅਤੇ ਟੈਕਨਾਲੋਜੀ ਨੂੰ ਘਰ ਅਤੇ ਖੇਤਾਂ ਤਕ ਲੈ ਆਉਣਗੀਆਂ, ਸਗੋਂ ਮਰਦਾਂ ਨੂੰ ਵੀ ਪ੍ਰੇਰਣਾ ਦੇਣ ਦਾ ਕੰਮ ਕਰਨਗੀਆਂ, ਜੋ ਹੁਣ ਤਕ ਰਵਾਇਤੀ ਖੇਤੀ ਦੇ ਤਰੀਕਿਆਂ ਨਾਲ ਹੀ ਚਿੰਬੜੇ ਰਹਿਣਾ ਚਾਹੁੰਦੇ ਹਨ।

ਸਾਡੇ ਦੇਸ਼ ’ਚ ਜ਼ਿਆਦਾਤਰ ਖੇਤੀ ਛੋਟੀਆਂ ਜੋਤਾਂ ’ਚ ਹੁੰਦੀ ਹੈ, ਇਸ ਲਈ ਔਰਤਾਂ ਲਈ ਉਨ੍ਹਾਂ ਦਾ ਪ੍ਰਬੰਧ ਕਰਨਾ ਹੋਰ ਵੀ ਆਸਾਨ ਹੈ ਅਤੇ ਉਹ ਘਰ ਤੇ ਖੇਤ ਦੋਹਾਂ ਹੀ ਥਾਵਾਂ ਨੂੰ ਕੁਸ਼ਲਤਾਪੂਰਵਕ ਸੰਭਾਲ ਸਕਦੀਆਂ ਹਨ। ਇਸ ਦੇ ਨਾਲ-ਨਾਲ ਇਹ ਵੀ ਇਕ ਸੱਚਾਈ ਹੈ ਕਿ ਔਰਤਾਂ ਨੂੰ ਮਰਦਾਂ ਤੋਂ ਵੱਧ ਇਸ ਗੱਲ ਦੀ ਜਾਣਕਾਰੀ ਹੁੰਦੀ ਹੈ ਕਿ ਕੀ ਪੌਸ਼ਟਿਕ ਭੋਜਨ ਹੈ ਅਤੇ ਕਿਸ ਚੀਜ਼ ਦੀ ਪਰਿਵਾਰ ਨੂੰ ਲੋੜ ਹੈ, ਜਿਸ ਨਾਲ ਸਾਰੇ ਸਿਹਤਮੰਦ ਰਹਿਣ ਤਾਂ ਜੋ ਮਹਿਲਾ ਕਿਸਾਨ ਹੈ, ਉਹ ਇਸ ਗੱਲ ਦਾ ਪਹਿਲਾਂ ਧਿਆਨ ਰੱਖੇਗੀ ਕਿ ਉਸ ਦੇ ਖੇਤ ਤੋਂ ਜੋ ਉਪਜ ਨਿਕਲੇ, ਭਾਵੇਂ ਅਨਾਜ, ਫਲ, ਸਬਜ਼ੀ ਜਾਂ ਕੁਝ ਵੀ ਹੋਵੇ, ਉਹ ਪੌਸ਼ਟਿਕ ਵੀ ਹੋਵੇ ਅਤੇ ਜ਼ਿਆਦਾ ਸਮੇਂ ਤਕ ਟਿਕਾਊ ਵੀ ਹੋਵੇ ਤਾਂ ਕਿ ਵਰਤੇ ਜਾਣ ਤਕ ਖਰਾਬ ਨਾ ਹੋਵੇ।

ਖੇਤੀ ਵਿਕਾਸ ’ਚ ਮਹਿਲਾ ਕਿਸਾਨਾਂ ਦੀ ਭੂਮਿਕਾ

ਜਦੋਂ ਕਿਸਾਨੀ ਕਰਨ ਵਾਲੀ ਅੱਧੀ ਗਿਣਤੀ ਔਰਤਾਂ ਦੀ ਹੈ ਤਾਂ ਉਨ੍ਹਾਂ ਨੂੰ ਇਹ ਅਧਿਕਾਰ ਦੇਣ ਵਿਚ ਕੀ ਹਰਜ਼ ਹੈ ਕਿ ਉਹ ਆਪਣੀ ਬੁੱਧੀ ਅਤੇ ਕੌਸ਼ਲ ਨਾਲ ਖੇਤੀਬਾੜੀ ਨਾਲ ਸਬੰਧਤ ਸਾਰੇ ਫੈਸਲਿਆਂ ਨੂੰ ਲਏ ਅਤੇ ਮਰਦਾਂ ਦੇ ਨਾਲ ਇਸ ਮਾਮਲੇ ਵਿਚ ਵੀ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ। ਅਸਲੀਅਤ ਇਹ ਹੈ ਕਿ ਖੇਤੀ ਵਿਗਿਆਨੀ ਹੋਵੇ ਜਾਂ ਖੋਜਕਰਤਾ, ਉਹ ਸਾਰੇ ਮਰਦ ਕਿਸਾਨਾਂ ਨਾਲ ਹੀ ਗੱਲ ਕਰਦੇ ਹਨ, ਜਦਕਿ ਖੇਤੀਬਾੜੀ ਹੋਵੇ ਜਾਂ ਪਸ਼ੂ ਪਾਲਣ, ਇਸ ਸਭ ਵਿਚ ਔਰਤਾਂ ਦੀ ਭੂਮਿਕਾ ਜ਼ਿਆਦਾ ਹੈ ਅਤੇ ਤ੍ਰਾਸਦੀ ਇਹ ਹੈ ਕਿ ਉਨ੍ਹਾਂ ਨਾਲ ਕੋਈ ਗੱਲ ਹੀ ਨਹੀਂ ਕਰਦਾ ਅਤੇ ਨਾ ਉਨ੍ਹਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ।

ਮਰਦਾਂ ਅਤੇ ਔਰਤਾਂ ਵਿਚਾਲੇ ਬੁਨਿਆਦੀ ਫ਼ਰਕ ਇਹ ਹੁੰਦਾ ਹੈ ਕਿ ਜਿਥੇ ਮਰਦ ਨੂੰ ਆਪਣੇ ਮਤਲਬ ਦੀ ਗੱਲ ਪਹਿਲਾਂ ਸਮਝ ਆਉਂਦੀ ਹੈ, ਉਥੇ ਔਰਤ ਨੂੰ ਉਹ ਗੱਲ ਜ਼ਿਆਦਾ ਅਤੇ ਜਲਦੀ ਸਮਝ ’ਚ ਆਉਂਦੀ ਹੈ, ਜੋ ਪਰਿਵਾਰ ਅਤੇ ਸਮਾਜ ਲਈ ਜ਼ਿਆਦਾ ਫਾਇਦੇਮੰਦ ਹੋਵੇ। ਇਸ ਲਈ ਖੇਤੀਬਾੜੀ ਦੇ ਮਾਮਲੇ ਵਿਚ ਔਰਤ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਉਸ ਦਾ ਲਾਭ ਉਠਾਉਣ ਵਿਚ ਹੀ ਸਮਝਦਾਰੀ ਹੈ।

ਕਿਸਾਨ ਦੀ ਗਰੀਬੀ ਦੂਰ ਕਰਨ ਦਾ ਇਹ ਕੋਈ ਸਾਰਥਕ ਤਰੀਕਾ ਨਹੀਂ ਹੈ ਕਿ ਉਸ ਦੀ ਪੈਸਿਆਂ ਨਾਲ ਮਦਦ ਕਰ ਦਿੱਤੀ ਜਾਵੇ, ਸਗੋਂ ਇਹ ਹੈ ਕਿ ਬਿਹਤਰ ਤਕਨੀਕ, ਉੱਤਮ ਬੀਜ, ਵਧੀਆ ਖਾਦ ਅਤੇ ਸਿੰਜਾਈ ਤੇ ਬਿਜਲੀ ਦੀ ਆਸਾਨੀ ਨਾਲ ਉਪਲੱਬਧਤਾ ਯਕੀਨੀ ਕਰ ਦਿੱਤੀ ਜਾਵੇ, ਅਜਿਹਾ ਹੋਣ ’ਤੇ ਉਸ ਨੂੰ ਥੋੜ੍ਹੇ ਹੀ ਸਮੇਂ ’ਚ ਨਾ ਸਰਕਾਰੀ ਸਬਸਿਡੀ ਅਤੇ ਨਾ ਹੀ ਨਕਦ ਪੈਸਿਆਂ ਦੀ ਖੈਰਾਤ ਦੀ ਲੋੜ ਪਵੇਗੀ।

