ਕਿਉਂ ਜਾਨਲੇਵਾ ਸਾਬਿਤ ਹੋ ਰਹੀ ਹੈ ਲੋਨ ਵਿਵਸਥਾ?
Tuesday, Feb 09, 2021 - 02:39 AM (IST)

ਰਿਜ਼ਵਾਨ ਅੰਸਾਰੀ
ਬੈਂਕ ਕਰਜ਼ ਜਾਂ ਸ਼ਾਹੂਕਾਰਾਂ ਤੋਂ ਮਿਲਣ ਵਾਲੇ ਕਰਜ਼ ਦੇ ਸਬੰਧ ’ਚ ਆਮ ਤੌਰ ’ਤੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਬਦਹਾਲੀ ’ਤੇ ਚਰਚਾ ਮੌਜੂਦਾ ਸਮੇਂ ’ਚ ਕੋਈ ਨਵੀਂ ਗੱਲ ਨਹੀਂ ਰਹਿ ਗਈ ਹੈ। ਟੀ.ਵੀ. ਡਿਬੇਟਸ ਅਤੇ ਸੈਮੀਨਾਰਾਂ ’ਚ ਆਏ ਦਿਨ ਇਸ ’ਤੇ ਵਿਆਪਕ ਬਹਿਸ ਦੇਖਣ ਨੂੰ ਮਿਲਦੀ ਹੈ ਪਰ ਇਨ੍ਹਾਂ ਬਹਿਸਾਂ ਦੇ ਰੌਲੇ ’ਚ ਬੈਂਕ ਕਰਜ਼ ਦੇ ਕਾਰਨ ਤਸ਼ੱਦਦ ਝੱਲ ਰਹੇ ਦਰਮਿਆਨੇ ਵਰਗ ਦੀਆਂ ਚੀਕਾਂ ਕਿਤੇ ਦੱਬਦੀਆਂ ਹੋਈਆਂ ਦਿੱਸ ਰਹੀਆਂ ਹਨ। ਬੈਂਕਾਂ ਦੇ ਇਸ ਤਸ਼ੱਦਦ ਦੀ ਗੰਭੀਰਤਾ ਦਾ ਪਤਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਦਹਿਸ਼ਤ ’ਚ ਆ ਕੇ ਲੋਕ ਖੁਦਕੁਸ਼ੀ ਤਕ ਕਰਨ ਲਈ ਮਜਬੂਰ ਹਨ ਪਰ ਖੁਦਕੁਸ਼ੀ ਦੀਆਂ ਇਹ ਖਬਰਾਂ ਕਿਤੇ ਅਣਸੁਣੀ ਕਹਾਣੀ ਬਣ ਕੇ ਗੁੰਮ ਹੁੰਦੀਆਂ ਜਾਪਦੀਆਂ ਹਨ।
ਹੁਣੇ ਸਭ ਤੋਂ ਤਾਜ਼ਾ ਮਾਮਲਾ ਬਿਹਾਰ ਦੇ ਭਾਗਲਪੁਰ ਦੇ ਇਕ ਪ੍ਰਸਿੱਧ ਅਧਿਆਪਕ ਦਾ ਹੈ, ਜਿਸ ਨੇ ਬੈਂਕ ਅਧਿਕਾਰੀਆਂ ਵਲੋਂ ਪ੍ਰੇਸ਼ਾਨ ਕਰਨ ਦੇ ਕਾਰਨ ਖੁਦਕੁਸ਼ੀ ਕਰ ਲਈ। ਚੰਦਰ ਭੂਸ਼ਣ ਨਾਂ ਦਾ ਇਹ ਅਧਿਆਪਕ ਲਾਕਡਾਊਨ ’ਚ ਕੋਚਿੰਗ ਦੇ ਬੰਦ ਹੋ ਜਾਣ ਕਾਰਨ ਕਰਜ਼ੇ ਦੀ ਕਿਸ਼ਤ ਭਰਨ ’ਚ ਅਸਮਰਥ ਸੀ। ਅਜਿਹੇ ’ਚ ਬੈਂਕ ਅਧਿਕਾਰੀ ਉਨ੍ਹਾਂ ਨੂੰ ਬੇਇੱਜ਼ਤ ਕਰਦੇ ਸਨ। ਅਧਿਆਪਕ ਬੈਂਕ ਅਧਿਕਾਰੀਆਂ ਦੀ ਇਸ ਹਰਕਤ ਤੋਂ ਪ੍ਰੇਸ਼ਾਨ ਹੋ ਗਿਆ। ਲਿਹਾਜ਼ਾ ਮੌਤ ਨੂੰ ਗਲੇ ਲਗਾਉਣਾ ਉਸ ਨੂੰ ਜ਼ਿਆਦਾ ਸਹਿਜ ਲੱਗਾ। ਕਹਿਣ ਦੀ ਲੋੜ ਨਹੀਂ ਕਿ ਕੋਰੋਨਾ ਕਾਲ ’ਚ ਸਰਕਾਰ ਨੇ ਸਿੱਖਿਆ ਸੰਸਥਾਵਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਸੀ। ਹੁਣ ਜਨਵਰੀ ’ਚ ਵੱਖ-ਵੱਖ ਸੂਬਿਆਂ ਤੋਂ ਇਨ੍ਹਾਂ ਸੰਸਥਾਵਾਂ ਨੂੰ ਮੁੜ ਸੰਚਾਲਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਬਿਹਾਰ ’ਚ ਵੀ ਇਸੇ ਮਹੀਨੇ ਦੇ ਪਹਿਲੇ ਹਫਤੇ ਤੋਂ ਸਕੂਲ-ਕੋਚਿੰਗ ਨੂੰ ਖੋਲ੍ਹਿਆ ਗਿਆ ਹੈ ਪਰ ਅਧਿਆਪਕ ਦੀ ਵਾਜਿਬ ਪ੍ਰੇਸ਼ਾਨੀ ਨੂੰ ਬੈਂਕ ਅਧਿਕਾਰੀਆਂ ਨੇ ਨਜ਼ਰਅੰਦਾਜ਼ ਕਰ ਦਿੱਤਾ।
ਖੁਦਕੁਸ਼ੀ ਦੀ ਇਕ ਹੋਰ ਘਟਨਾ ਮੱਧ ਪ੍ਰਦੇਸ਼ ਦੇ ਇੰਦੌਰ ਨਿਵਾਸੀ ਬਜੇ ਸਿੰਘ ਦੀ ਹੈ। ਆਰਥਿਕ ਸਥਿਤੀ ਖਰਾਬ ਹੋਣ ਨਾਲ ਉਹ 2018 ਤੋਂ ਕਿਸ਼ਤ ਨਹੀਂ ਚੁਕਾ ਪਾ ਰਿਹਾ ਸੀ। ਬੈਂਕ ਮੈਨੇਜਰ ਪਿਛਲੇ ਇਕ ਸਾਲ ਤੋਂ ਕਰਜ਼ ਚੁਕਾਉਣ ਦੇ ਲਈ ਦਬਾਅ ਬਣਾ ਰਿਹਾ ਸੀ। ਇੰਨਾ ਹੀ ਨਹੀਂ, ਕਰਜ਼ ਨਹੀਂ ਚੁਕਾਉਣ ’ਤੇ ਮੈਨੇਜਰ ਪਿੰਡ ’ਚ ਜਲੂਸ ਕੱਢਣ ਦੀ ਵੀ ਧਮਕੀ ਦੇ ਰਿਹਾ ਸੀ। ਲਿਹਾਜ਼ਾ, ਪ੍ਰੇਸ਼ਾਨ ਹੋ ਕੇ ਬਜੇ ਸਿੰਘ ਨੇ ਜ਼ਹਿਰ ਖਾ ਲਈ।
ਅਜਿਹਾ ਹੀ ਕੇਰਲ ਦੇ ਤਿਰੂਵਨੰਤਪੁਰਮ ’ਚ ਇਕ 44 ਸਾਲਾ ਲੇਖਾ ਨਾਂ ਦੀ ਔਰਤ ਨੇ ਸੂਸਾਈਡ ਕਰ ਲਈ, 5 ਲੱਖ ਹਾਊਸਿੰਗ ਲੋਨ ਲੈਣ ਵਾਲੀ ਲੇਖਾ ’ਤੇ ਬੈਂਕ ਅਧਿਕਾਰੀ ਲਗਾਤਾਰ ਦਬਾਅ ਬਣਾ ਰਹੇ ਸੀ। ਲੋਨ ਨੂੰ ਮੋੜਣ ਲਈ ਲੇਖਾ ਨੇ ਆਪਣੀ ਕਿਸੇ ਪ੍ਰਾਪਰਟੀ ਨੂੰ ਵੇਚਣ ਦੀ ਤਿਆਰੀ ਕਰ ਲਈ ਸੀ ਪਰ ਇਸ ਨੂੰ ਲੈ ਕੇ ਪਰਿਵਾਰ ’ਚ ਹੀ ਵਿਵਾਦ ਪੈਦਾ ਹੋ ਗਿਆ। ਇਸ ਲਈ ਲੇਖਾ ਨੇ ਆਪਣੀ ਇਕ ਬੇਟੀ ਦੇ ਨਾਲ ਖੁਦਕੁਸ਼ੀ ਕਰ ਲਈ। ਇਹ ਕੁਝ ਘਟਨਾਵਾਂ ਤਾਂ ਸਿਰਫ ਉਦਾਹਰਣ ਵਜੋਂ ਹਨ। ਪਿਛਲੇ ਦੋ ਸਾਲਾਂ ’ਚ ਕਰਜ਼ੇ ਤੋਂ ਪ੍ਰੇਸ਼ਾਨ ਦਰਮਿਆਨੇ ਵਰਗ ਦੇ ਲੋਕਾਂ ’ਚ ਖੁਦਕੁਸ਼ੀ ਦੀਆਂ ਘਟਨਾਵਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਦਰਅਸਲ, ਕਰਜ਼ਦਾਰਾਂ ਨੂੰ ਬੈਂਕਰਜ਼ ਵਲੋਂ ਨਿਰ-ਉਤਸ਼ਾਹਤ ਅਤੇ ਪ੍ਰੇਸ਼ਾਨ ਕਰਨਾ ਇਕ ਆਮ ਗੱਲ ਹੋ ਗਈ ਹੈ। ਕਿਸ਼ਤ ਦੇ ਭੁਗਤਾਣ ਲਈ ਗਾਹਕਾਂ ਨੂੰ ਯਾਦ ਦਿਵਾਉਣਾ ਇਕ ਵੱਖਰੀ ਗੱਲ ਹੈ ਪਰ ਕਿਸ਼ਤ ਭੁਗਤਾਨ ’ਚ ਦੇਰੀ ਹੋਣ ’ਤੇ ਸ਼ਰੇਆਮ ਬੇਇੱਜ਼ਤ ਕਰਨਾ ਕਿਥੋਂ ਤਕ ਸਹੀ ਹੈ? ਇੰਨਾ ਹੀ ਨਹੀਂ, ਰਿਕਵਰੀ ਏਜੰਟ ਹੁਣ ਦੂਸਰੇ ਢੰਗ ਵੀ ਅਪਣਾਉਣ ਲੱਗੇ ਹਨ। ਪੈਸੇ ਵਾਪਸ ਲੈਣ ਲਈ ਗਾਹਕਾਂ ਦੇ ਰਿਸ਼ਤੇਦਾਰਾਂ ਨੂੰ ਕਾਲ ਕਰਨ ਲੱਗੇ ਹਨ।
ਇਸ ਦਾ ਮਕਸਦ ਗਾਹਕਾਂ ਨੂੰ ਸ਼ਰਮਿੰਦਾ ਕਰਨਾ ਹੈ। ਗੱਲ ਇਥੋਂ ਤਕ ਹੀ ਹੁੰਦੀ ਤਾਂ ਠੀਕ ਸੀ ਪਰ ਰਿਕਵਰੀ ਏਜੰਟਾਂ ਨੇ ਹੱਦਾਂ ਪਾਰ ਕਰਦੇ ਹੋਏ ਗਾਹਕਾਂ ਨੂੰ ਕਿਸ਼ਤ ਭੁਗਤਾਨ ਨਾ ਕਰਨ ਲਈ ਇਸ ਸਥਿਤੀ ’ਚ ਧਮਕੀ ਵੀ ਦੇਣੀ ਸ਼ੁਰੂ ਕਰ ਦਿੱਤੀ ਹੈ। ਜ਼ਾਹਿਰ ਹੈ ਕਿ ਅਜਿਹੀ ਹਾਲਤ ’ਚ ਸਮਾਜ ’ਚ ਸਨਮਾਨ ਨਾਲ ਜ਼ਿੰਦਗੀ ਜਿਊਣ ਵਾਲੇ ਪਰਿਵਾਰਾਂ ਦੇ ਕੋਲ ਖੁਦਕੁਸ਼ੀ ਕਰਨ ਦੇ ਇਲਾਵਾ ਕੋਈ ਹੋਰ ਰਸਤਾ ਨਹੀਂ ਬਚਦਾ ਹੈ।
ਕਰਜ਼ਦਾਰਾਂ ਦੇ ਪ੍ਰਤੀ ਫਾਇਨਾਂਸ ਕੰਪਨੀਆਂ ਦਾ ਵਤੀਰਾ ਕਿੰਨਾ ਇਤਰਾਜ਼ਯੋਗ ਹੈ, ਇਸ ਦੀ ਇਕ ਵੰਨਗੀ ਆਰ.ਬੀ.