ਕੀ ਮੋਦੀ ਜਿੱਤਣਗੇ 370 ਸੀਟਾਂ?

Friday, Mar 01, 2024 - 01:57 PM (IST)

ਕੀ ਮੋਦੀ ਜਿੱਤਣਗੇ 370 ਸੀਟਾਂ?

ਨਰਿੰਦਰ ਮੋਦੀ ਅਗਲੇ 5 ਸਾਲ ਲਈ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਇਸ ਗੱਲ ਦੀ ਮੈਨੂੰ ਆਸ ਹੈ। ਮੈਨੂੰ ਇਸ ਗੱਲ ’ਤੇ ਗੰਭੀਰਤਾ ਨਾਲ ਸ਼ੱਕ ਹੈ ਕਿ ਉਨ੍ਹਾਂ ਦੀ ਭਵਿੱਖਬਾਣੀ ਕਿ ਉਨ੍ਹਾਂ ਦੀ ਪਾਰਟੀ ਭਾਜਪਾ, ਲੋਕ ਸਭਾ ’ਚ 370 ਸੀਟਾਂ ਜਿੱਤੇਗੀ ਅਤੇ ਐੱਨ. ਡੀ. ਏ. ’ਚ ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ 30 ਹੋਰ ਸੀਟਾਂ ਜਿੱਤਣਗੀਆਂ? ਕੀ ਇਹ ਸੱਚ ਹੋਵੇਗਾ।

ਮਹਾਰਾਸ਼ਟਰ, ਜੋ 48 ਸੰਸਦ ਮੈਂਬਰਾਂ ਨੂੰ ਹੇਠਲੇ ਸਦਨ ’ਚ ਭੇਜਦਾ ਹੈ, ਉੱਥੇ ਅਜਿਹਾ ਲੱਗਦਾ ਹੈ ਕਿ ਕਾਂਗਰਸ, ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨ. ਸੀ. ਪੀ. ਅਤੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਆਪਣੇ-ਆਪਣੇ ਪ੍ਰਭਾਵ ਖੇਤਰ ’ਚ ਕੁਝ ਸੀਟਾਂ ਜਿੱਤਣਗੀਆਂ। ਭਾਜਪਾ ਨੇ ਪੇਂਡੂ ਚੋਣ ਖੇਤਰਾਂ ’ਚ ਵੱਡੀ ਪੈਠ ਬਣਾਈ ਹੈ। ਆਪਣੇ ਨਵੇਂ ਸਹਿਯੋਗੀਆਂ ਨਾਲ, ਸੈਨਾ ਦੇ ਸ਼ਿੰਦੇ ਧੜੇ ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨ. ਸੀ. ਪੀ., ਇਹ ਵਿਰੋਧੀ ਧਿਰ ਦੀ ਤੁਲਨਾ ’ਚ ਵੱਧ ਸੀਟਾਂ ਜਿੱਤੇਗੀ ਪਰ ਨਿਸ਼ਚਿਤ ਤੌਰ ’ਤੇ ਉਹ ਅੰਕੜਾ ਨਹੀਂ ਜਿਸ ਦਾ ਉਹ ਹਵਾਲਾ ਦਿੰਦਾ ਹੈ।

ਕਿਸਾਨਾਂ ਦਾ ਨਵਾਂ ਅੰਦੋਲਨ ਮੁੱਖ ਤੌਰ ’ਤੇ ਪੰਜਾਬ ਤੱਕ ਹੀ ਸੀਮਿਤ ਹੈ। ਇਹ ਇਕ ਅਜਿਹਾ ਸੂਬਾ ਹੈ ਜਿਥੇ ਭਾਜਪਾ ਬਹੁਤ ਘੱਟ ਪ੍ਰਭਾਵ ਰੱਖਦੀ ਹੈ। ਚੌਧਰੀ ਚਰਨ ਸਿੰਘ ਨੂੰ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਭਾਰਤ ਰਤਨ ਦੇਣਾ ਇਕ ਬਹੁਤ ਹੀ ਚਲਾਕੀ ਭਰਿਆ ਕਦਮ ਸੀ।

