ਕੀ ਲੋਕ ਸਭਾ ਦੇ ‘ਮਾਣ’ ਨੂੰ ਬਹਾਲ ਕਰ ਸਕਣਗੇ ਨਵੇਂ ਸਪੀਕਰ

06/25/2019 6:20:33 AM

ਪੂਨਮ ਆਈ ਕੌਸ਼ਿਸ਼
ਪਿਛਲੇ ਬੁੱਧਵਾਰ 17ਵੀਂ ਲੋਕ ਸਭਾ ਨੇ ਸਰਬਸੰਮਤੀ ਨਾਲ ਉਦੋਂ ਇਕ ਨਵੀਂ ਸ਼ੁਰੂਆਤ ਕੀਤੀ, ਜਦੋਂ ਮੁਕਾਬਲਤਨ ਨਵੇਂ ਮੈਂਬਰ ਸੰਘ ਪਰਿਵਾਰ ਦੇ ਜ਼ਮੀਨ ਨਾਲ ਜੁੜੇ ਨੇਤਾ ਕੋਟੇ ’ਚੋਂ 2 ਵਾਰ ਸੰਸਦ ਮੈਂਬਰ ਤੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ 57 ਸਾਲਾ ਓਮ ਬਿਰਲਾ ਨੂੰ ਲੋਕ ਸਭਾ ਦਾ ਨਵਾਂ ਸਪੀਕਰ ਚੁਣਿਆ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਇਤਿਹਾਸ ’ਚ ਆਪਣਾ ਨਾਂ ਦਰਜ ਕਰਵਾ ਦਿੱਤਾ। ਲੋਕ ਸਭਾ ਸਪੀਕਰ ਦੇ ਅਹੁਦੇ ਲਈ ਉਨ੍ਹਾਂ ਦੀ ਚੋਣ ਤੋਂ ਸਭ ਨੂੰ ਹੈਰਾਨੀ ਹੋਈ ਕਿਉਂਕਿ ਰਸਮੀ ਤੌਰ ’ਤੇ ਇਹ ਅਹੁਦਾ ਸੀਨੀਅਰ ਨੇਤਾਵਾਂ ਨੂੰ ਦਿੱਤਾ ਜਾਂਦਾ ਹੈ ਪਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਤੇ ਭਾਜਪਾ ਪ੍ਰਧਾਨ ਸ਼ਾਹ ਦੇ ਨੇੜਲੇ ਮੰਨੇ ਜਾਂਦੇ ਹਨ। ਨਵੇਂ ਲੋਕ ਸਭਾ ਸਪੀਕਰ ਆਪਣੀ ਸਾਦਗੀ ਲਈ ਪ੍ਰਸਿੱਧ ਹਨ ਅਤੇ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਕੰਮ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਕਾਰਵਾਈ ਕਰਨ ’ਚ ਨਹੀਂ ਝਿਜਕਣਗੇ। ਉਨ੍ਹਾਂ ਕਿਹਾ, ‘‘ਮੈਂ ਨਹੀਂ ਸਮਝਦਾ ਕਿ ਸੰਸਦ ਇਕ ਅਜਿਹਾ ਸਥਾਨ ਹੈ, ਜਿਥੇ ਨਾਅਰੇ ਲਾਏ ਜਾਣ, ਤਖਤੀਆਂ ਦਿਖਾਈਆਂ ਜਾਣ ਅਤੇ ਸਦਨ ਦੇ ਵਿਚਕਾਰ ਆਇਆ ਜਾਏ। ਅਜਿਹਾ ਕਰਨ ਲਈ ਸੜਕਾਂ ਹਨ, ਉਥੇ ਜਾ ਕੇ ਮੈਂਬਰ ਪ੍ਰਦਰਸ਼ਨ ਕਰ ਸਕਦੇ ਹਨ। ਲੋਕ ਜੋ ਕਹਿਣਾ ਚਾਹੁਣ, ਜੋ ਦੋਸ਼ ਲਾਉਣਾ ਚਾਹੁਣ, ਸਰਕਾਰ ’ਤੇ ਜੋ ਹਮਲਾ ਕਰਨਾ ਚਾਹੁਣ, ਉਹ ਕਰ ਸਕਦੇ ਹਨ ਪਰ ਉਹ ਸਦਨ ਦੇ ਵਿਚਕਾਰ ਆ ਕੇ ਅਜਿਹਾ ਨਹੀਂ ਕਰ ਸਕਦੇ।’’ ਉਨ੍ਹਾਂ ਦਾ ਸਪੱਸ਼ਟ ਸੰਦੇਸ਼ ਸੀ ਕਿ ਲੋਕ ਸਭਾ ਨੂੰ ਮੁੜ ਪਟੜੀ ’ਤੇ ਲਿਆਂਦਾ ਜਾਵੇ।

ਸਰਕਾਰ ਅਤੇ ਵਿਰੋਧੀ ਧਿਰ ਦੇ ਸਬੰਧ ਪਹਿਲਾਂ ਹੀ ਖਰਾਬ ਚੱਲ ਰਹੇ ਹਨ ਅਤੇ ਇਸ ਨਾਲ ਪਿਛਲੀਆਂ ਦੋ ਲੋਕ ਸਭਾਵਾਂ ਦੌਰਾਨ ਸਦਨ ਦੀ ਕਾਰਵਾਈ ਪ੍ਰਭਾਵਿਤ ਹੋਈ ਹੈ। ਇਸ ਲਈ ਬਿਰਲਾ ਦੇ ਸਾਹਮਣੇ ਔਖੀ ਚੁਣੌਤੀ ਹੈ ਅਤੇ ਇਸ ਗੱਲ ਨੂੰ ਸਮਝਦੇ ਹੋਏ ਉਨ੍ਹਾਂ ਨੇ ਕਿਹਾ, ‘‘ਮੇਰਾ ਸਪੱਸ਼ਟ ਮੰਨਣਾ ਹੈ ਕਿ ਸੰਸਦ ਲੋਕਤੰਤਰ ਦਾ ਮੰਦਰ ਹੈ, ਇਹ ਸੰਸਦੀ ਨਿਯਮਾਂ ਦੇ ਅਨੁਸਾਰ ਕੰਮ ਕਰਦੀ ਹੈ। ਸਾਰੇ ਦਲਾਂ ਨੂੰ ਸ਼ਾਨ ਬਣਾਈ ਰੱਖਣੀ ਪਵੇਗੀ। ਸਰਕਾਰ ਨੂੰ ਹੋਰ ਜ਼ਿਆਦਾ ਜ਼ਿੰਮੇਵਾਰ ਤੇ ਜਵਾਬਦੇਹ ਹੋਣਾ ਪਵੇਗਾ ਕਿਉਂਕਿ ਉਸ ਕੋਲ ਇੰਨਾ ਭਾਰੀ ਬਹੁਮਤ ਹੈ।’’ ਸਵਾਲ ਉੱਠਦਾ ਹੈ ਕਿ ਕੀ ਉਹ ਲੋਕ ਸਭਾ ਦੇ ਗੁਆਚੇ ਹੋਏ ਮਾਣ ਨੂੰ ਬਹਾਲ ਕਰ ਸਕਣਗੇ। ਹਾਲਾਂਕਿ ਉਨ੍ਹਾਂ ਨੇ ਇਸ ਦਾ ਇਰਾਦਾ ਜ਼ਾਹਿਰ ਕਰ ਦਿੱਤਾ ਹੈ। ਬੀਤੇ ਦਹਾਕਿਆਂ ’ਚ ਸੰਸਦ ਰੌਲੇ-ਰੱਪੇ ਅਤੇ ਇਕ-ਦੂਸਰੇ ਨੂੰ ਨੀਵਾਂ ਦਿਖਾਉਣ ਤੇ ਹੋਰ ਰੁਕਾਵਟਾਂ ’ਚ ਡੁੱਬੀ ਰਹੀ ਹੈ। ਕੀ ਉਹ ਇਹ ਯਕੀਨੀ ਕਰ ਸਕਣਗੇ ਕਿ ਸੰਸਦ ਵਾਦ-ਵਿਵਾਦ, ਚਰਚਾ ਅਤੇ ਆਮ ਸਹਿਮਤੀ ਨਾਲ ਕੰਮ ਕਰੇ ਜਾਂ ਇਹ ਫਿਰ ਸ਼ੋਰ-ਸ਼ਰਾਬੇ ਦੀ ਭੇਟ ਚੜ੍ਹ ਜਾਏਗੀ ਅਤੇ ਦੇਸ਼ ਸਾਹਮਣੇ ਚੁਣੌਤੀਆਂ ਵੀ ਕਈ ਗੁਣਾ ਵਧ ਗਈਆਂ ਹਨ, ਸਮਾਜਿਕ ਤਣਾਅ ਵਧ ਰਿਹਾ ਹੈ, ਦੇਸ਼ ਦੇ ਅੰਦਰ ਅਤੇ ਬਾਹਰ ਅਜਿਹੀਆਂ ਸ਼ਕਤੀਆਂ ਹਨ, ਜੋ ਭਾਰਤ ਨੂੰ ਅਸਥਿਰ ਕਰਨਾ ਚਾਹੁੰਦੀਆਂ ਹਨ ਅਤੇ ਇਸ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਪਹੁੰਚਾਉਣਾ ਚਾਹੁੰਦੀਆਂ ਹਨ। ਇਨ੍ਹਾਂ ਸਭ ’ਤੇ ਦਲੀਲੀ ਵਾਦ-ਵਿਵਾਦ ਦੀ ਲੋੜ ਹੈ।

ਚਰਚਾ ਦੀ ਥਾਂ ਜ਼ਾਲਿਮ ਰਾਜਨੀਤੀ ਨੇ ਲਈ

ਪਰ ਹੁਣ ਇਹ ਦੇਖਣ ਨੂੰ ਮਿਲਿਆ ਹੈ ਕਿ ਵਿਰੋਧੀ ਧਿਰ ਦਾ ਇਕ ਵਿਅਕਤੀ ਵੀ ਸੰਸਦ ’ਚ ਚਰਚਾ ਨੂੰ ਰੋਕ ਦਿੰਦਾ ਹੈ। ਅਨੇਕ ਮੈਂਬਰਾਂ ਨੇ ਆਦਤ ਬਣਾ ਲਈ ਹੈ ਕਿ ਉਹ ਸਦਨ ਦੇ ਐਨ ਵਿਚਕਾਰ ਆ ਜਾਂਦੇ ਹਨ ਤੇ ਇਸ ਤਰ੍ਹਾਂ ਸਦਨ ਦੀ ਉਲੰਘਣਾ ਕਰਦੇ ਹਨ। ਸਥਿਤੀ ਇਹ ਬਣ ਗਈ ਹੈ ਕਿ ਸੱਤਾ, ਅਹੁਦੇ ਅਤੇ ਸੁਰੱਖਿਆ ਦੀ ਇੱਛਾ ਨੇ ਕਾਨੂੰਨ ਨਿਰਮਾਣ ਦਾ ਸਥਾਨ ਲੈ ਲਿਆ ਹੈ ਅਤੇ ਅੰਕੜੇ ਦੱਸਦੇ ਹਨ ਕਿ ਸੰਸਦ ਕਾਨੂੰਨੀ ਮਾਮਲਿਆਂ ’ਤੇ ਆਪਣਾ 10 ਫੀਸਦੀ ਤੋਂ ਘੱਟ ਸਮਾਂ ਖਰਚ ਕਰਦੀ ਹੈ। ਅਸੀਂ ਖੁਦ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਿੰਦੇ ਹਾਂ ਤੇ ਇਹ ਭੁੱਲ ਜਾਂਦੇ ਹਾਂ ਕਿ ਸੰਸਦੀ ਵਾਦ-ਵਿਵਾਦ, ਚਰਚਾ ਅਤੇ ਆਮ ਸਹਿਮਤੀ ’ਤੇ ਆਧਾਰਿਤ ਸ਼ਾਸਨ ਦਾ ਸੱਭਿਅਕ ਸਵਰੂਪ ਹੈ ਪਰ ਚਰਚਾ ਤੇ ਵਾਦ-ਵਿਵਾਦ ਦੀ ਥਾਂ ਜ਼ਾਲਿਮ ਰਾਜਨੀਤੀ ਨੇ ਲੈ ਲਈ ਹੈ। ਚਰਚਾ ਤੇ ਵਾਦ-ਵਿਵਾਦ ਦਾ ਅਰਥ ਗੁਆਚ ਗਿਆ ਹੈ। ਸਫਲਤਾ ਦਾ ਇਕੋ-ਇਕ ਮਾਪਦੰਡ ਗਿਣਤੀ ਬਣ ਗਈ ਹੈ। ਇਸ ਵਾਤਾਵਰਣ ’ਚ ਸਪੀਕਰ ਦਾ ਕੰਮ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ।

