ਵੱਡੀ ਖ਼ਬਰ : ਪੰਜਾਬ ਵਿਚ ਲਾਗੂ ਹੋਣ ਜਾ ਰਹੀ ਨਵੀਂ ਸ਼ਰਾਬ ਨੀਤੀ, ਜਾਣੋ ਕੀ ਆਵੇਗਾ ਬਦਲਾਅ
Wednesday, Feb 19, 2025 - 01:27 PM (IST)
![ਵੱਡੀ ਖ਼ਬਰ : ਪੰਜਾਬ ਵਿਚ ਲਾਗੂ ਹੋਣ ਜਾ ਰਹੀ ਨਵੀਂ ਸ਼ਰਾਬ ਨੀਤੀ, ਜਾਣੋ ਕੀ ਆਵੇਗਾ ਬਦਲਾਅ](https://static.jagbani.com/multimedia/2025_2image_13_27_343651212theka.jpg)
ਚੰਡੀਗੜ੍ਹ : ਪੰਜਾਬ ਸਰਕਾਰ ਸੂਬੇ ਦੀ ਨਵੀਂ ਆਬਕਾਰੀ ਨੀਤੀ ਬਣਾਉਣ ’ਚ ਜੁਟ ਗਈ ਹੈ ਅਤੇ ਸ਼ਰਾਬ ਨੀਤੀ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਅਗਲੇ ਮਾਲੀ ਵਰ੍ਹੇ ਦੌਰਾਨ ਸੂਬਾ ਸਰਕਾਰ ਨੂੰ ਆਬਕਾਰੀ ਮਾਲੀਏ ਤੋਂ ਛੇ ਤੋਂ ਸੱਤ ਫ਼ੀਸਦ ਤੱਕ ਦੇ ਵਾਧੇ ਦੀ ਸੰਭਾਵਨਾ ਹੈ। ਚਾਰ ਮੈਂਬਰੀ ਕੈਬਨਿਟ ਸਬ-ਕਮੇਟੀ ਨੇ ਆਬਕਾਰੀ ਨੀਤੀ ਤਿਆਰ ਕਰਨ ਲਈ ਬੀਤੇ ਦਿਨੀਂ ਤੀਜੀ ਮੀਟਿੰਗ ਕੀਤੀ। ਦੋ ਦਿਨਾਂ ਮਗਰੋਂ ਕੈਬਨਿਟ ਸਬ-ਕਮੇਟੀ ਦੀ ਆਖ਼ਰੀ ਮੀਟਿੰਗ ਹੋਣ ਦੀ ਉਮੀਦ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵੀਂ ਆਬਕਾਰੀ ਨੀਤੀ ਨੂੰ ਹਰੀ ਝੰਡੀ ਮਿਲਣੀ ਫਿਲਹਾਲ ਅਜੇ ਬਾਕੀ ਹੈ। ਸੂਤਰਾਂ ਮੁਤਾਬਕ ਮੌਜੂਦਾ ਵਿੱਤੀ ਵਰ੍ਹੇ ਲਈ ਆਬਕਾਰੀ ਮਾਲੀਏ ਦਾ 10,145 ਕਰੋੜ ਰੁਪਏ ਦਾ ਟੀਚਾ ਮਿਥਿਆ ਹੋਇਆ ਹੈ ਅਤੇ ਸੂਬਾ ਸਰਕਾਰ ਅਗਲੇ ਵਿੱਤੀ ਵਰ੍ਹੇ ਲਈ ਇਹ ਟੀਚਾ 11 ਹਜ਼ਾਰ ਕਰੋੜ ਰੁਪਏ ਤੱਕ ਦਾ ਰੱਖ ਸਕਦੀ ਹੈ। ਪੰਜਾਬ ਸਰਕਾਰ ਕਰੀਬ ਇਕ ਹਜ਼ਾਰ ਕਰੋੜ ਦੇ ਵਾਧੇ ਦਾ ਅਨੁਮਾਨ ਲਗਾ ਰਹੀ ਹੈ। ਚਾਲੂ ਵਿੱਤੀ ਵਰ੍ਹੇ ਦੇ ਜਨਵਰੀ ਮਹੀਨੇ ਤੱਕ ਸੂਬਾ ਸਰਕਾਰ ਨੂੰ ਆਬਕਾਰੀ ਮਾਲੀਏ ਵਜੋਂ 8584.33 ਕਰੋੜ ਰੁਪਏ ਪ੍ਰਾਪਤ ਹੋਏ ਹਨ। ਮਾਰਚ ਮਹੀਨੇ ਤੱਕ ਸੂਬਾ ਸਰਕਾਰ ਨੂੰ ਟੀਚਾ ਪਾਰ ਹੋਣ ਦੀ ਸੰਭਾਵਨਾ ਹੈ। ਆਬਕਾਰੀ ਮਹਿਕਮਾ ਇਸ ਗੱਲੋਂ ਤਸੱਲੀ ਵਿਚ ਹੈ ਕਿ ਚਾਲੂ ਵਿੱਤੀ ਸਾਲ ਦੌਰਾਨ ਮੋਹਾਲੀ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਰੋਪੜ ਵਿਚ ਸ਼ਰਾਬ ਦੀ ਰਿਕਾਰਡ ਵਿੱਕਰੀ ਹੋਈ ਹੈ, ਜਿਸ ਨਾਲ ਆਬਕਾਰੀ ਮਾਲੀਆ ਵਧਿਆ ਹੈ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਤੇ ਆਰ. ਸੀ. ਨੂੰ ਲੈ ਕੇ ਬੁਰੀ ਖ਼ਬਰ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ
ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਕੈਬਨਿਟ ਸਬ-ਕਮੇਟੀ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ, ਹਰਭਜਨ ਸਿੰਘ ਈਟੀਓ ਅਤੇ ਤਰੁਨਪ੍ਰੀਤ ਸਿੰਘ ਸੌਂਦ ਸ਼ਾਮਲ ਹਨ। ਕਮੇਟੀ ਵੱਲੋਂ ਸੂਬੇ ਦੀ ਆਬਕਾਰੀ ਨੀਤੀ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨਵੇਂ ਵਿੱਤੀ ਸਾਲ ਤੋਂ ਸ਼ਰਾਬ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਾ ਕਰਨ ਦੇ ਰੌਂਅ ’ਚ ਜਾਪਦੀ ਹੈ। ਨਵੀਂ ਸ਼ਰਾਬ ਨੀਤੀ ਨੂੰ ਫਰਵਰੀ ਮਹੀਨੇ ਦੇ ਅਖੀਰ ’ਚ ਹੋਣ ਵਾਲੀ ਕੈਬਨਿਟ ਮੀਟਿੰਗ ’ਚ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਖੜੀ ਹੋਈ ਨਵੀਂ ਮੁਸੀਬਤ
ਇਹ ਵੀ ਪਤਾ ਲੱਗਾ ਹੈ ਕਿ ਸ਼ਰਾਬ ਦੇ ਠੇਕੇਦਾਰ ਟੈਂਡਰ ਆਧਾਰਿਤ ਪ੍ਰਣਾਲੀ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਨਾਲ ਅਜਾਰੇਦਾਰੀ ਕਾਇਮ ਹੋਣ ਦਾ ਡਰ ਹੈ। ਸ਼ਰਾਬ ਦੇ ਖੁੱਲ੍ਹੇ ਕੋਟੇ ਦਾ ਵਿਰੋਧ ਵੀ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਬਾਜ਼ਾਰ ਵਿਚ ਸ਼ਰਾਬ ਦੀ ਜ਼ਿਆਦਾ ਸਪਲਾਈ ਕਾਰਨ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਨਾਲ ਨਾ ਸਿਰਫ ਕੀਮਤਾਂ ਨੂੰ ਲੈ ਕੇ ਵਿਵਾਦ ਛਿੜੇਗਾ, ਸਗੋਂ ਇਸ ਨਾਲ ਪੰਜਾਬ ਤੋਂ ਦੂਜੇ ਸੂਬਿਆਂ ਨੂੰ ਸ਼ਰਾਬ ਤਸਕਰੀ ਦਾ ਰਾਹ ਵੀ ਖੁੱਲ੍ਹਦਾ ਹੈ।
ਇਹ ਵੀ ਪੜ੍ਹੋ : ਪੈਨਸ਼ਨਧਾਰਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e