ਦਾਦਾ ਗਏ, ਕੀ ਦੇਵੇਂਦਰ ਨੂੰ ਫਾਇਦਾ ਹੋਵੇਗਾ!
Friday, Jan 30, 2026 - 04:50 PM (IST)
ਅਜੀਤ ਪਵਾਰ ਦੀ ਜਹਾਜ਼ ਹਾਦਸੇ ’ਚ ਦਰਦਨਾਕ ਮੌਤ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਡੂੰਘੇ ਸਦਮੇ ’ਚ ਹੈ। ਉਨ੍ਹਾਂ ਦੀ ਐੱਨ. ਸੀ. ਪੀ. ਪਾਰਟੀ ਦੇ ਆਗੂ, ਵਿਧਾਇਕ ਅਤੇ ਵਰਕਰ ਦੋਰਾਹੇ ’ਤੇ ਖੜ੍ਹੇ ਹਨ। ਦਾਦਾ ਦੇ ਜਾਣ ਨਾਲ ਦੇਵੇਂਦਰ (ਫੜਨਵੀਸ) ਦੁਚਿੱਤੀ ’ਚ ਹਨ। ਏਕਨਾਥ ਸ਼ਿੰਦੇ ਸਹੀ ਸਮੇਂ ਦੀ ਉਡੀਕ ’ਚ ਹਨ। ਮਹਾਰਾਸ਼ਟਰ ਦੀ ਸਿਆਸਤ ਕੋਈ ਨਵਾਂ ਮੋੜ ਲੈਣ ਲਈ ਬੇਚੈਨ ਦਿਖਾਈ ਦੇ ਰਹੀ ਹੈ। ਮਮਤਾ ਬੈਨਰਜੀ ਭਾਵੇਂ ਇਸ ’ਚ ਸਾਜ਼ਿਸ਼ ਦੇਖ ਰਹੀ ਹੋਵੇ, ਪਰ ਮਹਾਰਾਸ਼ਟਰ ਦੇ ਆਗੂ ਸਿਆਸਤ ’ਚ ਖੜਕਾ ਸੁਣ ਰਹੇ ਹਨ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਏਕਨਾਥ ਸ਼ਿੰਦੇ ਦੀ ਆਪਸੀ ਸਿਆਸੀ ਲੜਾਈ ’ਚ ਦਾਦਾ ਪਵਾਰ ਢਾਲ ਬਣਦੇ ਰਹੇ ਹਨ। ਹੁਣ ਦੇਵੇਂਦਰ ਅਤੇ ਏਕਨਾਥ ’ਚ ਨਵੇਂ ਸਿਰੇ ਤੋਂ ਸ਼ਹਿ-ਮਾਤ ਦੀ ਖੇਡ ਸ਼ੁਰੂ ਹੋ ਸਕਦੀ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਏਕਨਾਥ ਸ਼ਿੰਦੇ ਜਦੋਂ ਮੁੱਖ ਮੰਤਰੀ ਅਹੁਦੇ ’ਤੇ ਦਾਅ ਲਗਾ ਰਹੇ ਸਨ ਤਾਂ ਅਜੀਤ ਦਾਦਾ ਨੇ ਹੀ ਫੜਨਵੀਸ ਨੂੰ ਮਹਾਯੁਤੀ ਦਾ ਮੁੱਖ ਮੰਤਰੀ ਐਲਾਨ ਦਿੱਤਾ ਸੀ। ਇਹ ਫੜਨਵੀਸ ਲਈ ਬਹੁਤ ਵੱਡੀ ਰਾਹਤ ਸੀ। ਹਾਲ ਹੀ ਦੀਆਂ ਨਗਰ ਨਿਗਮ ਚੋਣਾਂ ਦੇ ਦੌਰਾਨ ਜਦੋਂ ਅਜੀਤ ਪਵਾਰ ਨੇ ਭਾਜਪਾ ’ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਰਾਖਸ਼ੀ ਭੁੱਖ ਹੋਣ ਦਾ ਦੋਸ਼ ਲਗਾਇਆ ਸੀ, ਉਦੋਂ ਦੇਵੇਂਦਰ ਨੇ ਇਸ ਨੂੰ ਹਾਸੇ-ਮਜ਼ਾਕ ’ਚ ਟਾਲ ਦਿੱਤਾ ਸੀ ਕਿ ਅਜੀਤ ਪਵਾਰ ਦੋ ਕਦਮ ਅੱਗੇ ਦੋ ਕਦਮ ਪਿੱਛੇ ਹੁੰਦੇ ਰਹਿੰਦੇ ਹਨ ਅਤੇ ਉਹ ਕਿਤੇ ਜਾਣ ਵਾਲੇ ਨਹੀਂ ਹਨ।
ਦਾਦਾ ਦੀ ਵਿਦਾਈ ਦੇ ਬਾਅਦ ਉਨ੍ਹਾਂ ਦੀ ਪਾਰਟੀ ਦੇ ਸਾਹਮਣੇ ਤਿੰਨ ਹੀ ਰਸਤੇ ਬਚਦੇ ਹਨ। ਇਕ, ਪਾਰਟੀ ਨੂੰ ਕਿਵੇਂ ਚਲਾਇਆ ਜਾਵੇ ਅਤੇ ਮਹਾਰਾਸ਼ਟਰ ਦੀ ਸਿਆਸਤ ’ਚ ਖੁਦ ਲਈ ਵੱਖ ਜਗ੍ਹਾ ਬਣਾਈ ਜਾਵੇ। ਦੋ, ਸ਼ਰਦ ਪਵਾਰ ਦੇ ਅੱਗੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਆਪਣਾ ਨੇਤਾ ਚੁਣ ਲਿਆ ਜਾਵੇ। ਤਿੰਨ, ਭਾਜਪਾ ਦੀ ਸ਼ਰਨ ’ਚ ਜਾਇਆ ਜਾਵੇ। ਸਿਆਸੀ ਜਾਣਕਾਰ ਕਹਿੰਦੇ ਰਹੇ ਹਨ ਕਿ ਮਹਾਰਾਸ਼ਟਰ ਵਰਗੇ ਸੂਬੇ ’ਚ 6-6 ਪਾਰਟੀਆਂ ਦਾ ਲੰਬੇ ਸਮੇਂ ਤੱਕ ਟਿਕੇ ਰਹਿਣਾ ਸੰਭਵ ਨਹੀਂ ਹੈ। ਭਾਜਪਾ, ਐੱਨ. ਸੀ. ਪੀ. ਅਤੇ ਸ਼ਿੰਦੇ ਸੈਨਾ ਇਕ ਪਾਸੇ। ਕਾਂਗਰਸ, ਸ਼ਰਦ ਪਵਾਰ ਦੀ ਐੱਨ. ਸੀ. ਪੀ. ਅਤੇ ਊਧਵ ਠਾਕਰੇ ਦੀ ਸ਼ਿਵਸੈਨਾ ਦੂਜੇ ਪਾਸੇ। ਕੁਝ ਕਹਿੰਦੇ ਰਹੇ ਹਨ ਕਿ ਜਿਵੇਂ ਐੱਨ. ਸੀ. ਪੀ. ਅਤੇ ਿਸ਼ਵਸੈਨਾ 2-2 ਧੜਿਆਂ ’ਚ ਵੰਡੀਆਂ, ਉਸੇ ਤਰ੍ਹਾਂ ਇਨ੍ਹਾਂ ਧੜਿਆਂ ਦਾ ਆਪਣੇ-ਆਪਣੇ ਗੱਠਜੋੜ ਦੀ ਸਭ ਤੋਂ ਮਜ਼ਬੂਤ ਪਾਰਟੀ ਨਾਲ ਨਵਾਂ ਰਿਸ਼ਤਾ ਬਣਾਉਣਾ ਜਾਂ ਫਿਰ ਧੜਿਆਂ ਦਾ ਇਕ ਹੋਣਾ (ਦੋਵਾਂ ’ਚੋਂ ਇਕ) ਲਾਜ਼ਮੀ ਹੈ।