ਹਾਲਾਂਕਿ ਜੋ ਗੱਲ ਚਤੁਰਾਈ ਤੋਂ ਕਿਤੇ ਵੱਧ ਸੀ, ਉਹ ਸੀ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨਾਲ ਛੇੜਛਾੜ ਦਾ ਯਤਨ। ਇਸ ਦੇ ਨਤੀਜੇ ਵਜੋਂ ਸੁਪਰੀਮ ਕੋਰਟ ਵੱਲੋਂ ਰਿਟਰਨਿੰਗ ਅਫਸਰ ਖਿਲਾਫ ਮੁਕੱਦਮਾ ਚਲਾਉਣ ਦਾ ਹੁਕਮ ਦਿੱਤਾ ਗਿਆ।

ਚੰਡੀਗੜ੍ਹ ਦੇ ਘਟਨਾਕ੍ਰਮ ’ਚ ਰਿਟਰਨਿੰਗ ਅਫਸਰ ਦਾ ਹਸ਼ਰ ਉਨ੍ਹਾਂ ਸਰਕਾਰੀ ਅਧਿਕਾਰੀਆਂ ਲਈ ਇਕ ਚਿਤਾਵਨੀ ਵਜੋਂ ਹੋਣਾ ਚਾਹੀਦਾ ਹੈ ਜੋ ਸੱਤਾ ਪ੍ਰਤੀ ਆਪਣੀ ਵਫਾਦਾਰੀ ਸਾਬਿਤ ਕਰਨਾ ਚਾਹੁੰਦੇ ਹਨ। ਚੋਣ ਬਾਂਡ ਮਾਮਲੇ ’ਚ ਸੁਪਰੀਮ ਕੋਰਟ ਦੇ ਫੈਸਲੇ ਨੇ ਕਾਰਪੋਰੇਟਸ ਦੀ ਸੱਤਾ ’ਚ ਮੌਜੂਦ ਪਾਰਟੀ ਦੀ ਅੱਖਾਂ ਮੀਟ ਕੇ ਮਦਦ ਕਰਨ ਦੀ ਇੱਛਾ ਨੂੰ ਗ੍ਰਹਿਣ ਲਾ ਦਿੱਤਾ ਹੈ। ਉਨ੍ਹਾਂ ਨੂੰ ਟਾਟਾ ਸਮੂਹ ਅਤੇ ਆਦਿੱਤਿਆ ਬਿਰਲਾ ਸਮੂਹ ਵੱਲੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਉਚਿਤ ਹਿਸਾਬ-ਕਿਤਾਬ ਨਾਲ ਰੇਖਾਂਕਿਤ ਚੈੱਕ ਰਾਹੀਂ ਦਾਨ ਦੇਣ ਦੀ ਪ੍ਰਣਾਲੀ ’ਤੇ ਵਾਪਸ ਪਰਤਣਾ ਚਾਹੀਦਾ ਹੈ। ਚੋਣ ਬਾਂਡ ਦੀ ਖੋਜ ਹੋਣ ਤੱਕ ਇਹ ਪ੍ਰਣਾਲੀ ਬਿਨਾਂ ਰੁਕਾਵਟ ਕੰਮ ਕਰ ਰਹੀ ਸੀ।