ਕੁਝ ਲੋਕ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਦੇ ਹਨ। ਐਰਸਕਾਇਨ ਮੇ ਦੇ ਸ਼ਬਦਾਂ ’ਚ ਸਪੀਕਰ ਤੋਂ ਬਿਨਾਂ ਸਦਨ ਦੀ ਕੋਈ ਸੰਵਿਧਾਨਿਕ ਹੋਂਦ ਨਹੀਂ ਹੈ ਪਰ ਬੀਤੇ ਸਾਲਾਂ ’ਚ ਵੱਖ-ਵੱਖ ਦਲਾਂ ਨੇ ਸੰਵਿਧਾਨਿਕ ਅਹੁਦਿਆਂ ਦੀ ਵਰਤੋਂ ਪੁਰਸਕਾਰਿਤ ਕਰਨ ਲਈ ਲਾਲੀਪਾਪ ਵਜੋਂ ਕੀਤੀ ਹੈ ਅਤੇ ਸਪੀਕਰ ਵੀ ਇਸ ਦਾ ਅਪਵਾਦ ਨਹੀਂ ਹੈ। ਹਾਲਾਂਕਿ ਲੋਕ ਸਭਾ ਦਾ ਕਾਰਜ ਸੰਚਾਲਨ ਨਿਯਮ ਅਜੇ ਤਕ ਵੈਸਟਮਿੰਸਟਰ ਮਾਡਲ ’ਤੇ ਆਧਾਰਿਤ ਹੈ ਪਰ ਆਜ਼ਾਦ ਸਪੀਕਰ ਦੀ ਧਾਰਨਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਬ੍ਰਿਟੇਨ ’ਚ ਸੰਸਦੀ ਲੋਕਤੰਤਰ ਦੀ ਵੈਸਟਮਿੰਸਟਰ ਦੀ ਪ੍ਰਣਾਲੀ ’ਚ ਸਪੀਕਰ ਅਹੁਦੇ ’ਤੇ ਚੋਣ ਹੋਣ ਤੋਂ ਬਾਅਦ ਸੰਸਦ ਮੈਂਬਰ ਪਾਰਟੀ ਤੋਂ ਅਸਤੀਫਾ ਦੇ ਦਿੰਦਾ ਹੈ ਤੇ ਸਪੀਕਰ ਹਾਊਸ ਆਫ ਕਾਮਨਜ਼ ਤੋਂ ਬਾਅਦ ਦੀਆਂ ਚੋਣਾਂ ’ਚ ਨਿਰਵਿਰੋਧ ਚੁਣਿਆ ਜਾਂਦਾ ਹੈ ਪਰ ਬਹੁਤ ਘੱਟ ਲੋਕ ਇਸ ਸਿਧਾਂਤ ਦੀ ਪਾਲਣਾ ਕਰਦੇ ਹਨ ਕਿ ਸਪੀਕਰ ਪਾਰਟੀ ਆਧਾਰਿਤ ਰਾਜਨੀਤੀ ਤੋਂ ਉਪਰ ਹੈ, ਜਿਵੇਂ ਕਿ ਲੋਕ ਸਭਾ ਦੇ ਇਕ ਸਾਬਕਾ ਸਪੀਕਰ ਨੇ ਕਿਹਾ ਹੈ ਕਿ ‘‘ਅਸੀਂ ਪਾਰਟੀ ਦੀ ਟਿਕਟ ’ਤੇ ਪਾਰਟੀ ਦੇ ਪੈਸਿਆਂ ਨਾਲ ਚੁਣੇ ਹੋਏ ਹਾਂ। ਅਸੀਂ ਆਜ਼ਾਦੀ ਦਾ ਦਾਅਵਾ ਕਿਵੇਂ ਕਰ ਸਕਦੇ ਹਾਂ ਅਤੇ ਜੇਕਰ ਸਪੀਕਰ ਬਣਨ ’ਤੇ ਅਸੀਂ ਪਾਰਟੀ ਤੋਂ ਅਸਤੀਫਾ ਵੀ ਦੇ ਦੇਈਏ ਤਾਂ ਅਗਲੀਆਂ ਚੋਣਾਂ ’ਚ ਸਾਨੂੰ ਫਿਰ ਉਸੇ ਪਾਰਟੀ ਕੋਲ ਜਾਣਾ ਪੈਂਦਾ ਹੈ, ਇਸ ਲਈ ਜ਼ਿਆਦਾਤਰ ਸਪੀਕਰ ਪਾਰਟੀ ਦੇ ਮੈਂਬਰ ਹੁੰਦੇ ਹਨ। ਵਿਸ਼ੇਸ਼ ਤੌਰ ’ਤੇ ਅਹੁਦਾ ਛੱਡਣ ਜਾਂ ਅਹੁਦਾ ਧਾਰਨ ਕਰਨ ਤੋਂ ਪਹਿਲਾਂ ਲੋਕ ਸਭਾ ਦੇ ਸਪੀਕਰ ਅਯੰਗਰ ਆਪਣਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਬਿਹਾਰ ਦੇ ਰਾਜਪਾਲ ਬਣੇ। ਜੀ. ਐੈੱਸ . ਢਿੱਲੋਂ, ਮਨੋਹਰ ਜੋਸ਼ੀ ਆਪਣਾ ਸਪੀਕਰ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਮੰਤਰੀ ਬਣੇ। ਬਲਰਾਮ ਜਾਖੜ ਨੇ ਇਕ ਕਾਂਗਰਸੀ ਨੇਤਾ ਦੇ ਰੂਪ ’ਚ ਆਪਣੀ ਪਛਾਣ ਕਦੇ ਨਹੀਂ ਲੁਕੋਈ। ਰਵੀ ਰਾਏ ਆਪਣੀ ਜਨਤਾ ਪਾਰਟੀ ਦੀਆਂ ਆਸਾਂ ’ਤੇ ਖਰੇ ਉਤਰੇ। ਸ਼ਿਵਰਾਜ ਪਾਟਿਲ ਬਾਅਦ ’ਚ ਚੋਣਾਂ ’ਚ ਹਾਰ ਗਏ ਪਰ ਕਾਂਗਰਸ ਨੇ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਤੇ ਫਿਰ ਗ੍ਰਹਿ ਮੰਤਰੀ ਬਣਾਇਆ। ਬਿਨਾਂ ਸ਼ੱਕ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਅਨੁਸ਼ਾਸਨ ਜ਼ਰੂਰੀ ਹੈ। ਚਰਚੇ ਜ਼ਿਆਦਾ ਸਾਰਥਕ ਬਣਾਏ ਜਾਣੇ ਚਾਹੀਦੇ ਹਨ ਤੇ ਸਮਾਂ ਸਾਰਣੀ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