ਤਾਂ ਕੀ ਇਹ ਮੰਨ ਲਿਆ ਜਾਵੇ ਕਿ ਅਜੀਤ ਪਵਾਰ ਦੇ ਜਾਣ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੋ ਸਕਦਾ ਹੈ? ਭਾਵ ਐੱਨ. ਸੀ. ਪੀ. ਹੁਣ ਇਕ ਹੋ ਜਾਵੇ। ਮੁੱਖ ਮੰਤਰੀ ਤਾਂ ਦੂਜੇ ਬਦਲ ਦਾ ਸਵਾਗਤ ਹੀ ਕਰਨਗੇ, ਕਿਉਂਕਿ ਜੇਕਰ ਅਜਿਹਾ ਹੋਇਆ ਤਾਂ ਦੋ ਫਾਇਦੇ ਹੋਣਗੇ। ਇਕ, ਏਕਨਾਥ ਸ਼ਿੰਦੇ ਦੀ ਦਬਾਅ ਦੀ ਸਿਆਸਤ ਤੋਂ ਛੁਟਕਾਰਾ ਮਿਲੇਗਾ ਅਤੇ ਦੂਜਾ, ਭਾਜਪਾ ਦਾ ਮਹਾਰਾਸ਼ਟਰ ’ਚ ਸਿਆਸੀ ਘੇਰਾ ਹੋਰ ਵੀ ਵੱਡਾ ਹੋ ਜਾਵੇਗਾ। ਇੰਨਾ ਵੱਡਾ ਕਿ ਬਾਕੀ ਦੀਆਂ ਪਾਰਟੀਆਂ ਕੋਨਿਆਂ ’ਚ ਸਿਮਟਦੀਆਂ ਦਿਖਾਈ ਦੇਣਗੀਆਂ।
ਜੇਕਰ ਅਜਿਹਾ ਨਹੀਂ ਹੋਇਆ ਤਾਂ ਫਿਰ ਅਜੀਤ ਪਵਾਰ ਦੀ ਐੱਨ. ਸੀ. ਪੀ. ਦਾ ਕੀ ਹੋਵੇਗਾ? ਜੇਕਰ ਆਪਣੇ ਦਮ ’ਤੇ ਆਪਣੇ ਵਜੂਦ ਨੂੰ ਕਾਇਮ ਰੱਖਣਾ ਹੈ ਤਾਂ ਕੀ ਦਾਦਾ ਦੀ ਪਤਨੀ ਸੁਨੇਤਰਾ ਪਵਾਰ ਨੂੰ ਅੱਗੇ ਆਉਣਾ ਹੋਵੇਗਾ ਅਤੇ ਕਮਾਨ ਸੰਭਾਲਣੀ ਹੋਵੇਗੀ? ਉਹ ਲੋਕ ਸਭਾ ਚੋਣਾਂ ’ਚ ਸੁਪ੍ਰਿਆ ਸੁਲੇ (ਨਨਾਣ) ਦੇ ਹੱਥੋਂ ਹਾਰੀ ਸੀ ਅਤੇ ਇਸ ਸਮੇਂ ਰਾਜ ਸਭਾ ਮੈਂਬਰ ਹੈ। ਬੇਸ਼ੱਕ ਹੀ ਉਹ ਸਿਆਸਤ ਦੇ ਦਾਅ-ਪੇਚ ਨਾ ਸਮਝਦੀ ਹੋਵੇ ਪਰ ਉਨ੍ਹਾਂ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਹਨ। ਬੇਸ਼ੱਕ ਹੀ ਉਹ ਬਾਰਾਮਤੀ ਦੇ ਮਹਿਲਾ ਸੰਗਠਨਾਂ ਤੱਕ ਸੀਮਤ ਰਹੀ ਹੋਵੇ ਪਰ ਹੁਣ ਸੂਬੇ ਭਰ ’ਚ ਅਜੀਤ ਪਵਾਰ ਦੇ ਸਮਰਥਕਾਂ ਨੂੰ ਇਕ ਕਰਨ ਦੀ ਸਮਰੱਥਾ ਰੱਖਦੀ ਹੈ। ਇਕ ਨਾਂ ਪਾਰਥ ਪਵਾਰ ਦਾ ਵੀ ਹੈ। ਆਪਣੇ ਦੋਵਾਂ ਪੁੱਤਰਾਂ ਨੂੰ ਦਾਦਾ ਨੇ ਸਰਗਰਮ ਚੋਣਾਂ ਦੀ ਸਿਆਸਤ ਤੋਂ ਦੂਰ ਹੀ ਰੱਖਿਆ ਹੈ। ਪਾਰਥ ਨੇ ਜ਼ਰੂਰ 2019 ਦੀ ਲੋਕ ਸਭਾ ਚੋਣ ਲੜੀ ਸੀ ਪਰ ਹਾਰ ਦੇ ਬਾਅਦ ਸਿਆਸਤ ਤੋਂ ਦੂਰੀ ਬਣਾ ਲਈ। ਦੂਜਾ ਬੇਟਾ ਲੰਡਨ ’ਚ ਬੈਠ ਕੇ ਪਿਤਾ ਦਾ ਕਾਰੋਬਾਰ ਸੰਭਾਲਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪਵਾਰ ਦੇ ਸਮਰਥਕ ਅਤੇ ਸੀਨੀਅਰ ਨੇਤਾ ਪਾਰਥ ਨੂੰ ਆਪਣਾ ਨੇਤਾ ਮੰਨਣ ’ਚ ਝਿਜਕ ਮਹਿਸੂਸ ਕਰ ਸਕਦੇ ਹਨ। ਇਸ ਲਈ ਸੁਨੇਤਰਾ ਦੇ ਨਾਂ ’ਤੇ ਕਿਸੇ ਨੂੰ ਸ਼ਾਇਦ ਹੀ ਇਤਰਾਜ਼ ਹੋਵੇ।
ਉਂਝ ਐੱਨ. ਸੀ. ਪੀ. ’ਚ ਪ੍ਰਫੁੱਲ ਪਟੇਲ ਵਰਗੇ ਤਜਰਬੇਕਾਰ ਨੇਤਾ ਵੀ ਹਨ ਜੋ ਸ਼ਰਦ ਪਵਾਰ ਲਈ ਲੰਬੇ ਸਮੇਂ ਤੱਕ ਕੰਮ ਕਰਦੇ ਰਹੇ ਹਨ। ਸ਼ਰਦ ਪਵਾਰ ਦੇ ਕਾਰਨ ਹੀ ਉਹ ਯੂ. ਪੀ. ਏ. ਸਰਕਾਰ ’ਚ ਮੰਤਰੀ ਬਣਾਏ ਗਏ ਸਨ। ਪਟੇਲ ਗੱਠਜੋੜ ਦੀ ਸਿਆਸਤ ’ਚ ਸਾਰੇ ਦਾਅ-ਪੇਚ ਸਮਝਦੇ ਹਨ ਅਤੇ ਇਨ੍ਹਾਂ ਦੇ ਵਿਚਾਲਿਓਂ ਆਪਣੇ ਲਈ ਰਸਤਾ ਬਣਾਉਣਾ ਵੀ ਬਾਖੂਬੀ ਆਉਂਦਾ ਹੈ।
ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨਾਲ ਉਨ੍ਹਾਂ ਦੀ ਦੋਸਤੀ, ਜਾਣ-ਪਛਾਣ ਹੈ ਪਰ ਆਪਣੇ ਸੂਬੇ ’ਚ ਵਰਕਰਾਂ ਦੇ ਦਰਮਿਆਨ ਜ਼ਮੀਨੀ ਪਕੜ ਓਨੀ ਨਹੀਂ ਹੈ ਜਿੰਨੀ ਆਸ ਕਿਸੇ ਪਾਰਟੀ ਪ੍ਰਧਾਨ ਤੋਂ ਕੀਤੀ ਜਾਂਦੀ ਹੈ। ਸੁਨੀਲ ਤਟਕਰੇ ਨੂੰ ਮੌਕਾ ਮਿਲਿਆ ਤਾਂ ਐੱਨ. ਸੀ. ਪੀ. ਨੂੰ ਸੰਭਾਲਣ ਦੀ ਸਮਰੱਥਾ ਰੱਖਦੇ ਹਨ। ਉਂਝ ਵੀ ਐੱਨ. ਸੀ. ਪੀ. ਸੂਬਾ ਇਕਾਈ ਦੇ ਪ੍ਰਧਾਨ ਹਨ ਅਤੇ ਜ਼ਮੀਨੀ ਵਰਕਰਾਂ ਦੇ ਦਰਮਿਆਨ ਚੰਗੀ ਪਕੜ ਰੱਖਦੇ ਹਨ। ਕੁਝ ਲੋਕ ਸ਼ਗਨ ਭੁਜਬਲ ਵਰਗੇ ਦਲਿਤ ਨੇਤਾ ਦਾ ਵੀ ਨਾਂ ਲੈਂਦੇ ਹਨ। ਹਾਲਾਂਕਿ ਜੇਲ ਤੋਂ ਛੁੱਟ ਕੇ ਫਿਰ ਤੋਂ ਸਿਆਸਤ ’ਚ ਸਰਗਰਮ ਹਨ। ਉਨ੍ਹਾਂ ’ਤੇ ਪਹਿਲਾਂ ਲੱਗ ਚੁੱਕੇ ਦੋਸ਼ ਉਨ੍ਹਾਂ ਦਾ ਪਿੱਛਾ ਅਜੇ ਵੀ ਨਹੀਂ ਛੱਡ ਰਹੇ।
ਅਜਿਹੇ ’ਚ ਇਕੋ-ਇਕ ਨਾਂ ਬਚਦਾ ਹੈ, ਉਹ ਹੈ ਸ਼ਰਦ ਪਵਾਰ, ਉਹ 84 ਸਾਲ ਦੀ ਉਮਰ ਦੇ ਹਨ ਅਤੇ ਬੀਮਾਰ ਰਹਿੰਦੇ ਹਨ। ਰੋਜ਼ਮੱਰਾ ਦੀ ਸਿਆਸਤ ਉਨ੍ਹਾਂ ਦੀ ਧੀ ਸੁਪ੍ਰਿਆ ਸੁਲੇ ਅਤੇ ਪੋਤੇ ਰੋਹਿਤ ’ਤੇ ਛੱਡ ਦਿੱਤੀ ਹੈ। ਅਜਿਹੇ ਨਾਜ਼ੁਕ ਸਮੇਂ ’ਚ ਉਹ ਫਿਰ ਐੱਨ. ਸੀ. ਪੀ. ਨੂੰ ਨਵੇਂ ਸਿਰੇ ਤੋਂ ਸੰਗਠਿਤ ਕਰਨ ਦੀ ਸਮਰੱਥਾ ਵੀ ਰੱਖਦੇ ਹਨ, ਕਿਉਂਕਿ ਉਨ੍ਹਾਂ ਨੇ ਸੂਬੇ ਭਰ ਦੇ ਕੈਡਰ ਨੂੰ ਸਿਰਫ ਇਕ ਅਪੀਲ ਹੀ ਤਾਂ ਕਰਨੀ ਹੈ। ਇੱਥੇ ਇਕ ਘੁੰਡੀ ਫਸਦੀ ਹੈ। ਜੇਕਰ ਦੋਵੇਂ ਧੜੇ ਇਕ ਹੁੰਦੇ ਹਨ ਤਾਂ ਸ਼ਰਦ ਪਵਾਰ ਨੂੰ ਤੈਅ ਕਰਨਾ ਹੋਵੇਗਾ ਕਿ ਮਹਾਯੁਤੀ ਦਾ ਹਿੱਸਾ ਬਣਨਗੇ ਜਾਂ ਵਿਰੋਧੀ ਧਿਰ ’ਚ ਬੈਠਣਗੇ। ਸੱਤਾ ਤੋਂ ਦੂਰ ਜਾਣਾ ਕੀ ਐੱਨ. ਸੀ. ਪੀ. ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਰਾਸ ਆਵੇਗਾ। ਇਹ ਆਪਣੇ-ਆਪ ’ਚ ਵੱਡਾ ਸਵਾਲ ਹੈ? ਫਿਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਅਜਿਹੇ ਹਾਲਾਤ ’ਤੇ ਭਾਜਪਾ ਐੱਨ. ਸੀ. ਪੀ. ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰੇਗੀ। ਭਾਜਪਾ ਨੂੰ ਖੁਦ ਦਾ ਵਿਸਥਾਰ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਪਿੱਛੇ ਨਹੀਂ ਹਟੇਗੀ।