ਇਹ ਸੱਤਾ ’ਚ ਰਹਿਣ ਵਾਲੀ ਪਾਰਟੀ ਲਈ ਸੁਭਾਵਿਕ ਹੈ, ਖਾਸ ਕਰ ਕੇ ਭਾਜਪਾ ਵਰਗੀ ਲਹਿਰ ’ਤੇ ਸਵਾਰ ਪਾਰਟੀ ਲਈ। ਵਰਤਮਾਨ ’ਚ ਭਾਜਪਾ ਕਾਰਪੋਰੇਟਸ ਵਜੋਂ ਦਿੱਤੇ ਗਏ ਦਾਨ ਦਾ ਵੱਡਾ ਹਿੱਸਾ ਪ੍ਰਾਪਤ ਕਰਨ ਲਈ ਅਜਿਹਾ ਕਰ ਰਹੀ ਹੈ ਪਰ ਕਿਸੇ ਸੱਤਾਧਾਰੀ ਪਾਰਟੀ ਲਈ ਆਪਣੇ ਕੰਟਰੋਲ ਵਾਲੀਆਂ ਸਰਕਾਰੀ ਏਜੰਸੀਆਂ ਜ਼ਰੀਏ ਵਿਰੋਧੀ ਧਿਰ ਪਾਰਟੀਆਂ ਨੂੰ ਫੰਡਿੰਗ ਤੋਂ ਰੋਕਣਾ ਸਾਧਾਰਨ ਗੱਲ ਨਹੀਂ ਹੈ। ਲੋਕ ਸਭਾ ਚੋਣਾਂ ਤੋਂ 2 ਮਹੀਨੇ ਪਹਿਲਾਂ ਇਨਕਮ ਟੈਕਸ ਅਧਿਕਾਰੀਆਂ ਵੱਲੋਂ ਕਾਂਗਰਸ ਪਾਰਟੀ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨਾ ਇਕ ਬਹੁਤ ਹੀ ਘਿਨੌਣਾ ਅਤੇ ਘਟੀਆ ਤਰੀਕਾ ਸੀ। ਭਾਜਪਾ ਅਤੇ ਉਸ ਦੇ ਹਮਾਇਤੀਆਂ ਨੇ ਵੀ ਇਸ ਦੀ ਸ਼ਲਾਘਾ ਨਹੀਂ ਕੀਤੀ ਸੀ। ਇਨਕਮ ਟੈਕਸ ਅਪੀਲ ਅਥਾਰਟੀ ਨੇ ਦਖਲ ਦਿੱਤਾ ਅਤੇ ਤਰਕ ਬਹਾਲ ਕੀਤਾ।

ਨਰਿੰਦਰ ਮੋਦੀ ਨਿੱਜੀ ਤੌਰ ’ਤੇ ਮਹਾ ਪੁਜਾਰੀ ਦੀ ਭੂਮਿਕਾ ਸੰਭਾਲਣ ਅਤੇ ਅਯੁੱਧਿਆ ’ਚ ਰਾਮ ਜਨਮ ਭੂਮੀ ਮੰਦਰ ਦਾ ਉਦਘਾਟਨ ਕਰਨ ਤੋਂ ਬਾਅਦ ਬਹੁਤ ਉਤਸ਼ਾਹਿਤ ਸਨ। ਇਥੋਂ ਤੱਕ ਕਿ ਭਾਰਤ ਦੇ ਬਹੁਗਿਣਤੀ ਹਿੰਦੂਆਂ ਦੇ ਧਰਮ ਦੇ ਮਾਮਲੇ ’ਚ ਆਮ ਤੌਰ ’ਤੇ ਸ਼ਾਂਤ ਰਹਿਣ ਵਾਲੇ ਧਰਮ ਦੇ ਪੈਰੋਕਾਰ ਵੀ 22 ਜਨਵਰੀ ਦੇ ਸਮਾਰੋਹ ਨਾਲ ਜੁੜੇ ਅਤੇ ਸ਼ਾਨ ਤੋਂ ਸਕਾਰਾਤਮਕ ਤੌਰ ’ਤੇ ਪ੍ਰਭਾਵਿਤ ਹੋਏ ਸਨ। ਇਸ ਨਾਲ ਮੋਦੀ ਹਰਮਨਪਿਆਰਤਾ ਚਾਰਟ ’ਚ ਕੁਝ ਪੌੜੀਆਂ ਉੱਪਰ ਚੜ੍ਹ ਗਏ। ਇਹ ਮਾਣਮੱਤਾ ਪਲ ਕੁਝ ਦਿਨਾਂ ਪਿੱਛੋਂ ਦੁਹਰਾਇਆ ਗਿਆ ਜਦ ਉਹ ਸ਼ੱਕੀ ਜਾਸੂਸੀ ਦੇ ਦੋਸ਼ ’ਚ ਮੌਤ ਦੀ ਸਜ਼ਾ ਪ੍ਰਾਪਤ 8 ਸਾਬਕਾ ਸਮੁੰਦਰੀ ਫੌਜ ਮੁਲਾਜ਼ਮਾਂ ਦੀ ਜ਼ਿੰਦਗੀ ਦੀ ਪੁਕਾਰ ਲਾਉਣ ਕਤਰ ਗਏ। ਸਾਡੇ ਪ੍ਰਧਾਨ ਮੰਤਰੀ ਆਪਣੇ ਮਿਸ਼ਨ ’ਚ ਸਫਲ ਹੋਏ, ਇਸ ਤਰ੍ਹਾਂ ਮੱਧ ਪੂਰਬ ਦੀ ਮੁਸਲਿਮ ਦੁਨੀਆ ’ਚ ਦੇਸ਼ ਦੀ ਨਰਮ ਸ਼ਕਤੀ ਦੀ ਤਾਕਤ ਪ੍ਰਦਰਸ਼ਿਤ ਹੋਈ।

ਬਦਕਿਸਮਤੀ ਨਾਲ, ਚੰਡੀਗੜ੍ਹ ਨਗਰਪਾਲਿਕਾ ’ਚ ਲੋਕਾਂ ਦੇ ਫਤਵੇ ਨੂੰ ਬਦਲਣ ਦੀ ਕੋਸ਼ਿਸ਼ ਕਰਨ ਅਤੇ ਆਈ. ਟੀ. ਵੱਲੋਂ ਕਾਂਗਰਸ ਪਾਰਟੀ ਦੇ ਫੰਡ ’ਚ ਕਟੌਤੀ ਕਰਨ ਦੀ ਤੁਲਨਾਤਮਕ ਤੌਰ ’ਤੇ ਹਲਕੀ ਮਾਨਸਿਕਤਾ ਵਾਲੇ ਕੰਮਾਂ ਨੇ ਮੋਦੀ ਵੱਲੋਂ ਹਾਸਲ ਕੀਤੇ ਸਾਰੇ ਲਾਭਾਂ ਨੂੰ ਬੇਅਸਰ ਕਰ ਦਿੱਤਾ ਹੈ।

ਇਹ ਪਾਰਟੀ ਲਈ ਜ਼ਰੂਰੀ ਹੈ, ਜਿਸ ਨੂੰ ਹੁਣ ਹਿੰਦੀ ਭਾਸ਼ੀ ਸੂਬਿਆਂ ਦੇ ਉੱਤਰੀ ਗੜ੍ਹ ’ਚ ਬਹੁਗਿਣਤੀ ਭਾਈਚਾਰੇ ਦੀ ਮਜ਼ਬੂਤੀ ਨਾਲ ਹਮਾਇਤ ਪ੍ਰਾਪਤ ਹੈ, ਤਾਂ ਕਿ ਵਿਰੋਧੀ ਧਿਰ ਨੂੰ ਨੀਵਾਂ ਦਿਖਾਉਣ ਲਈ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਨ ਦੀ ਆਪਣੀ ਪ੍ਰਵਿਰਤੀ ਨੂੰ ਦਬਾਇਆ ਜਾ ਸਕੇ। ਸਿੱਖਿਅਤ ਵੋਟਰਾਂ ਨੇ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਦੀ ਪਸੰਦੀਦਾ ਪਾਰਟੀ ਆਪਣੇ ਸਿਆਸੀ ਵਿਰੋਧੀਆਂ ਨੂੰ ਬੇਲੋੜਾ ਪ੍ਰੇਸ਼ਾਨ ਕਰ ਰਹੀ ਹੈ ਅਤੇ ਈ. ਡੀ., ਸੀ. ਬੀ. ਆਈ. ਅਤੇ ਇਨਕਮ ਟੈਕਸ ਵਰਗੀਆਂ ਕੇਂਦਰੀ ਏਜੰਸੀਆਂ ਵੱਲੋਂ ਜਾਂਚ ਦੀ ਧਮਕੀ ਦੇ ਕੇ ਵਿਰੋਧੀ ਧਿਰ ਦੇ ਧਨੰਤਰਾਂ ਨੂੰ ਲੁਭਾਉਣ ਦੇ ਸਪੱਸ਼ਟ ਯਤਨ ਵੀ ਕਰ ਰਹੀ ਹੈ। ਇਕ ਵਾਰ ਜਦੋਂ ਉਹ ਸੰਕਟ ਤੋਂ ਪਾਰ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਪਾਪ ਮੁਆਫ ਕਰ ਦਿੱਤੇ ਜਾਂਦੇ ਹਨ। ਉਨ੍ਹਾਂ ’ਚੋਂ ਕੁਝ ਨੂੰ ਰਾਜ ਸਭਾ ’ਚ ਮੰਤਰੀ ਜਾਂ ਐੱਮ. ਪੀ. ਵੀ ਬਣਾਇਆ ਜਾਂਦਾ ਹੈ!