ਸਮੇਂ ਦੀ ਮੈਨੇਜਮੈਂਟ

ਅੱਜ ਸਦਨ ’ਚ ਸਮੇਂ ਦੀ ਮੈਨੇਜਮੈਂਟ ਇਕ ਮਜ਼ਾਕ ਦਾ ਵਿਸ਼ਾ ਬਣ ਗਈ ਹੈ। ਖੁਦ ਸਪੀਕਰ ਹੀ ਇਸ ਦੀ ਪਾਲਣਾ ਨਹੀਂ ਕਰਦੇ। ਉਹ ਪਾਰਟੀ ਨੇਤਾਵਾਂ ਨੂੰ ਉਨ੍ਹਾਂ ਦੇ ਸਮੇਂ ਤੋਂ ਵੱਧ ਬੋਲਣ ਦਿੰਦੇ ਹਨ, ਇਸ ਲਈ ਜਿਹੜੇ ਕਾਨੂੰਨੀ ਕੰਮਾਂ ’ਤੇ ਡੂੰਘੀ ਚਰਚਾ ਹੋਣੀ ਚਾਹੀਦੀ ਹੈ, ਉਹ ਸਰਸਰੀ ਤੌਰ ’ਤੇ ਪਾਸ ਕੀਤੇ ਜਾਂਦੇ ਹਨ। ਅੱਜ ਬਿੱਲਾਂ ’ਤੇ ਚਰਚਾ ਦੌਰਾਨ ਪਹਿਲੇ ਵਾਚਨ, ਦੂਸਰੇ ਵਾਚਨ ਤੇ ਤੀਸਰੇ ਵਾਚਨ ਵਰਗੀਆਂ ਪ੍ਰਕਿਰਿਆਵਾਂ ਦੇਖਣ ਨੂੰ ਨਹੀਂ ਮਿਲਦੀਆਂ, ਜਿਵੇਂ ਕਿ ਸੰਸਦ ਦੇ ਸੁਨਹਿਰੀ ਯੁੱਗ ਨਹਿਰੂ ਕਾਲ ’ਚ ਹੰਦਾ ਸੀ। ਅਤੀਤ ਦੇ ਉਲਟ ਲੱਖਾਂ-ਕਰੋੜਾਂ ਰੁਪਏ ਦੇ ਵੱਖ-ਵੱਖ ਮੰਤਰਾਲਿਆਂ ਤੇ ਵਿਭਾਗਾਂ ਦੀ ਗ੍ਰਾਂਟ ਦੀਆਂ ਮੰਗਾਂ ਨੂੰ ਬਿਨਾਂ ਚਰਚਾ ਦੇ ਪਾਸ ਕੀਤਾ ਜਾਂਦਾ ਹੈ।

ਸਪੀਕਰ ਬਿਰਲਾ ਨੂੰ ਸੰਭਲਣ ਕੇ ਚੱਲਣਾ ਪਵੇਗਾ। ਉਨ੍ਹਾਂ ਨੂੰ ਇਹ ਯਕੀਨੀ ਕਰਨਾ ਪਵੇਗਾ ਕਿ ਵਿਰੋਧੀ ਧਿਰ ਆਪਣੀ ਗੱਲ ਕਹਿ ਸਕੇ ਅਤੇ ਸਰਕਾਰ ਆਪਣੇ ਕੰਮ ਕਰਵਾ ਸਕੇ। ਇਸ ਲਈ ਉਨ੍ਹਾਂ ਨੂੰ ਪੱਛਮੀ ਸੰਸਦ ਮੈਂਬਰਾਂ ਤੋਂ ਸਬਕ ਲੈਣਾ ਪਵੇਗਾ, ਜਿਥੇ ਸਮਾਂ ਬਚਾਉਣ ਲਈ ਨਿਰਧਾਰਿਤ ਸਮਾਂ ਖਤਮ ਹੁੰਦੇ ਹੋਏ ਉਸ ਦਾ ਮਾਈਕ੍ਰੋਫੋਨ ਆਪਣੇ ਆਪ ਬੰਦ ਕਰ ਦਿੱਤਾ ਜਾਂਦਾ ਹੈ। ਵਿੰਸਟਨ ਚਰਚਿਲ ਨੇ ਇਕ ਵਾਰ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਭਾਸ਼ਣ ’ਚ ਸਿਰਫ ਇਕ ਨੁਕਤੇ ’ਤੇ ਬੋਲਣਾ ਚਾਹੀਦਾ ਹੈ ਤੇ ਦੋ ਨੁਕਤਿਆਂ ’ਤੇ ਬੋਲਣ ਦਾ ਵਿਸ਼ੇਸ਼ ਅਧਿਕਾਰ ਸਿਰਫ ਪ੍ਰਧਾਨ ਮੰਤਰੀ ਦਾ ਹੈ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕੋਈ ਜਾਦੂਈ ਛੜੀ ਨਹੀਂ ਹੈ। ਇਸ ਦੀ ਪ੍ਰਕਿਰਿਆ ਮੱਧਮ ਅਤੇ ਲੰਬੀ ਹੋਵੇਗੀ ਪਰ ਜੇਕਰ ਸਪੀਕਰ ਬਿਰਲਾ ਸਦਨ ’ਚ ਸ਼ੋਰ-ਸ਼ਰਾਬੇ ਨੂੰ ਬੰਦ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਕ ਸਾਰਥਕ ਪਹਿਲ ਕਰਨੀ ਪਵੇਗੀ। ਉਨ੍ਹਾਂ ਨੂੰ ਇਹ ਯਕੀਨੀ ਕਰਨਾ ਪਵੇਗਾ ਕਿ ਸਦਨ ਦੀ ਕਾਰਵਾਈ ਲਈ ਸੰਸਦ ਮੈਂਬਰ ਇਕਜੁੱਟ ਹੋ ਕੇ ਰੌਲਾ ਨਾ ਪਾਉਣ। ਜਿਹੜਾ ਵੀ ਮੈਂਬਰ ਸਦਨ ਦੇ ਐਨ ਵਿਚਕਾਰ ਆਏ, ਉਸ ਨੂੰ ਇਕ ਹਫਤੇ ਲਈ ਸਦਨ ’ਚੋਂ ਮੁਅੱਤਲ ਕੀਤਾ ਜਾਵੇ।