ਕਿਹਾ ਜਾ ਰਿਹਾ ਹੈ ਕਿ ਅਜੀਤ ਦਾਦਾ ਜਿਊਂਦੇ ਜੀਅ ਮੁੱਖ ਮੰਤਰੀ ਫੜਨਵੀਸ ਦੇ ਕੰਮ ਆਏ ਅਤੇ ਬਦਲੇ ਮਾਹੌਲ ’ਚ ਬੇਸ਼ੱਕ ਹੀ ਤੱਤਕਾਲੀ ਤੌਰ ’ਤੇ ਫੜਨਵੀਸ ਨੂੰ ਸ਼ਿੰਦੇ ਝਟਕੇ ਦੇ ਰਹੇ ਹੋਣ ਪਰ ਜੇਕਰ ਐੱਨ. ਸੀ. ਪੀ. ਟੁੱਟਦੀ ਹੈ ਤਾਂ ਫਾਇਦਾ ਫੜਨਵੀਸ ਨੂੰ ਹੀ ਹੋਵੇਗਾ। ਫੜਨਵੀਸ ਹਮੇਸ਼ਾ ਤੋਂ ਅਜੀਤ ਪਵਾਰ ਨੂੰ ਸਿਆਸੀ ਦੋਸਤ ਮੰਨਦੇ ਰਹੇ ਜੋ ਮੁਸ਼ਕਲ ਦੌਰ ’ਚ ਪ੍ਰਤੱਖ ਤੌਰ ’ਤੇ ਸਾਥ ਦਿੰਦਾ ਰਿਹਾ। ਐੱਨ. ਸੀ. ਪੀ. ’ਚ ਫੁੱਟ ਅਤੇ ਦਾਦੇ ਦਾ ਮਹਾਯੁਤੀ ਨਾਲ ਆਉਣਾ ਸਭ ਫੜਨਵੀਸ ਨੇ ਹੀ ਪ੍ਰਾਯੋਜਿਤ ਕੀਤਾ ਸੀ। ਇਹ ਗੱਲ ਜੁਲਾਈ 2023 ਦੀ ਹੈ। ਦਿਲਚਸਪ ਹੈ ਕਿ ਇਸ ਦੇ 4 ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਦਾਦਾ ’ਤੇ ਚੋਣ ਰੈਲੀ ’ਚ 70 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਲਾਇਆ ਸੀ।
ਖੈਰ, ਹੁਣ ਦੇਵੇਂਦਰ ਦੇ ਬਚਾਅ ਲਈ ਦਾਦਾ ਨਹੀਂ ਹਨ ਅਤੇ ਕਿਆਸਅਰਾਈਆਂ ਲੱਗ ਰਹੀਆਂ ਹਨ ਕਿ ਭਾਜਪਾ ਦੀ ਨਜ਼ਰ ਉਨ੍ਹਾਂ ਦੀ ਪਾਰਟੀ ’ਤੇ ਹੈ। ਸਿਆਸਤ ਬੜੀ ਬੇਰਹਿਮ ਹੁੰਦੀ ਹੈ। ਮਹਾਰਾਸ਼ਟਰ ਦੀ ਸਿਆਸਤ ’ਚ ਤਾਂ ਕਦੇ ਵੀ ਕੁਝ ਵੀ ਹੋ ਸਕਦਾ ਹੈ। ਬਹੁਤ ਕੁਝ ਸ਼ਰਦ ਪਵਾਰ ’ਤੇ ਵੀ ਨਿਰਭਰ ਕਰਦਾ ਹੈ। ਦੇਖਣਾ ਦਿਲਚਸਪ ਹੋਵੇਗਾ ਕਿ ਉਹ ਕੀ ਕਦਮ ਚੁੱਕਦੇ ਹਨ।
ਵਿਜੇ ਵਿਦਰੋਹੀ