ਕੋਈ ਵੀ ਨਿਸ਼ਚਿਤ ਨਹੀਂ ਹੋ ਸਕਦਾ ਕਿ ਮਾਰਚ ’ਚ ਕਿਸ ਸਮੇਂ ਚੋਣ ਪ੍ਰਚਾਰ ਸ਼ੁਰੂ ਕਰਨ ਪਿੱਛੋਂ ਅਜਿਹੀਆਂ ਰਣਨੀਤੀਆਂ ਰੋਕ ਦਿੱਤੀਆਂ ਜਾਣਗੀਆਂ ਜਾਂ ਨਹੀਂ। ਕਾਂਗਰਸ ਅਤੇ ‘ਇੰਡੀਆ’ ਗੱਠਜੋੜ ’ਚ ਉਨ੍ਹਾਂ ਦੇ ਸਹਿਯੋਗੀਆਂ ਨੂੰ ਆਪਣੇ ਆਗੂਆਂ ਦੀ ਸੰਭਾਵਿਤ ਕਿਸਮਤ ਦਾ ਅਹਿਸਾਸ ਹੋ ਗਿਆ ਹੈ ਜੇ ਭਾਜਪਾ-ਮੋਦੀ ਨੇ ਜਿਨ੍ਹਾਂ 370 ਸੀਟਾਂ ਦਾ ਹਵਾਲਾ ਦਿੱਤਾ ਹੈ, ਉਹ ਮਿਲ ਜਾਂਦੀਆਂ ਹਨ। ਦਿੱਲੀ, ਹਰਿਆਣਾ ਅਤੇ ਹੋਰ ਸੂਬਿਆਂ ’ਚ ਜਿਥੇ ਹਿੰਦੀ ਭਾਸ਼ਾ ਹੈ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਸਹਿਮਤੀ ਬਣ ਗਈ ਹੈ।

ਦੱਖਣ, ਜਿਸ ਵਿਚ 5 ਸੂਬੇ ਤਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ ਸ਼ਾਮਲ ਹਨ, ਭਾਜਪਾ ਕੋਲ ਨਹੀਂ ਆਉਣ ਵਾਲੇ। ਕੇਰਲ ਅਤੇ ਤਮਿਲਨਾਡੂ ’ਚ ਭਾਜਪਾ ਵੱਲੋਂ ਇਕ ਖਾਲੀ ਸਥਾਨ ਭਰਨ ਦੀ ਸੰਭਾਵਨਾ ਹੈ। ਕਰਨਾਟਕ ਭਾਜਪਾ ਦੀ ਝੋਲੀ ’ਚ ਸਭ ਤੋਂ ਵੱਡਾ ਯੋਗਦਾਨ ਪਾਏਗਾ ਪਰ ਇਸ ਨਾਲ ਵੀ ਕੋਈ ਫਰਕ ਨਹੀਂ ਪਵੇਗਾ।