ਖਾਮੀਆਂ ਦੂਰ ਕਰਨ ਦਾ ਸਮਾਂ

ਸਮਾਂ ਆ ਗਿਆ ਹੈ ਕਿ ਸਦਨ ਦੀਆਂ ਕਾਰਵਾਈਆਂ ’ਚ ਆਈਆਂ ਖਾਮੀਆਂ ਦੂਰ ਕੀਤੀਆਂ ਜਾਣ। ਸੰਸਦ ਨੂੰ ਮੁੜ ਪਟੜੀ ’ਤੇ ਲਿਆਉਣ ਲਈ ਨਿਯਮਾਂ ’ਚ ਜ਼ਰੂਰੀ ਬਦਲਾਅ ਕੀਤੇ ਜਾਣ। ਸਾਨੂੰ ਸਪੱਸ਼ਟ ਕਰਨਾ ਪਵੇਗਾ ਕਿ ਅਸੀਂ ਲੋਕਤੰਤਰ ਨੂੰ ਸ਼ਾਸਨ ਦੇ ਇਕ ਸੱਭਿਅਕ ਸਰੂਪ ਦੇ ਰੂਪ ’ਚ ਮੰਨਦੇ ਹਾਂ ਜਾਂ ਅਸੀਂ ਲੋਕਤੰਤਰ ਨੂੰ ਦੁਸ਼ਟਾਂ ਅਤੇ ਦਲਾਲਾਂ ਦਾ ਤੰਤਰ ਬਣਾ ਦਿੱਤਾ ਹੈ। ਸਾਨੂੰ ਇਹ ਵੀ ਧਿਆਨ ਰੱਖਣਾ ਪਵੇਗਾ ਕਿ 21ਵੀਂ ਸਦੀ ਦੀ ਸੰਸਦ ’ਚ 19ਵੀਂ ਸਦੀ ਦੀ ਸੋਚ ਨਹੀਂ ਚੱਲੇਗੀ। 17ਵੀਂ ਲੋਕ ਸਭਾ ’ਚ 67 ਨਵੇਂ ਸੰਸਦ ਮੈਂਬਰ ਹਨ। ਸਾਨੂੰ ਦੇਖਣਾ ਪਵੇਗਾ ਕਿ ਕੀ ਸਾਡੇ ਜਨਸੇਵਕ ਸਹਿਯੋਗ ਦਾ ਰੁਖ਼ ਅਪਣਾਉਂਦੇ ਹਨ ਜਾਂ ਟਕਰਾਅ ਦਾ ਅਤੇ ਨਿਯਮਾਂ ਦੀ ਪਾਲਣਾ ਕਰਦੇ ਹਨ ਜਾਂ ਨਹੀਂ। ਉਨ੍ਹਾਂ ਨੂੰ ਸਾਡੇ ਲੋਕਤੰਤਰ ਦੇ ਮੰਦਰ ਨੂੰ ਤਾਜ ਮਹੱਲ ਜਾਂ ਕੁਤੁਬਮੀਨਾਰ ਵਰਗੀ ਯਾਦਗਾਰ ’ਚ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਅਸੀਂ ਜਾਣਦੇ ਹਾਂ ਕਿ ਇਨ੍ਹਾਂ ਯਾਦਗਾਰਾਂ ਨਾਲ ਕਬੂਤਰ ਕੀ ਕਰਦੇ ਹਨ।

