ਡੇਰਾ ਬਿਆਸ ਜਾ ਰਹੀ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ
Saturday, Jun 28, 2025 - 07:02 PM (IST)

ਕਪੂਰਥਲਾ (ਵੈੱਬ ਡੈਸਕ, ਜਗਜੀਤ)- ਕਪੂਰਥਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਡੇਰਾ ਬਿਆਸ ਜਾ ਰਹੀ ਸੰਗਤ ਹਾਦਸੇ ਦਾ ਸ਼ਿਕਾਰ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਢਿੱਲਵਾਂ ਨੇੜੇ ਅੰਮ੍ਰਿਤਸਰ-ਜਲੰਧਰ ਹਾਈਵੇਅ 'ਤੇ ਛੋਟਾ ਹਾਥੀ ਅਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋਣ ਮਗਰੋਂ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ 15 ਦੇ ਕਰੀਬ ਸ਼ਰਧਾਲੂ ਜ਼ਖ਼ਮੀ ਹੋਏ ਹਨ। ਜ਼ਖ਼ਮੀਆ ਨੂੰ ਮੌਕੇ ਉਤੇ ਡੇਰਾ ਬਿਆਸ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਪਾ ਕੇ ਮੌਕੇ ਉਤੇ ਪਹੁੰਚੀ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਸਵੇਰੇ ਕਰੀਬ ਸਵਾ 5 ਵਜੇ ਹੋਏ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਦਵਿੰਦਰਬੀਰ ਸਿੰਘ, ਏ. ਐੱਸ. ਆਈ. ਦਰਸ਼ਨ ਲਾਲ (ਹਾਈ ਟੈਕ ਨਾਕਾ), ਸੜਕ ਸੁਰੱਖਿਆ ਫੋਰਸ ਢਿੱਲਵਾਂ ਦੀ ਟੀਮ ਏ. ਐੱਸ. ਆਈ. ਕੁਲਦੀਪ ਸਿੰਘ ਸਮੇਤ ਪੁਲਸ ਪਾਰਟੀ ਤੁਰੰਤ ਹਾਦਸੇ ਵਾਲੀ ਥਾਂ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਨੇੜਲੇ ਬਿਆਸ ਹਸਪਤਾਲ ਵਿੱਚ ਪਹੁੰਚਾਇਆ।
ਇਹ ਵੀ ਪੜ੍ਹੋ: ਡੇਰਾ ਬਿਆਸ 'ਚ ਹੋਣ ਵਾਲੇ ਭੰਡਾਰੇ ਨੂੰ ਲੈ ਕੇ ਵੱਡੀ ਖ਼ਬਰ, ਸੰਗਤ ਲਈ ਅਹਿਮ ਜਾਣਕਾਰੀ ਆਈ ਸਾਹਮਣੇ
ਉਨ੍ਹਾਂ ਦੱਸਿਆ ਕਿ ਸਵੇਰੇ ਸਵਾ 5 ਵਜੇ ਇਕ ਆਰਟਿਗਾ ਕਾਰ ਨੰਬਰ ਐੱਚ. ਆਰ. 67 ਈ 8027 ਜਲੰਧਰ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ। ਗੁਡਾਣਾ ਪੁਲ ਨੇੜੇ ਮਹਿੰਦਰਾ ਪਿਕਅਪ ਪੀ. ਬੀ. 07 ਸੀ. ਜੇ. 1390 ਨਾਲ ਟਕਰਾ ਗਈ। ਨਤੀਜੇ ਵਿੱਚੋਂ ਮਹਿੰਦਰਾ ਪਿਕਅਪ ਵਿੱਚ ਬੈਠੀਆਂ ਦੋ ਸਵਾਰੀਆਂ ਦੀ ਮੌਤ ਹੋ ਗਈ ਅਤੇ ਲਗਭਗ 15 ਸਵਾਰੀਆਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ, ਵਿੱਚੋਂ 1 ਦੀ ਹਸਪਤਾਲ ਜਾ ਕੇ ਮੌਤ ਹੋ ਗਈ।
ਕਾਰ ਨੂੰ ਭੀਮ ਪੁੱਤਰ ਧਰਮਪਾਲ ਵਾਸੀ ਕਰਨਾਲ, ਹਰਿਆਣਾ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਮਹਿੰਦਰਾ ਪਿਕਅਪ ਗੱਡੀ ਦਾ ਚਾਲਕ ਕਲਿਆਣ ਸਿੰਘ (60) ਪੁੱਤਰ ਗੇਂਦਾ ਰਾਮ ਵਾਸੀ ਰਾਮਪੁਰ, ਤਹਿਸੀਲ ਗੜ ਸ਼ੰਕਰ ਹੁਸ਼ਿਆਰਪੁਰ ਅਤੇ ਉਸ ਦੀ ਪਤਨੀ ਪਰਵੀਨ ਕੁਮਾਰੀ (55), ਸੰਜਨਾ ਦੇਵੀ (19) ਪੁੱਤਰੀ ਪਵਨਜੀਤ ਵਾਸੀ ਬਿਰੜੋਂ ਤਹਿਸੀਲ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਮਹਿੰਦਰਾ ਪਿਕਅਪ ਗੱਡੀ ਅਤੇ ਆਰਟਿਗਾ ਕਾਰ ਵੀ ਬਿਆਸ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਆਰਟਿਗਾ ਕਾਰ ਵਿੱਚ ਚਾਲਕ ਸਮੇਤ ਸੱਤ ਸਵਾਰੀਆਂ ਸਨ, ਜੋ ਠੀਕ-ਠਾਕ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e