ਪੂਰਬ ਵਿਚ ਪੱਛਮੀ ਬੰਗਾਲ ’ਚ ਅਜੇ ਵੀ ਮਮਤਾ ਬੈਨਰਜੀ ਦਾ ਗੜ੍ਹ ਹੈ। ਇਸ ’ਚ 42 ਸੀਟਾਂ ਹਨ। ਭਾਜਪਾ ਨੇ ਬੰਗਾਲ ’ਚ ਕਾਫੀ ਲੀਡ ਹਾਸਲ ਕੀਤੀ ਹੈ ਪਰ ਇੰਨੀ ਨਹੀਂ ਕਿ ਮਮਤਾ ਨੂੰ ਹਟਾ ਸਕੇ, ਖਾਸ ਕਰ ਕੇ ਜੇ ਉਹ ਕਾਂਗਰਸ ਨਾਲ ਸਾਂਝੇਦਾਰੀ ’ਚ ਚੋਣ ਲੜਦੀ ਹੈ।

ਉੱਤਰ-ਪੂਰਬ ’ਚ ਖੇਤਰੀ ਪਾਰਟੀਆਂ ਆਪਣੀ ਹੋਂਦ ਲਈ ਸੱਤਾਧਾਰੀ ਪਾਰਟੀ ਨਾਲ ਜਾਂਦੀਆਂ ਹਨ ਪਰ ਮਣੀਪੁਰ ’ਚ ਸੰਘ ਪਰਿਵਾਰ ਦੀਆਂ ਸਰਗਰਮੀਆਂ ਪਿੱਛੋਂ ਨਾਗਾਲੈਂਡ, ਮਿਜ਼ੋਰਮ, ਮੇਘਾਲਿਆ ਅਤੇ ਮਣੀਪੁਰ ਦੇ ਪਹਾੜੀ ਜ਼ਿਲਿਆਂ ਦੇ ਬੈਪਟਿਸਟ ਇਸਾਈ ਇਸ ਮੁੱਦੇ ’ਤੇ ਹੋਰ ਵਿਚਾਰ ਕਰ ਰਹੇ ਹਨ। ਸਿਰਫ ਓਡਿਸ਼ਾ ਅਤੇ ਤ੍ਰਿਪੁਰਾ ’ਤੇ ਹੀ ਭਾਜਪਾ ਦਾ ਸਾਂਝੀਦਾਰ ਬਣਨ ਦਾ ਭਰੋਸਾ ਕੀਤਾ ਜਾ ਸਕਦਾ ਹੈ। ਉਂਝ ਵੀ ਪੂਰਬ-ਉੱਤਰ ’ਚ ਸੀਟਾਂ ਦੀ ਗਿਣਤੀ ਬੇਹੱਦ ਘੱਟ ਹੈ।

ਪੰਜਾਬ ਅਤੇ ਹਿਮਾਚਲ ਨੂੰ ਛੱਡ ਕੇ ਉੱਤਰ ਭਾਰਤ ਪੂਰੀ ਤਰ੍ਹਾਂ ਭਾਜਪਾ ਦੇ ਨਾਲ ਹੈ ਪਰ ‘ਇੰਡੀਆ’ ਗੱਠਜੋੜ ਦੇ ਹੋਸ਼ ’ਚ ਆਉਣ ਨਾਲ ਇਹ ਸੰਭਵ ਹੈ ਕਿ ਭਾਜਪਾ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੇ ਬਰਾਬਰ ਵੀ ਗਿਣਤੀ ਨਹੀਂ ਮਿਲੇਗੀ। ਮੋਦੀ ਵੱਲੋਂ ਦਿੱਤਾ ਜਾ ਰਿਹਾ 370 ਦਾ ਅੰਕੜਾ ਬਹੁਤ ਜ਼ਿਆਦਾ ਆਸ ਵਾਲਾ ਹੈ।

ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)


author

Rakesh

Content Editor

Related News