ਆਈ. ਦੀ ਇਕ ਤਾਜ਼ਾ ਕਾਰਵਾਈ ’ਚ ਦੇਖੀ ਜਾ ਸਕਦੀ ਹੈ। ਜਨਵਰੀ ਮਹੀਨੇ ’ਚ ਹੀ ਭਾਰਤੀ ਰਿਜ਼ਰਵ ਬੈਂਕ ਨੇ ਬਜਾਜ ਫਾਇਨਾਂਸ ਨੂੰ ਇਹ ਯਕੀਨੀ ਬਣਾਉਣ ’ਚ ਅਸਫਲ ਪਾਇਆ ਕਿ ਉਸ ਦੇ ਰਿਕਵਰੀ ਏਜੰਟ ਵਸੂਲੀ ਦੇ ਦੌਰਾਨ ਗਾਹਕਾਂ ਨੂੰ ਪ੍ਰੇਸ਼ਾਨ ਨਹੀਂ ਕਰਨਗੇ ਜਾਂ ਡਰਾਉਣ ਦੀ ਰਣਨੀਤੀ ਦੀ ਵਰਤੋਂ ਨਹੀਂ ਕਰਨਗੇ। ਇਸ ਲਈ, ਬਜਾਜ ਫਾਇਨਾਂਸ ਨੂੰ ਢਾਈ ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ। ਆਰ.ਬੀ.ਆਈ. ਨੇ ਇਹ ਨੋਟਿਸ ਉਦੋਂ ਲਿਆ, ਜਦੋਂ ਬਜਾਜ ਫਾਇਨਾਂਸ ਦੇ ਏਜੰਟਾਂ ਵਲੋਂ ਰਿਕਵਰੀ ਦੌਰਾਨ ਗਾਹਕਾਂ ਨੂੰ ਪ੍ਰੇਸ਼ਾਨ ਕਰਨ ਵਾਲੀਆਂ ਕਈ ਸ਼ਿਕਾਇਤਾਂ ਉਸ ਦੇ ਕੋਲ ਗਈਆਂ।
ਇਹ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਲੋਨ ਰਿਕਵਰੀ ਨੂੰ ਲੈ ਕੇ ਸਰਕਾਰ ਨੇ ਨਿਯਮ ਬਣਾਏ ਹੋਏ ਹਨ। ਐੱਨ.ਬੀ.ਐੱਫ.ਸੀ. ਅਤੇ ਫੇਅਰ ਪ੍ਰੈਕਟਿਸ ਕੋਡ ਦੁਆਰਾ ਵਿੱਤੀ ਸੇਵਾਵਾਂ ਦੀ ਆਊਟਸੋਰਸਿੰਗ ’ਚ ਪ੍ਰਬੰਧ ਜੋਖਿਮ ਅਤੇ ਜ਼ਾਬਤਾ ’ਤੇ ਆਰ.ਬੀ.ਆਈ. ਵਲੋਂ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਤੈਅ ਕੀਤੇ ਗਏ ਹਨ ਪਰ ਫਾਇਨਾਂਸ ਕੰਪਨੀਆਂ ਸਾਰੇ ਨਿਯਮਾਂ ਨੂੰ ਅੱਖੋਂ-ਪਰੋਖੇ ਕਰ ਕੇ ਆਪਣੀ ਮਨਮਾਨੀ ਕਰਨ ’ਤੇ ਉਤਾਰੂ ਹਨ। ਸਮਝਣ ਦੀ ਲੋੜ ਹੈ ਕਿ ਕਿਸੇ ਵੀ ਬੈਂਕ, ਲੋਨ ਦਾ ਮਕਸਦ ਵਿੱਤੀ ਸਮਾਵੇਸ਼ਾਂ ਨੂੰ ਵਧਾਉਣਾ ਹੁੰਦਾ ਹੈ। ਇਸ ਦੀ ਵਿਵਸਥਾ ਨਾਗਰਿਕਾਂ ਦੀ ਸਹੂਲਤ ਲਈ ਕੀਤੀ ਗਈ ਹੈ ਪਰ ਲੋਨ ਦੀ ਵਿਵਸਥਾ ਲੋਕਾਂ ਦੇ ਲਈ ਜਾਨਲੇਵਾ ਸਾਬਿਤ ਹੋ ਰਹੀ ਹੈ। ਇਸ ਲਈ, ਸਰਕਾਰ ਅਤੇ ਪ੍ਰਸ਼ਾਸਨ ਨੂੰ ਲੋਨ ਰਿਕਵਰੀ ’ਚ ਮਨਮਰਜ਼ੀ ਕਰਨ ਵਾਲਿਆਂ ਦੇ ਵਿਰੁੱਧ ਨਕੇਲ ਕੱਸਣ ਲਈ ਨਵੇਂ ਸਿਰੇ ਤੋਂ ਤਿਆਰੀ ਕਰਨ ਦੀ ਲੋੜ ਹੈ।