ਇਹ ਗੱਲ ਅਜਿਹੀ ਨਹੀਂ ਹੈ ਜੋ ਨਵੀਂ ਹੋਵੇ, ਸਗੋਂ ਹਰੇ ਇਨਕਲਾਬ ਦੇ ਜਨਕ ਅਤੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਡਾ. ਨਾਰਮਨ ਬੋਰਲੋਗ ਨੇ ਬਹੁਤ ਪਹਿਲਾਂ ਹੀ ਇਹ ਕਹਿ ਦਿੱਤਾ ਸੀ ਕਿ ਖੇਤੀ ਇਨਕਲਾਬ ਜੇਕਰ ਲਿਆਉਣਾ ਹੈ ਤਾਂ ਉਸ ਵਿਚ ਔਰਤਾਂ ਦੀ ਯਕੀਨੀ ਭੂਮਿਕਾ ਹੋਵੇ ਅਤੇ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਇਹ ਸੰਭਵ ਨਹੀਂ ਹੈ। ਇਹੋ ਨਹੀਂ, ਭਾਰਤ ਵਿਚ ਹਰੇ ਇਨਕਲਾਬ ਦੇ ਜਨਕ ਐੱਮ. ਐੱਸ. ਸਵਾਮੀਨਾਥਨ ਨੇ ਤਾਂ ਆਪਣੀ ਰਾਜ ਸਭਾ ਦੀ ਮੈਂਬਰਸ਼ਿਪ ਦੌਰਾਨ ਸੰਸਦ ਵਿਚ ਇਕ ਬਿੱਲ ਵੀ ਪੇਸ਼ ਕੀਤਾ ਸੀ, ਜਿਸ ਵਿਚ ਖੇਤੀ ’ਚ ਔਰਤਾਂ ਦੇ ਸਰਗਰਮ ਯੋਗਦਾਨ ਨੂੰ ਕਾਨੂੰਨੀ ਬਣਾਉਣ ਦੀ ਗੱਲ ਕਹੀ ਗਈ ਸੀ। ਬਦਕਿਸਮਤੀ ਨਾਲ ਇਹ ਬਿੱਲ ਸਰਕਾਰ ਅਤੇ ਮੈਂਬਰਾਂ ਦੀ ਉਦਾਸੀਨਤਾ ਕਾਰਣ ਪ੍ਰਵਾਨ ਨਹੀਂ ਚੜ੍ਹ ਸਕਿਆ।

ਅਜੇ ਵੀ ਇਸ ਬਾਰੇ ਕਾਨੂੰਨ ਬਣਾਇਆ ਜਾ ਸਕਦਾ ਹੈ, ਜਿਸ ਵਿਚ ਮਹਿਲਾ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਵਿੱਤੀ ਸਹੂਲਤਾਂ ਅਤੇ ਕਾਨੂੰਨੀ ਸੁਰੱਖਿਆ ਮਿਲ ਸਕੇ। ਇਸ ਵਿਚ ਕੋਈ ਬੁਰਾਈ ਵੀ ਨਹੀਂ ਕਿਉਂਕਿ ਅਕਸਰ ਅਸੀਂ ਔਰਤਾਂ ਦੇ ਸਸ਼ਕਤੀਕਰਨ ਦੀ ਗੱਲ ਕਰਦੇ ਹੀ ਰਹਿੰਦੇ ਹਾਂ, ਤਾਂ ਫਿਰ ਖੇਤੀ ਦੇ ਖੇਤਰ ’ਚ ਉਨ੍ਹਾਂ ਦੇ ਯੋਗਦਾਨ ਦੀ ਨਾ ਸਿਰਫ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ, ਸਗੋਂ ਉਨ੍ਹਾਂ ਨੂੰ ਵੱਧ ਤੋਂ ਵੱਧ ਕਿਸਾਨੀ ਕਰਨ ਲਈ ਸੱਦਾ ਵੀ ਦੇਣਾ ਚਾਹੀਦਾ ਹੈ।

pooranchandsarin@gmail.com


Bharat Thapa

Content Editor

Related News