ਪ੍ਰਧਾਨ ਮੰਤਰੀ ਮੋਦੀ ਸ਼ਾਸਨ ’ਚ ਬਦਲਾਅ ਲਿਆਉਣ ਦੀ ਤਿਆਰੀ ਕਰ ਰਹੇ ਹਨ। ਇਸ ਲਈ ਉਨ੍ਹਾਂ ਨੂੰ ਸਪੀਕਰ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦੇਣੀ ਪਵੇਗੀ ਅਤੇ ਸਪੀਕਰ ਨੂੰ ਲੋਕਤੰਤਰ ਦੀ ਨਿਰਪੱਖ ਸੇਵਾ ਕਰਨ ’ਚ ਸਹਾਇਤਾ ਕਰਨੀ ਪਵੇਗੀ। ਇਸ ਦੇ ਲਈ ਇਸ ਬ੍ਰਿਟਿਸ਼ ਕਹਾਵਤ ਨੂੰ ਲਾਗੂ ਕਰਨਾ ਹੋਵੇਗਾ ‘ਇਕ ਵਾਰ ਸਪੀਕਰ, ਹਮੇਸ਼ਾ ਲਈ ਸਪੀਕਰ’। ਕੁਲ ਮਿਲਾ ਕੇ ਸਪੀਕਰ ਬਿਰਲਾ ਨੂੰ ਇੰਦਰਾ ਗਾਂਧੀ ਦੇ ਇਨ੍ਹਾਂ ਸ਼ਬਦਾਂ ਨੂੰ ਧਿਆਨ ’ਚ ਰੱਖਣਾ ਹੋਵੇਗਾ ‘‘ਸੰਸਦ ਲੋਕਤੰਤਰ ਦੀ ਫਸੀਲ ਹੈ, ਇਸ ਦੇ ਸਾਹਮਣੇ ਆਪਣੀ ਇਕ ਅਜਿਹੀ ਦਿੱਖ ਬਣਾਈ ਰੱਖਣ ਦਾ ਮੂਲ-ਮੰਤਰ ਹੈ ਕਿ ਲੋਕਾਂ ’ਚ ਇਸ ਪ੍ਰਤੀ ਵਿਸ਼ਵਾਸ ਅਤੇ ਆਦਰ ਵਧਦਾ ਜਾਏ ਕਿਉਂਕਿ ਜੇਕਰ ਇਕ ਵਾਰ ਉਹ ਗੁਆਚ ਗਿਆ ਤਾਂ ਮੈਂ ਨਹੀਂ ਸਮਝਦੀ ਕਿ ਮੁੜ ਉਸ ਨੂੰ ਹਾਸਲ ਕੀਤਾ ਜਾ ਸਕਦਾ ਹੈ।’’ ਇਸ ਵਿਸ਼ਵਾਸ ਅਤੇ ਆਦਰ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਨਵੇਂ ਸਪੀਕਰ ਨੂੰ ਇਕ ਨਵੇਂ ਅਧਿਆਏ ਰਾਹੀਂ ਇਹ ਕੰਮ ਨੇਪਰੇ ਚਾੜ੍ਹਨਾ ਚਾਹੀਦਾ ਹੈ। ਕੀ ਤੁਸੀਂ ਇਸ ਨਾਲ ਸਹਿਮਤ ਹੋ।

(pk@infapublications.com)
 


Bharat Thapa

Content Editor

Related News