ਪਾਸ਼ ਇਲਾਕੇ ਵਿਚ ਵੱਡੀ ਵਾਰਦਾਤ, ਰਿਸ਼ਤੇਦਾਰੀ ''ਚ ਗਏ ਪਰਿਵਾਰ ਨਾਲ ਇਹ ਕੀ ਹੋ ਗਿਆ
Tuesday, Feb 18, 2025 - 02:03 PM (IST)

ਅਜਨਾਲਾ (ਬਾਠ) : ਅੱਜ ਸਥਾਨਕ ਸਾਂਈ ਮੰਦਰ ਦੇ ਬੈਕ ਸਾਈਡ ਪਾਸ਼ ਇਲਾਕੇ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪਸਰ ਗਿਆ ਜਦੋਂ ਮੇਜਰ ਸਿੰਘ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਸਵੇਰੇ ਕਿਸੇ ਪਰਿਵਾਰਕ ਸਮਾਗਮ ਵਿਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਸਾਹਿਬ ਗਏ ਸਨ ਅਤੇ ਜਦੋਂ ਉਹ ਦੇਰ ਰਾਤ ਘਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਖੁੱਲ੍ਹੇ ਹੋਏ ਸਨ ਅਤੇ ਅੰਦਰ ਵੜਨ ਅਨੁਸਾਰ ਪਤਾ ਲੱਗਾ ਕੇ ਅਲਮਾਰੀ ਵੀ ਟੁੱਟੀ ਹੋਈ ਸੀ, ਜਿਸ ਵਿਚ ਉਨ੍ਹਾਂ ਦੇ ਸੋਨੇ ਦੇ ਗਹਿਣੇ ਸਨ ਜਿਨ੍ਹਾਂ ਦਾ ਵਜ਼ਨ 30 ਤੋਲੇ ਦੇ ਕਰੀਬ ਹੈ ਅਤੇ 70 ਹਜ਼ਾਰ ਰੁਪਏ ਦੀ ਨਕਦੀ ਜੋ ਕਿ ਗਾਇਬ ਸੀ।
ਪੀੜਤ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਕਿਸੇ ਸ਼ਾਤਰ ਲੁਟੇਰੇ ਗਰੋਹ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਕਿਉਂਕਿ ਜਿਹੜੀ ਅਲਮਾਰੀ ਸੀ ਉਸ ਦਾ ਲਾਕਰ ਬੜੇ ਹੀ ਤਰੀਕੇ ਨਾਲ ਖੋਲ੍ਹਿਆ ਗਿਆ ਜੋ ਕਿ ਕਿਸੇ ਮੁਹਾਰਤ ਹਾਸਲ ਵਿਅਕਤੀ ਦਾ ਕਾਰਾ ਹੋ ਸਕਦਾ ਹੈ।
ਉਨ੍ਹਾਂ ਥਾਣਾ ਅਜਨਾਲਾ ਦੀ ਪੁਲਸ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਕੇ ਉਕਤ ਕਥਤ ਦੋਸ਼ੀਆਂ ਦੀ ਪਛਾਣ ਕੀਤੀ ਜਾਵੇ ਅਤੇ ਕਾਨੂੰਨਨ ਕਾਰਵਾਈ ਕਰਕੇ ਮਿਸਾਲ ਪੈਦਾ ਕੀਤੀ ਜਾਵੇ ਅਤੇ ਕੋਈ ਹੋਰ ਵਿਅਕਤੀ ਆਉਣ ਵਾਲੇ ਸਮੇਂ ’ਚ ਕਿਸੇ ਦੇ ਘਰ ਅੰਦਰ ਦਾਖਲ ਹੋ ਕੇ ਲੁੱਟ ਖੋਹ ਤੇ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਜ਼ਾਰ ਵਾਰੀ ਸੋਚੇ। ਇਸ ਸਬੰਧੀ ਘਟਨਾ ਸਥਾਨ ’ਤੇ ਪਹੁੰਚੇ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਸਤਪਾਲ ਸਿੰਘ ਨੇ ਪੂਰੇ ਘਟਨਾ ਸਥਾਨ ਦੀ ਜਾਣਕਾਰੀ ਹਾਸਲ ਕੀਤੀ ਅਤੇ ਦੋਸ਼ੀਆਂ ਵਿਰੁੱਧ ਕਾਨੂੰਨ ਕਾਰਵਾਈ ਅਮਲ ’ਚ ਲਿਆ ਕੇ ਵਾਅਦਾ ਕੀਤਾ ਕਿ ਜਲਦ ਹੀ ਦੋਸ਼ੀ ਪੁਲਸ ਦੀ ਗ੍ਰਿਫਤ ਵਿਚ ਹੋਣਗੇ।